ਪੈਰਿਸ 5 ਅਗਸਤ, (ਖ਼ਬਰ ਖਾਸ ਬਿਊਰੋ)
ਭਾਰਤੀ ਹਾਕੀ ਟੀਮ ਨੇ ਲਗਾਤਾਰ ਦੂਜੀ ਵਾਰ ਸੈਮੀਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ ਹਰਾ ਦਿੱਤਾ। ਹਾਕੀ ਵਿੱਚ ਭਾਰਤ ਦੀ ਜਿੱਤ ਨਾਲ ਹਾਕੀ ਪ੍ਰੇਮੀ ਬਹੁਤ ਖੁਸ਼ ਹਨ ਅਤੇ ਹਾਕੀ ਪ੍ਰੇਮੀਆਂ ਨੂੰ, ਭਾਰਤ ਨੂੰ ਹਾਕੀ ਵਿਚ ਤਗਮਾ ਆਉਣ ਦੀ ਉਮੀਦ ਹੈ। ਪੈਰਿਸ ਓਲੰਪਿਕ 2024 ਦਾ ਨੌਵਾਂ ਦਿਨ ਭਾਰਤ ਲਈ ਮਿਲਿਆ-ਜੁਲਿਆ ਰਿਹਾ। ਇੱਕ ਤਰ੍ਹਾਂ ਨਾਲ ਇਸ ਦੇ ਨਾਲ ਹੀ ਲਕਸ਼ਯ ਸੇਨ ਡੈਨਮਾਰਕ ਤੋਂ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ ਮੈਚ ਵਿੱਚ ਹਾਰ ਗਿਆ।
ਭਾਰਤੀ ਹਾਕੀ ਟੀਮ ਨੇ ਬਰਤਾਨੀਆ ਨੂੰ ਪੈਨਲਟੀ ਸ਼ੂਟਆਊਟ ‘ਚ ਹਰਾ ਕੇ ਇਤਿਹਾਸ ਰਚਿਆ ਅਤੇ ਲਗਾਤਾਰ ਦੂਜੀ ਵਾਰ ਓਲੰਪਿਕ ਦੇ ਸੈਮੀਫਾਈਨਲ ‘ਚ ਪਹੁੰਚੀ। ਚਾਰ ਕੁਆਰਟਰਾਂ ਦੀ ਸਮਾਪਤੀ ਤੋਂ ਬਾਅਦ ਦੋਵਾਂ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਸੀ। ਦੋਵੇਂ ਟੀਮਾਂ ਨੇ ਨਿਰਧਾਰਤ ਸਮੇਂ ਤੱਕ ਲੀਡ ਲੈਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੀਆਂ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਭਾਰਤ ਨੇ ਬਰਤਾਨੀਆ ਨੂੰ 4-2 ਨਾਲ ਹਰਾਇਆ। ਭਾਰਤ ਇਸ ਮੈਚ ਵਿੱਚ 10 ਖਿਡਾਰੀਆਂ ਨਾਲ ਖੇਡ ਰਿਹਾ ਸੀ ਕਿਉਂਕਿ ਦੂਜੇ ਕੁਆਰਟਰ ਵਿੱਚ ਅਮਿਤ ਰੋਹੀਦਾਸ ਨੂੰ ਲਾਲ ਕਾਰਡ ਮਿਲਿਆ ਸੀ ਜਿਸ ਕਾਰਨ ਉਹ ਪੂਰੇ ਮੈਚ ਤੋਂ ਬਾਹਰ ਹੋ ਗਿਆ ਸੀ। ਹਾਲਾਂਕਿ ਭਾਰਤੀ ਟੀਮ ਨੇ ਹਾਰ ਨਹੀਂ ਮੰਨੀ ਅਤੇ ਅੰਤ ਤੱਕ ਬ੍ਰਿਟੇਨ ਨੂੰ ਸਖਤ ਟੱਕਰ ਦਿੱਤੀ। ਇਸ ਤਰ੍ਹਾਂ ਭਾਰਤੀ ਟੀਮ ਨੇ ਤਮਗੇ ਵੱਲ ਇਕ ਹੋਰ ਕਦਮ ਪੁੱਟਿਆ ਹੈ। ਜੇਕਰ ਭਾਰਤ ਸੈਮੀਫਾਈਨਲ ਜਿੱਤਣ ‘ਚ ਸਫਲ ਰਹਿੰਦਾ ਹੈ ਤਾਂ ਉਸ ਦਾ ਘੱਟੋ-ਘੱਟ ਚਾਂਦੀ ਦਾ ਤਗਮਾ ਯਕੀਨੀ ਹੋ ਜਾਵੇਗਾ। ਭਾਰਤ ਦਾ ਸੈਮੀਫਾਈਨਲ ਮੈਚ ਮੰਗਲਵਾਰ 6 ਅਗਸਤ ਨੂੰ ਖੇਡਿਆ ਜਾਵੇਗਾ।