ਚੰਡੀਗੜ੍ਹ 2 ਸਤੰਬਰ (ਖ਼ਬਰ ਖਾਸ ਬਿਊਰੋ)
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵਿਧਾਨ ਸਭਾ ਵਿਚ ਸਿਫ਼ਰ ਕਾਲ ਦੌਰਾਨ ਕਿਹਾ ਕਿ ਲੋਕਾਂ ਦਾ ਰਾਜਸੀ ਆਗੂਆਂ ਤੋਂ ਭਰੋਸਾ ਉਠ ਗਿਆ ਹੈ। ਲੋਕ ਮਹਿਸੂਸ ਕਰਦੇ ਹਨ ਕਿ ਸਾਰੇ ਰਾਜਸੀ ਆਗੂ ਇਕੋ ਜਿਹੇ ਹਨ। ਇਹ ਇਕੋ ਥੈਲੀ ਦੇ ਚੱਟੇ ਵੱਟੇ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਮਾੜਾ ਮੋਟਾ ਕੰਮ ਹੁੰਦਾ ਹੈ, ਜੇਕਰ ਉਹਨਾਂ ਨੂੰ ਕੋਈ ਕੰਮ ਨਾ ਹੋਵੇ ਤਾੰ ਉਹ ਸਾਨੂੰ ਚਾਹ ਵੀ ਨਾ ਪੁੱਛਣ।
ਦਰਅਸਲ ਪਰਗਟ ਸਿੰਘ ਵਿਧਾਨ ਸਭਾ ਵਿੱਚ ਰਿਸ਼ਵਤ ਅਤੇ ਮਾਈਨਿੰਗ ਦੇ ਮੁੱਦੇ ਤੇ ਬੋਲ ਰਹੇ ਸਨ। ਉਹਨਾਂ ਪਹਿਲਾਂ ਡੇਰਾ ਮੁਖੀ ਖਿਲਾਫ਼ ਕੇਸ ਚਲਾਉਣ ਦੀ ਮੰਜ਼ੂਰੀ ਨਾ ਦੇਣ ਦੇ ਮੁੱਦੇ ਉਤੇ ਸਰਕਾਰ ਨੂੰ ਘੇਰਿਆ। ਫਿਰ ਉਨਾਂ ਕਿਹਾ ਕਿ ਜਲੰਧਰ ਨੇੜੇ ਕੋਈ ਦਰਿਆ ਨਹੀਂ ਲੰਘਦਾ। ਫਿਰ ਵੀ ਇਥੋ ਵੱਡੇ ਪੱਧਰ ਉਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਹੁਣ ਤਾਂ ਤੁਸੀ ਵੀ ਜਲੰਧਰ ਰਹਿਣ ਲੱਗ ਪਏ ਕਿਤੇ ਜਾ ਕੇ ਦੇਖਣਾ ਕਿ ਕਿਵੇਂ 70-70 ਫੁੱਟ ਡੂੰਘੇ ਟੋਏ ਪਾ ਦਿੱਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਵਿਚ ਕਿਹਾ ਕਿ ਪਹਿਲੀ ਵਾਰ ਵਾਤਾਵਰਣ, ਦਰਖਤਾਂ ਅਤੇ ਪਾਣੀਆਂ ਦੀ ਗੱਲ ਹੋਣ ਲੱਗੀ ਹੈ। ਉਹਨਾਂ ਭਰੋਸਾ ਦਿੱਤਾ ਕਿ ਉਹ ਤੁਹਾਨੂੰ (ਪਰਗਟ) ਨਾਲ ਲਿਜਾਕੇ ਨਾਜਾਇਜ਼ ਮਾਈਨਿੰਗ ਹੋਣ ਵਾਲੀ ਜਗਾ ਦਾ ਦੌਰਾ ਕਰਨਗੇ।
ਵਰਨਣਯੋਗ ਹੈ ਕਿ ਸਿਆਸਤ ਬਹੁਤ ਗੰਧਲੀ ਹੋ ਚੁੱਕੀ ਹੈ। ਸਿਆਸਤਦਾਨ ਕਹਿੰਦੇ ਕੁੱਝ ਹੋਰ ਹਨ ਅਤੇ ਕਰਦੇ ਕੁੱਝ ਹੋਰ ਹਨ। ਜਿਸ ਕਰਕੇ ਪਰਗਟ ਸਿੰਘ ਨੂੰ ਅਜਿਹੇ ਸ਼ਬਦ ਅਜ ਸਦਨ ਵਿਚ ਕਹਿਣੇ ਪਏ।