ਚੰਡੀਗੜ੍ਹ, 13 ਅਗਸਤ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਨਵੇਂ ਆਏ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਤਰਾਂ ਪੰਜਾਬ ਦੇ IAS ਅਧਿਕਾਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਭਾਵੇ ਰਾਜ ਭਵਨ ਦੇ ਅਧਿਕਾਰੀ ਪਲੇਠੀ ਮੀਟਿੰਗ ਨੂੰ ਸਿਰਫ਼ ਜਾਣ ਪਛਾਣ ਤਕ ਸੀਮਤ ਦੱਸ ਰਹੇ ਹਨ, ਪਰ ਸੂਬੇ ਦੇ ਸੈਕਟਰੀ ਰੈਂਕ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਜਿੱਥੇ ਕੇਂਦਰੀ ਤੇ ਪੰਜਾਬ ਦੇ ਵਿਕਾਸ ਪ੍ਰੋਜੈਕਟਾਂ ਬਾਰੇ ਸਮੀਖਿਆ ਕੀਤੀ, ਉਥੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਖੁਦ ਸਮਾਂ ਨਿਸ਼ਚਿਤ ਕਰਨ ਦੀ ਨਸੀਹਤ ਦਿੱਤੀ।
ਸੂਤਰ ਦੱਸਦੇ ਹਨ ਕਿ ਰਾਜਪਾਲ ਨੇ ਬਿਨਾਂ ਵਾਈਸ ਚਾਂਸਲਰ ਚੱਲ ਰਹੀਆਂ ਯੂਨੀਵਰਸਿਟੀਆਂ ਤੇ ਚਿੰਤਾਂ ਪ੍ਰਗਟ ਕਰਦਿਆਂ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਯੂਨੀਵਰਸਿਟੀਆਂ ਦੀ ਸੂਚੀ ਉਪਲਬਧ ਕਰਵਾਉਣ ਅਤੇ ਸੈਨਿਕ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਸਰਹੱਦੀ ਖੇਤਰਾਂ ਵਿੱਚ ਰਹਿ ਰਹੇ ਸਾਬਕਾ ਸੈਨਿਕਾਂ ਦੀ ਸੂਚੀ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ।
ਰਾਜਪਾਲ ਵਲੋਂ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਅਤੇ ਸਰਹੱਦੀ ਖੇਤਰ, ਯੂਨੀਵਰਸਿਟੀਆਂ ਦੇ ਕੰਮਕਾਜ ਤੇ ਸਾਬਕਾ ਫੌਜੀਆਂ ਬਾਰੇ ਦਿਖਾਈ ਦਿਲਚਸਪੀ ਤੋ ਸਪਸ਼ਟ ਹੋ ਗਿਆ ਹੈ ਕਿ ਸ੍ਰੀ ਕਟਾਰੀਆ ਵੀ ਸਾਬਕਾ ਰਾਜਪਾਲ ਦੀ ਤਰਾਂ ਆਗਾਮੀ ਦਿਨਾਂ ਵਿਚ ਸਰਕਾਰ ਦੇ ਕੰਮਾਂ ਦੀ ਸਮੀਖਿਆ ਕਰਿਆ ਕਰਨਗੇ। ਸਾਬਕਾ ਰਾਜਪਾਲ ਪੁਰੋਹਿਤ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਸਰਹੱਦੀ ਖੇਤਰਾਂ ਦਾ ਦੌਰਾ, ਨਸ਼ੇ ਅਤੇ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਮੁ੍ਖ ਮੰਤਰੀ ਨੂੰ ਨਿਸ਼ਾਨੇ ਉਤੇ ਲੈਂਦੇ ਰਹੇ ਹਨ।
