ਨਵੀਂ ਦਿੱਲੀ 9 ਅਗਸਤ (ਖ਼ਬਰ ਖਾਸ ਬਿਊਰੋ)
ਸੁਪਰੀਮ ਕੋਰਟ ਵਲੋਂ ਜਮਾਨਤ ਮਿਲਣ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸ਼ੁੱਕਰਵਾਰ ਨੂੰ 17 ਮਹੀਨਿਆਂ ਬਾਅਦ ਤਿਹਾੜ ਜੇਲ੍ਹ ਵਿਚੋਂ ਬਾਹਰ ਆਏ ਹਨ। ਸਿਸੋਦੀਆ ਸ਼ਾਮ 6.50 ਵਜੇ 17 ਮਹੀਨੇ ਬਾਅਦ ਤਿਹਾੜ ਜੇਲ ਵਿਚੋਂ ਬਾਹਰ ਆਏ। ਬਾਹਰ ਆਉਂਦੇ ਹੀ ਪਾਰਟੀ ਦੇ ਵਰਕਰਾਂ ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਹ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਨਿਰਦੋਸ਼ਾਂ ਨੂੰ ਸੰਵਿਧਾਨ ਬਚਾਏਗਾ ਅਤੇ ਤਾਨਸ਼ਾਹੀ ਸਰਕਾਰ ਤੋਂ ਸੰਵਿਧਾਨ ਬਚਾਏਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਬਾਹਰ ਆਉਣਗੇ। ਉਨਾਂ ਜਮਾਨਤ ਮਿਲਣ ਉਤੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਸਿਸੋਦੀਆ ਨੂੰ ਜੇਲ੍ਹ ਵਿਚੋਂ ਲਿਆਉਣ ਲਈ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਦਿੱਲੀ ਸਰਕਾਰ ਵਿਚ ਮੰਤਰੀ ਆਤਿਸ਼ੀ ਪਹੁੰਚੇ ਹੋਏ ਸਨ।
ਉਨਾੰ ਕਿਹਾ ਕਿ ਆਰਡਰ ਆਉਣ ਤੋ ਬਾਅਦ ਮੇਰਾ ਰੋਮ ਰੋਮ ਬਾਬਾ ਸਾਹਿਬ ਡਾ ਬੀ.ਆਰ ਅੰਬੇਦਕਰ ਸਾਹਿਬ ਦਾ ਰਿਣੀ ਹੈ। ਉਨਾਂ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਵੇਂ ਬਾਬਾ ਸਾਹਿਬ ਦਾ ਕਰਜ਼ ਉਤਾਰਨ। ਉਨਾਂ ਕਿਹਾ ਕਿ ਜਦੋਂ ਵੀ ਕੋਈ ਤਾਨਾਸ਼ਾਹ ਸਰਕਾਰ ਕਿਸੇ ਨੂੰ ਜੇਲ ਭੇਜੇਗੀ ਉਸਨੂੰ ਬਾਬਾ ਸਾਹਿਬ ਦਾ ਸੰਵਿਧਾਨ ਬਚਾਏਗਾ।
ਇਹ ਸੱਚ ਦੀ ਜਿੱਤ ਹੈ-ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਸ਼ ਸਿਸੋਦੀਆ ਨੂੰ ਜਮਾਨਤ ਮਿਲਣ ਤੋਂ ਬਾਅਦ ਆਪਣੇ ‘ਐਕਸ’ ਅਕਾਊਂਟ ‘ਤੇ ਲਿਖਿਆ ਕਿ ‘ਮਨੀਸ਼ ਸਿਸੋਦੀਆ ਦੀ ਜ਼ਮਾਨਤ ਸੱਚਾਈ ਦੀ ਜਿੱਤ ਹੈ।’ ਇਸ ਲਈ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਵੀ ਧਨਵਾਦ ਕੀਤਾ।
