ਚੰਡੀਗੜ੍ਹ 2 ਸਤੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਵਿਧਾਨ ਸਭਾ ਦਾ ਸੌਮਵਾਰ ਨੂੰ ਮੌਨਸੂਨ ਸੈਸ਼ਨ ਸ਼ੁਰੂ ਹੋਇਆ। ਸਿਫ਼ਰ ਕਾਲ ਦੌਰਾਨ ਸਦਨ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਉਠਿਆ। ਹੁਕਮਰਾਨ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਦਾ ਭੇਤ ਖੋਲ੍ਹਦੇ ਹੋਏ ਕਿਹਾ ਕਿ ਸੂਬੇ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਾਬਕਾ ਪੁਲਿਸ ਅਧਿਕਾਰੀ ਤੇ ਅੰਮ੍ਰਿਤਸਰ ਤੋਂ ਵਿਧਾਇਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਜੇਕਰ ਰਾਮ ਰਾਜ ਲਿਆਉਣਾ ਹੈ ਤਾਂ ਮਾਫ਼ੀਆ ਰਾਜ ਖ਼ਤਮ ਕਰਨਾ ਪਵੇਗਾ। ਉਨਾਂ ਕਿਹਾ ਕਿ ਮਾਫ਼ੀਆ ਹੀ ਸਰਕਾਰ ਚਲਾਉਦਾ ਹੈ। ਕੁੰਵਰ ਵਿਜੈ ਪ੍ਰਤਾਪ ਦੇ ਇਸ ਬਿਆਨ ਨਾਲ ਸਪਸ਼ਟ ਹੋ ਗਿਆ ਹੈ ਕਿ ਸਰਕਾਰ ਵਿਚ ਸਭ ਅੱਛਾ ਨਹੀਂ ਹੈ।
ਦੂਜੇ ਪਾਸੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਕੋਟਕਪੂਰਾ ਦੇ ASI ਬੋਹੜ ਸਿੰਘ ਵਲੋਂ ਇਕ ਗੈਂਗਸਟਰ ਤੋਂ ਰਿਸ਼ਵਤ ਲੈਣ ਦਾ ਮਾਮਲਾ ਸਦਨ ਦੇ ਧਿਆਨ ਵਿਚ ਲਿਆਂਦਾ। ਸੰਧਵਾਂ ਨੇ ਕਿਹਾ ਕਿ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਹਨਾਂ ਨੂੰ ਪੀੜ ਹੁੰਦੀ ਹੈ। ਇਸ ਮਾਮਲੇ ਵਿਚ ਕੀ ਹੋਣਾ ਚਾਹੀਦਾ ਹੈ। ਸਦਨ ਇਸ ਬਾਰੇ ਆਪਣੀ ਰਾਏ ਮਸ਼ਵਰਾ ਦੇਵੇ। ਸਪੀਕਰ ਨੇ ਕਿਹਾ ਕਿ ਹਾਲਾਂਕਿ ਮਾਮਲਾ ਦਰਜ਼ ਹੋ ਚੁੱਕਾ ਹੈ। ਕੀ ਇਸ ਮਾਮਲੇ ਵਿੱਚ 311 ਦੀ ਕਾਰਵਾਈ ਹੋ ਸਕਦੀ ਹੈ। ਜੇਕਰ ਸਦਨ ਸਹਿਮਤੀ ਹੋਵੇ ਤਾਂ DGP ਨੂੰ ਪੂਰੀ ਰਿਪੋਰਟ ਲਿਆਉਣ ਲਈ ਕੱਲ ਨੂੰ ਤਲਬ ਕਰ ਲਿਆ ਜਾਵੇ। ਸਪੀਕਰ ਦੇ ਇਸ ਖੁਲਾਸੇ ਨੇ ਨਾ ਸਿਰਫ਼ ਸਰਕਾਰ ਦੀ ਕਾਰਗੁਜ਼ਾਰੀ ਦੀ ਪੋਲ ਖੋਲ ਦਿੱਤੀ ਬਲਕਿ ਇਹ ਵੀ ਉਜਾਗਰ ਹੋ ਗਿਆ ਹੈ ਕਿ ਸੂਬੇ ਵਿਚ ਰਿਸ਼ਵਤ ਦਾ ਬੋਲਬਾਲਾ ਜਾਰੀ ਹੈ।
