ਚੰਡੀਗੜ੍ਹ 7 ਅਗਸਤ (ਖ਼ਬਰ ਖਾਸ ਬਿਊਰੋ)
ਭਾਰਤ ਮਾਲਾ ਪ੍ਰੋਜੈਕਟ ਤਹਿਤ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇਅ ਦਾ ਨਿਰਮਾਣ ਕਰ ਰਹੇ ਠੇਕੇਦਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਸ ਮਾਮਲੇ ਵਿਚ ਡੀਜੀਪੀ ਨੂੰ ਕੇਸ ਦਰਜ਼ ਕਰਨ ਦੀ ਹਦਾਇਤ ਕੀਤੀ ਹੈ।
ਜਾਣਕਾਰੀ ਅਨੁਸਾਰ ਧਮਕੀਆਂ ਮਿਲਣ ‘ਤੇ ਠੇਕੇਦਾਰਾਂ ਨੇ ਪਹਿਲਾਂ ਇਹ ਮਾਮਲਾ ਨੈਸ਼ਨਲ ਹਾਈਵੇਅ ਅਥਾਰਟੀ (NHAI)ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਫਿਰ ਸਰਕਾਰ ਕੋਲ ਮਸਲਾ ਉਠਾਇਆ। ਜਾਣਕਾਰੀ ਅਨੁਸਾਰ ਐਨ.ਐਚ ਏ.ਆਈ ਦੇ ਖੇਤਰੀ ਅਧਿਕਾਰੀ ਵਿਪਨੇਸ਼ ਸ਼ਰਮਾ ਨੇ ਮੁੱਖ ਸਕੱਤਰ ਨੂੰ ਭੇਜੀ ਚਿੱਠੀ ਵਿਚ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਜੰਕਸ਼ਨ ਲੁਧਿਆਣਾ-ਮੋਗਾ ਰੋਡ (NH 5), ਮੁੱਲਾਂਪੁਰ ਦਾਖਾ ਜੰਕਸ਼ਨ ਜਲੰਧਰ ਮੋਗਾ ਰੋਡ (NH 73) ‘ਤੇ ਚਾਰ ਮਾਰਗੀ ਗਰੀਨ ਫੀਲਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਠੇਕੇਦਾਰਾਂ ਅਤੇ ਅਧਿਕਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇੰਜੀਨੀਅਰਾਂ, ਠੇਕੇਦਾਰਾਂ ਅਤੇ ਕਰਮਚਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਲਈ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਠੇਕੇਦਾਰਾਂ ਨੇ ਕਿਹਾ ਕਿ ਜੇਕਰ ਮਾਮਲੇ ਵਿੱਚ ਜਲਦੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਕੰਮ ਬੰਦ ਕਰ ਦੇਣਗੇ। ਠੇਕੇਦਾਰਾਂ ਨੇ ਕੁਝ ਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਸਮਝਿਆ ਜਾਂਦਾ ਹੈ ਕਿ ਇਨ੍ਹਾਂ ਧਮਕੀਆਂ ਪਿੱਛੇ ਭੂ-ਮਾਫੀਆ ਦਾ ਹੱਥ ਹੋ ਸਕਦਾ ਹੈ। ਚਿੱਠੀ ਵਿਚ 20 ਜੁਲਾਈ ਨੂੰ ਪਿੰਡ ਵਾਸੀਆਂ ਵੱਲੋਂ ਮਨੀਸ਼ ਸ਼ਰਮਾ ‘ਤੇ ਕੀਤੇ ਗਏ ਹਮਲੇ ਦੀਆਂ ਕੁਝ ਤਸਵੀਰਾਂ ਵੀ ਸੂਬਾ ਸਰਕਾਰ ਨੂੰ ਭੇਜੀਆਂ ਗਈਆਂ ਹਨ।