ਝੂਠੇ ਤੇ ਫਰਜ਼ੀ ਕੇਸ ਵਿਚੋਂ ਬਾਹਰ ਆਏ ਸਿਸੋਦੀਆ-ਚੀਮਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਸੋਦੀਆ ਨੂੰ ਲਗਭਗ 17 ਮਹੀਨਿਆਂ ਬਾਅਦ ਜ਼ਮਾਨਤ ਮਿਲੀ ਹੈ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਝੂਠੇ ਕੇਸ ਤੋਂ ਬਾਹਰ ਆਏ ਹਨ। ਚੀਮਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੇਸ਼ ਵਿੱਚ ਬੱਚਿਆਂ ਲਈ ਚੰਗੀ ਸਿੱਖਿਆ ਅਤੇ ਚੰਗੇ ਸਕੂਲ ਬਣਾਉਣ, ਅਧਿਆਪਕਾਂ ਨੂੰ ਚੰਗੀ ਸਿਖਲਾਈ ਲਈ ਵਿਦੇਸ਼ ਭੇਜਣ, ਚੰਗੀ ਸਿੱਖਿਆ ਦੇਣ ਲਈ ਵਿਸ਼ੇਸ਼ ਪ੍ਰਬੰਧ ਕਰਨ ਵਜੋਂ ਜਾਣੇ ਜਾਂਦੇ ਹਨ।
ਜਮਾਨਤ ਮਿਲੀ, ਬਰੀ ਨਹੀਂ ਹੋਏ-ਚੁੱਗ
ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਸਿਸੋਦੀਆ 10 ਲੱਖ ਰੁਪਏ ਦੇ ਮੁਚੱਲਕੇ ‘ਤੇ ਸ਼ਰਤੀਆ ਜ਼ਮਾਨਤ ‘ਤੇ ਰਿਹਾਅ ਹੋਏ ਹਨ। ਉਨਾਂ ਕਿਹਾ ਕਿ ਸਿਸੋਦੀਆ ਨੇ ਆਪਣਾ ਪਾਸਪੋਰਟ ਵੀ ਸਰੰਡਰ ਕੀਤਾ ਹੈ ਅਤੇ ਉਹਨਾਂ (ਸਿਸੋਦੀਆ) ਨੂੰ ਹਫ਼ਤੇ ਵਿੱਚ ਦੋ ਦਿਨ ਅਦਾਲਤ ਵਿੱਚ ਆਪਣੀ ਹਾਜ਼ਰੀ ਲਗਾਉਣੀ ਪਵੇਗੀ। ਚੁੱਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਬਰੀ ਨਹੀਂ ਹੋਇਆ ਹੈ, ਜ਼ਮਾਨਤ ‘ਤੇ ਬਾਹਰ ਆਇਆ ਹੈ।ਉਹ ਸ਼ਰਾਬ ਘੁਟਾਲੇ, ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਰਿਹਾ ਹੈ ਅਤੇ 17 ਮਹੀਨਿਆਂ ਬਾਅਦ ਜਮਾਨਤ ਉਤੇ ਬਾਹਰ ਆਏ ਹਨ, ਜਿਸਨੂੰ ਸਿਸੋਦੀਆ ਅਤੇ ਆਪ ਵਰਕਰ ਜਿੱਤ ਦੱਸ ਰਹੇ ਹਨ।ਉਨਾਂ ਕਿਹਾ ਕਿ ਅਦਾਲਤ ਨੇ ਸ਼ਰਾਬ ਘੁਟਾਲੇ ਵਿੱਚ ਖੁਦ ਮੰਨਿਆ ਹੈ ਕਿ ਸ਼ਰਾਬ ਘੁਟਾਲੇ ਵਿੱਚ ਵੱਡੇ-ਵੱਡੇ ਸਬੂਤ ਮੌਜੂਦ ਹਨ।
ਅਪਡੇਟ ਖ਼ਬਰ ਥੋੜੀ ਦੇਰ ਬਾਅਦ