ਇਸ ਮੌਕੇ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਸਰਕਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਕਿਸੇ ਇਕ ਮਾਮਲੇ ਨੂੰ ਸਦਨ ਵਿਚ ਉਠਾਉਣਾ ਠੀਕ ਨਹੀਂ ਹੋਵੇਗਾ। ਇਸ ਤਰਾਂ ਇਕ ਇਕ ਕਰਕੇ ਸਿਆਸਤ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ ਸਪੀਕਰ ਆਪਣੇ ਆਪ ਵਿਚ ਕਿਸੇ ਵੀ ਅਧਿਕਾਰੀ ਨੂੰ ਬਲਾਉਣ ਲਈ ਸਮਰਥ ਹਨ। ਇਸ ਤਰਾਂ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਸਾਰੇ ਵਿਧਾਇਕਾਂ ਨੇ ਡੀਜੀਪੀ ਤੋਂ ਰਿਪੋਰਟ ਤਲਬ ਕਰਨ ਦੀ ਇਜਾਜ਼ਤ ਦੇ ਦਿੱਤੀ।
ਅੰਮ੍ਰਿਤਸਰ ਤੋਂ ਵਿਧਾਇਕ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਰਕਾਰਾਂ ਹਮੇਸ਼ਾ ਮਾਫੀਆ ਦੁਆਰਾ ਚਲਾਈਆਂ ਜਾਂਦੀਆਂ ਹਨ। ਮਾਫੀਆ ਹਰ ਚੀਜ਼ ਨੂੰ ਕੰਟਰੋਲ ਕਰਦਾ ਹੈ। ਇਸ ਮਾਫੀਆ ਨੂੰ ਤੋੜਨ ਦੀ ਲੋੜ ਹੈ, ਤਦ ਹੀ ਰਾਮ ਰਾਜ ਆਵੇਗਾ। ਸਾਬਕਾ ਪੁਲਿਸ ਅਧਿਕਾਰੀ ਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਥਾਣਿਆਂ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ ਪਰ ਉਨਾਂ ਦੇ ਸੁਝਾਅ ਨੂੰ ਇਹ ਕਹਿ ਕੇ ਦਬਾ ਦਿੱਤਾ ਗਿਆ ਕਿ ਇਸ ਨਾਲ ਪੁਲਿਸ ਦਾ ਮਨੋਬਲ ਡਿੱਗੇਗਾ। ਪਰਗਟ ਨੇ ਕਿਹਾ, ਤਿੰਨ ਕਰੋੜ ਲੋਕਾਂ ਦੀ ਕਿਸੇ ਨੂੰ ਚਿੰਤਾ ਨਹੀਂ, ਸਿਰਫ਼ ਕੁਝ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਚਿੰਤਾ ਹੈ। ਉਨਾਂ ਕਿਹਾ ਕਿ ਪੁਲਿਸ ਅਧਿਕਾਰੀ ਨਸ਼ਾ ਵੇਚਣ ਵਾਲਿਆਂ ਨਾਲ ਗਠਜੋੜ ਦਾ ਕੰਮ ਕਰਦੇ ਹਨ। ਪਰਗਟ ਸਿੰਘ ਨੇ ਕਿਹਾ ਕਿ ਪੁਲਿਸ ਵਿਚ ਕਾਲੀਆਂ ਭੇਡਾਂ ਦੀ ਪਹਿਚਾਣ ਕਰਨ ਦੀ ਜਰੂਰਤ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੇ ਅਧਿਕਾਰੀ ਨੂੰ ਅੱਧੇ ਘੰਟੇ ‘ਚ ਬਰਖਾਸਤ ਕੀਤਾ ਜਾ ਸਕਦਾ ਹੈ, ਪਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਥਾਣੇ ‘ਚ ਇੰਟਰਵਿਊ ਕਰਵਾਉਣ ਵਾਲੇ SP ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਸਨੇ ਆਪਣੇ ਮੋਬਾਇਲ ਰਾਹੀਂ ਇੰਟਰਵਿਊ ਕਰਵਾਈ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਸਰਕਾਰ ਦਾ ਬਚਾਅ ਕਰਦਿਆ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਪੰਜਾਬ ਤੋਂ ਇਲਾਵਾ ਰਾਜਸਥਾਨ ਵੀ ਇਸ ਵਿੱਚ ਸ਼ਾਮਲ ਹੈ।