ਚੰਡੀਗੜ੍ਹ, 26 ਅਗਸਤ, (ਖ਼ਬਰ ਖਾਸ ਬਿਊਰੋ)
ਸਾਬਕਾ IAS ਅਧਿਕਾਰੀ ਡਾ ਜਗਮੋਹਨ ਸਿੰਘ ਰਾਜੂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਕੇ ਕਿਹਾ ਕਿ “ਮੈਂ ਤੁਹਾਡੇ ਪੈਰ ਧੋ ਕੇ ਉਸ ਪਾਣੀ ਨੂੰ ਪੀਣਾ ਚਾਹੁੰਦਾ ਹਾਂ।” ਡਾ ਰਾਜੂ ਨੇ ਪ੍ਰਧਾਨ ਮੰਤਰੀ ਨੂੰ ਇਹ ਚਿੱਠੀ 24 ਅਗਸਤ ਨੂੰ ਲਿਖੀ ਹੈ ਅਤੇ ਉਹਨਾਂ ਇਹ ਚਿੱਠੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਫੇਸਬੁੱਕ ਉਤੇ ਵੀ ਸ਼ੇਅਰ ਕੀਤੀ ਹੈ।
ਡਾ ਜਗਮੋਹਨ ਸਿੰਘ ਰਾਜੂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ “ਜੋ ਤੁਸੀਂ ਅਨੁਸੂਚਿਤ ਜਾਤੀਆਂ ਤੇ ਉਪਕਾਰ ਕੀਤੇ ਹਨ, ਮੈਂ ਤੁਹਾਡੇ ਪੈਰ ਧੋ ਕੇ ਉਸ ਪਾਣੀ ਨੂੰ ਪੀਣਾ ਚਾਹੁੰਦਾ ਹਾਂ।”
ਡਾ ਰਾਜੂ ਨੇ ਲਿਖਿਆ ਹੈ ਕਿ ਬਾਬਾ ਸਾਹਿਬ ਅੰਬੇਦਕਰ ਤੋਂ ਬਾਅਦ ਤੁਸੀਂ ਅਨੁਸੂਚਿਤ ਜਾਤੀਆਂ ਲਈ ਸਭ ਤੋਂ ਵੱਧ ਕੀਤਾ ਹੈ । ਤੁਸੀਂ ਸੱਚਮੁੱਚ ਦਲਿਤਾਂ ਦੇ ਮਸੀਹਾ ਹੋ, ਇਤਿਹਾਸ ਤੁਹਾਨੂੰ ਗਰੀਬਾਂ ਅਤੇ ਦਲਿਤਾਂ ਦੇ ਮੁਕਤੀਦਾਤਾ ਵਜੋਂ ਯਾਦ ਕਰੇਗਾ।
ਉਹਨਾਂ ਲਿਖਿਆ ਹੈ ਕਿ ਮੋਦੀ ਜੀ, ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਸਭ ਤੋਂ ਵੱਡੀ ਆਬਾਦੀ ਹੈ। ਇਹ ਭਾਰਤ ਦਾ ਇਕਲੌਤਾ ਰਾਜ ਹੈ, ਜਿੱਥੇ ਅਨੁਸੂਚਿਤ ਜਾਤੀਆਂ ਰਾਜ ਦੀ ਕੁੱਲ ਆਬਾਦੀ ਦੇ ਇੱਕ ਤਿਹਾਈ ਤੋਂ ਵੱਧ ਹਨ। ਪੰਜਾਬ ਦੇ ਅਨੁਸੂਚਿਤ ਜਾਤੀਆਂ ਨੇ ਭਾਰਤੀ ਰੱਖਿਆ, ਹਰੀ ਕ੍ਰਾਂਤੀ, ਸੱਭਿਆਚਾਰ ਅਤੇ ਰਾਸ਼ਟਰੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗ ਪਾਇਆ ਹੈ ਪਰ, ਕਿਸੇ ਤਰ੍ਹਾਂ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਉਹਨਾਂ ਦੇ ਯੋਗਦਾਨ ਦੇ ਅਨੁਸਾਰ ਮਾਨਤਾਨਹੀਂ ਮਿਲੀ।
ਉਹਨਾਂ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਭਾਜਪਾ ਦੀ ਸਥਾਪਨਾ (1980)ਤੋਂ ਲੈ ਕੇ ਅੱਜ ਤੱਕ ਪੰਜਾਬ ਤੋਂ ਅਨੁਸੂਚਿਤ ਜਾਤੀ ਭਾਈਚਾਰੇ ਦੀ ਕਿਸੇ ਵੀ ਉੱਘੀ ਸ਼ਖਸ਼ੀਅਤ ਨੂੰ ਰਾਜ ਸਭਾ ਲਈ ਨਾਮਜਦ ਨਹੀਂ ਕੀਤਾ ਗਿਆ। ਉਹਨਾਂ ਸੰਤ ਨਿਰੰਜਨ ਦਾਸ, ਡੇਰਾ ਸੱਚਖੰਡ ਬੱਲਾਂ ਬੱਲਾਂ ਨੂੰ ਰਾਜ ਸਭਾ ਲਈ ਮੈਂਬਰ ਨਾਮਜਦ ਕਰਨ ਦਾ ਸੁਝਾਅ ਦਿੱਤਾ ਹੈ।
ਡਾ ਰਾਜੂ ਨੇ ਮਹਾਨ ਸਮਾਜ ਸੁਧਾਰਕ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਹੈ ।ਉਹਨਾਂ ਕਿਹਾ ਕਿ ਕਾਸ਼ੀ ਰਾਮ ਰੋਪੜ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖਵਾਸਪੁਰਾ ਵਿੱਚ ਪੈਦਾ ਹੋਏ ।ਕਾਂਸੀ ਰਾਮ ਨੇ ਡਾਕਟਰ ਅੰਬੇਦਕਰ ਦੇ ਮਿਸ਼ਨ ਨੂੰ ਅੱਗੇ ਵਧਾਇਆ ਅਤੇ ਦਲਿਤਾਂ ਦੇ ਉਥਾਨ ਲਈ ਅਣਥੱਕ ਕੰਮ ਕੀਤਾ ਹੈ। ਉਹਨਾਂ ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇਣ ਅਤੇ ਉਨਾਂ ਦੇ ਜਨਮ ਸਥਾਨ ਤੇ ਇੱਕ ਸ਼ਾਨਦਾਰ ਮੈਮੋਰੀਅਲ ਦੀ ਸਥਾਪਨਾ ਕਰਨ ਦੀ ਮੰਗ ਕੀਤੀ ਹੈ।
ਚੇਤੇ ਰਹੇ ਕਿ ਡਾ ਰਾਜੂ ਸਾਬਕਾ ਆਈ.ਏ.ਐੱਸ ਅਧਿਕਾਰੀ ਹਨ ਅਤੇ ਉਹਨਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਮੌਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਉਹ ਦਲਿਤ ਪਰਿਵਾਰ ਨਾਲ ਸਬੰਧਤ ਹਨ।