ਇਸੀ ਤਰਾਂ ਅੱਜ ਗੁਲਾਬ ਚੰਦ ਕਟਾਰੀਆ ਨੇ ਯੂਨੀਵਰਸਿਟੀਆਂ ਵਿੱਚ ਵੀਸੀ ਨਿਯੁਕਤ ਨਾ ਕਰਨ ਦਾ ਕਾਰਨ ਪੁੱਛਿਆ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਵੀਸੀ ਦੀ ਅਸਾਮੀ ਲੰਮੇ ਸਮੇਂ ਤੋਂ ਖਾਲੀ ਪਈ ਹੈ ਅਤੇ ਉਨ੍ਹਾਂ ਵੱਲੋਂ ਵਾਧੂ ਅਧਿਕਾਰੀਆਂ ਨੂੰ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ।
ਰਾਜ ਭਵਨ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਰਾਜਪਾਲ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋਕ ਭਲਾਈ ਸਕੀਮਾਂ ਬਾਰੇ ਸਮੀਖਿਆ ਕੀਤੀ। ਰਾਜਪਾਲ ਨੇ ਇਸ ਮੌਕੇ ਆਈ.ਏ.ਐਸ ਅਧਿਕਾਰੀਆਂ ਨਾਲ ਆਮ ਜਾਣ ਪਹਿਚਾਣ ਉਪਰੰਤ ਕਿਹਾ ਕਿ ਉਹ ਸੂਬੇ ਦੇ ਵਿਕਾਸ ਲਈ ਕੇਂਦਰ ਅਤੇ ਸੂਬੇ ਵਿਚਕਾਰ ਇੱਕ ਪੁਲ ਦੇ ਤੌਰ ਕੰਮ ਕਰਨਗੇ।ਉਨ੍ਹਾਂ ਕਿਹਾ ਸਭ ਮਿਲ ਜੁਲ ਕੇ ਸੂਬੇ ਦੀਆਂ ਭਲਾਈ ਸਕੀਮਾਂ ਦਾ ਅਸਲ ਲਾਭਪਾਤਰੀਆਂ ਤੱਕ ਪਹੁੰਚਾਉਣ ਦਾ ਯਤਨ ਕਰਨ ਜਿਸ ਲਈ ਉਹ ਵੀ ਆਪਣਾ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਸਮੇਂ ਸਮੇਂ ‘ਤੇ ਵਿਕਾਸ ਕਾਰਜਾਂ ਅਤੇ ਭਾਲਈ ਸਕੀਮਾਂ ਦੀ ਸਮੀਖਿਆ ਲਈ ਮੀਟਿੰਗਾ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਉਹ ਖੁੱਦ ਸੂਬਾ ਸਰਕਾਰ ਨਾਲ ਮਿਲ ਕੇ ਜ਼ਮੀਨੀ ਪੱਧਰ ‘ਤੇ ਜਾ ਕੇ ਕੇਂਦਰੀ ਵਿਕਾਸ ਪ੍ਰੋਜੈਕਟਾਂ ਅਤੇ ਲੋਕ ਭਲਾਈ ਸਕੀਮਾਂ ਦੀ ਸਮੀਖਿਆ ਕਰਨਗੇ।
ਰਾਜਪਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿਚ ਦਿੱਕਤਾਂ ਨਾ ਆਉਣ ਦਿੱਤੀਆਂ ਜਾਣ ਅਤੇ ਕੰਮ ਕਾਜ ਵਾਲੇ ਦਿਨਾਂ ਵਿਚ ਆਈ.ਏ.ਐਸ ਅਧਿਕਾਰੀ ਖੁੱਦ ਅਤੇ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਅਧਿਕਾਰੀ ਆਮ ਲੋਕਾਂ ਨੂੰ ਮਿਲਣ ਲਈ ਸਮਾਂ ਨਿਸ਼ਚਿਤ ਕਰਨ।
ਇਸ ਮੌਕੇ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਭੇਜੇ ਗਏ ਵਿਕਾਸ ਪ੍ਰਸਤਾਵਾਂ ਬਾਰੇ ਨਿਰੰਤਰ ਸਬੰਧਤ ਕੇਂਦਰੀ ਅਧਿਕਾਰੀਆਂ ਨਾਲ ਰਾਬਤਾ ਰੱਖਿਆ ਜਾਵੇ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਜੇਕਰ ਕਿਸੇ ਕਾਰਨ ਕਿਸੇ ਵੀ ਪੱਧਰ ‘ਤੇ ਕਿਸੇ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਿਚ ਕੋਈ ਦਿੱਕਤ ਆਂਉਦੀ ਹੈ ਤਾਂ ਉਨਾਂ ਦੀ ਸਹਾਇਤਾ ਲੈ ਸਕਦੇ ਹਨ।