ਚੰਡੀਗੜ੍ਹ 2 ਸਤੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅੱਜ ਸੌਮਵਾਰ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋ ਰਿਹਾ ਹੈ। ਤਿੰਨ ਦਿਨਾਂ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸਰਧਾਂਜਲੀ ਭੇਂਟ ਕੀਤੀ ਜਾਵੇਗੀ।
ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਦਨ ਵਿਚ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਮੰਤਰੀ ਸੁਖਦੇਵ ਸਿੰਘ ਢਿਲੋਂ, ਸਾਬਕਾ ਰਾਜ ਮੰਤਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਲੋਕ ਸਭਾ ਮੈਂਬਰ ਕਮਲ ਚੌਧਰੀ, ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ, ਸਾਬਕਾ ਵਿਧਾਇਕ ਧਨਵੰਤ ਸਿੰਘ ਅਤੇ ਸੁਤੰਤਰਤਾ ਸੈਨਾਨੀ ਸਰਦੂਲ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ, ਜਗਦੀਸ਼ ਪਰਸ਼ਾਦ ਅਤੇ ਉਘੇ ਸਾਹਿਤਕਾਰ ਡਾ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਇਸੀ ਤਰਾਂ ਆਪ ਅਤੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵੀ ਅੱਜ ਹੋਣ ਦੀ ਸੰਭਾਵਨਾਂ ਹੈ। ਕਾਂਗਰਸ ਨੇ ਅਜੇ ਤੱਕ ਉਪ ਨੇਤਾ ਦੀ ਚੋਣ ਨਹੀਂ ਕੀਤੀ। ਸਾਬਕਾ ਉਪ ਨੇਤਾ ਡਾ ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋ ਗਏ ਸਨ ਤੇ ਲੋਕ ਸਭਾ ਮੈਂਬਰ ਬਣ ਗਏ ਹਨ। ਪਤਾ ਲੱਗਿਆ ਹੈ ਕਿ ਕਾਂਗਰਸ ਅੰਦਰ ਉਪ ਨੇਤਾ ਚੁਣਨ ਨੂੰ ਲੈ ਕੇ ਵਿਰੋਧ ਚੱਲ ਰਿਹਾ ਹੈ। ਉਪ ਨੇਤਾ ਦੀ ਲੜਾਈ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ ਤੇ ਦੀਨਾਨਗਰ ਤੋ ਵਿਧਾਇਕ ਅਰੁਣਾ ਚੌਧਰੀ ਵਿਚਕਾਰ ਚੱਲ ਰਹੀ ਹੈ।