ਫਰੀਦਾਬਾਦ, 28 ਅਗਸਤ (ਖ਼ਬਰ ਖਾਸ ਬਿਊਰੋ)
ਕਹਾਵਤ ਹੈ ਕਿ ਜਦੋਂ ਦਿਨ ਚੰਗੇ ਨਾ ਹੋਣ ਤਾਂ ਊਠ ਉਤੇ ਬੈਠੇ ਨੂੰ ਵੀ ਕੁੱਤਾ ਵੱਢ ਲੈਂਦਾ ਹੈ। ਭਾਜਪਾ ਨਾਲ ਸਾਂਝ ਟੁੱਟਣੀ ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਮਹਿੰਗੀ ਪੈ ਗਈ ਹੈ। ਪੁਲਿਸ ਨੇ ਦੁਸ਼ਯੰਤ ਚੋਟਾਲਾ ਦਾ ਬਿਨਾਂ ਹੈਲਮੇਟ ਮੋਟਰ ਸਾਈਕਲ ਚਲਾਉਣ ਕਾਰਨ ਚਲਾਨ ਕੀਤਾ ਹੈ। ਪੁਲਿਸ ਨੇ ਇਹ ਚਲਾਨ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਕੇ ਕੱਟਿਆ ਹੈ।
ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਕਰਕੇ ਸਿਆਸੀ ਪਾਰਟੀਆਂ ਨਾਲ ਜੁੜੇ ਆਗੂਆਂ ਅਤੇ ਟਿਕਟਾਂ ਦੇ ਦਾਅਵੇਦਾਰਾਂ ਨੇ ਜਨਤਕ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ ਵਿੱਚ ਕੋਈ ਨਾ ਕੋਈ ਪਾਰਟੀ ਅਤੇ ਨੇਤਾ ਆਪਣੇ ਪੱਧਰ ਉਤੇ ਸਿਆਸੀ ਤਾਕਤ ਦਿਖਾਉਂਦੇ ਹਨ। ਜਨਨਾਇਕ ਜਨਤਾ ਪਾਰਟੀ ਦੇ ਨੇਤਾ ਹਾਜੀ ਕਰਾਮਤ ਅਲੀ ਨੇ ਐਨਆਈਟੀ ਵਿਧਾਨ ਸਭਾ ਹਲਕੇ ਦੇ ਗੌਂਛੀ ਵਿੱਚ ਐਤਵਾਰ ਨੂੰ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸ਼ਿਰਕਤ ਕੀਤੀ।
ਚੌਟਾਲਾ ਨੇ ਵੀ ਬਿਨਾਂ ਹੈਲਮੇਟ ਦੇ ਬਾਈਕ ਚਲਾਈ
ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਬਿਨਾਂ ਹੈਲਮੇਟ ਮੋਟਰ ਸਾਇਕਲ ਚਲਾਇਆ। ਬਿਨਾਂ ਹੈਲਮਟ ਮੋਟਰ ਸਾਈਕਲ ਚਲਾਉਣ ਦੀਆਂ ਮੀਡੀਆ ਵਿਚ ਖ਼ਬਰਾਂ ਛਪੀਆ ਤਾਂ ਟ੍ਰੈਫਿਕ ਪੁਲਿਸ ਨੇ ਦੁਸ਼ਯੰਤ ਚੌਟਾਲਾ ਜਿਸ ਮੋਟਰ ਸਾਈਕਲ ਨੂੰ ਚਲਾ ਰਿਹਾ ਸੀ, ਉਸ ਦਾ 2000 ਰੁਪਏ ਦਾ ਚਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜਨਨਾਇਕ ਜਨਤਾ ਪਾਰਟੀ ਦੇ ਨੇਤਾ ਅਤੇ ਲੋਕ ਸਭਾ ਦੇ ਸਾਬਕਾ ਉਮੀਦਵਾਰ ਨਲਿਨ ਹੁੱਡਾ ਦੀ ਬਾਈਕ ‘ਤੇ 2000 ਰੁਪਏ ਦਾ ਚਲਾਨ ਵੀ ਕੀਤਾ ਗਿਆ ਹੈ।