ਨਵੀਂ ਦਿੱਲੀ, 25 ਜੁਲਾਈ (ਖ਼ਬਰ ਖਾਸ ਬਿਊਰੋ)
ਕਹਿੰਦੇ ਹਨ ਕਿ ਸਿਆਸਤ ਕਿਸੇ ਦੀ ਮਿੱਤ ਨਹੀਂ। ਕੁਰਸੀ ਦਾ ਮੋਹ ਕੁੱਝ ਵੀ ਕਰਵਾ ਦਿੰਦਾ ਹੈ। ਕਿਸੇ ਵੇਲ਼ੇ ਦੋਸਤ ਰਹੇ ਅਤੇ ਇਕ ਦੂਜੇ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਬਿੱਟੂ ਵੀਰਵਾਰ ਨੂੰ ਸੰਸਦ ਵਿਚ ਆਹਮੋ ਸਾਹਮਣੇ ਹੋ ਗਏ। ਦੋਵਾਂ ਨੇ ਇਕ ਦੂਜੇ ਖਿਲਾਫ਼ ਤੋਹਮਤਾਂ ਲਗਾਈਆਂ ਅਤੇ ਨਿੱਜੀ ਪੋਤੜੇ ਫਰੋਲ ਦਿੱਤੇ। ਦੋਵਾਂ ਆਗੂਆਂ ਵਿਚ ਐਨੀ ਤਿੱਖੀ ਬਹਿਸ ਹੋਈ ਕਿ ਸੰਸਦ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ।
ਚੰਨੀ ਬੋਲੇ, ਅੰਮ੍ਰਿਤਪਾਲ ਤੇ NSA ਲਾਇਆ ਕੀ ਇਹ ਐਮਰਜੈਂਸੀ ਨਹੀਂ
ਜਲੰਧਰ ਤੋ ਮੈਂਬਰ ਪਾਰਲੀਮੈਂਟ ਚੁਣੇ ਗਏ ਚਰਨਜੀਤ ਸਿੰਘ ਚੰਨੀ ਨੇ ਬਹਿਸ ਵਿਚ ਹਿੱਸਾ ਲੈਂਦੇ ਮੋਦੀ ਸਰਕਾਰ ਉਤੇ ਤਿੱਖੇ ਹਮਲੇ ਕੀਤੇ। ਚੰਨੀ ਨੇ ਕਿਹਾ ਕਿ ਅੱਜ ਅਣਐਲਾਨੀ ਐਮਰਜੈਂਸੀ ਹੈ। ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ, ਇਹ ਐਮਰਜੈਂਸੀ ਹੈ। 20 ਲੱਖ ਲੋਕਾਂ ਵੱਲੋਂ ਖਡੂਰ ਸਾਹਿਬ ਤੋਂ ਚੁਣੇ ਗਏ ਐਮ.ਪੀ ਅੰਮ੍ਰਿਤਪਾਲ ਸਿੰਘ ਨੂੰ ਐਨ.ਐਸ.ਏ.ਦੇ ਤਹਿਤ ਜੇਲ੍ਹ ਡੱਕਿਆ ਗਿਆ ਹੈ, ਇਹ ਵੀ ਐਮਰਜੈਂਸੀ ਹੈ। ਚੰਨੀ ਕਿਸਾਨਾਂ ਦੇ ਹੱਕ ਵਿਚ ਬੋਲ ਰਹੇ ਸਨ। ਜਦੋਂ ਚੰਨੀ ਬੋਲ ਰਹੇ ਸਨ ਤਾਂ ਬਿੱਟੂ ਟੋਕਾ ਟੋਕੀ ਕਰਦੇ ਰਹੇ। ਜਿਸ ਕਾਰਨ ਚੰਨੀ ਗੁੱਸਾ ਖਾ ਗਏ।
ਬਿੱਟੂ ਤੇ ਚੰਨੀ ਨੇ ਇਹ ਦੋਸ਼ ਲਾਏ
ਚੰਨੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸ਼ਹੀਦ ਹੋਏ ਸਨ ਪਰ ਉਹ ਉਸ ਦਿਨ ਮਰੇ ਨਹੀਂ ਸਨ ਪਰ ਬੇਅੰਤ ਸਿੰਘ ਉਸ ਦਿਨ ਮਰ ਗਏ ਜਦੋਂ ਬਿੱਟੂ ਨੇ ਕਾਂਗਰਸ ਛੱਡੀ ਸੀ। ਚੰਨੀ ਨੂੰ ਨਿੱਜੀ ਟਿੱਪਣੀਆਂ ਕਰਨ ਤੋਂ ਰੋਕ ਦਿੱਤਾ ਗਿਆ ਪਰ ਚੰਨੀ ਨੇ ਜਵਾਬ ਵਿਚ ਕਿਹਾ ਕਿ ਬਿੱਟੂ ਉਸ ਨੂੰ ਰੋਕ ਕੇ ਪ੍ਰੇਸ਼ਾਨ ਕਰ ਰਿਹਾ ਹੈ। ਚੰਨੀ ਨੇ ਇਕ ਵਾਰ ਫਿਰ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਅਤੇ ਈਸਟ ਇੰਡੀਆ ਕੰਪਨੀ ਵਿਚ ਕੋਈ ਫਰਕ ਨਹੀਂ ਹੈ। ਉਹਨਾਂ ਵਿਚਲਾ ਫਰਕ ਸਿਰਫ ਰੰਗ ਦਾ ਹੈ। ਇਸ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਖੜ੍ਹੇ ਹੋ ਗਏ। ਉਨਾਂ ਸ਼ੋਰ ਸ਼ਰਾਬੇ ਵਿਚ ਚੰਨੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਦਾਦਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਾਂਗਰਸ ਲਈ ਨਹੀਂ, ਦੇਸ਼ ਲਈ ਸ਼ਹੀਦ ਹੋਏ ਸਨ। ਬਿੱਟੂ ਨੇ ਚੰਨੀ ‘ਤੇ ਹਮਲਾਵਰ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਉਹ (ਚੰਨੀ) ਗਰੀਬੀ ਦੀ ਗੱਲ ਕਰਦਾ ਹੈ, ਜਦਕਿ ਪੂਰੇ ਪੰਜਾਬ ‘ਚ ਉਸ ਤੋਂ ਵੱਡਾ ਅਮੀਰ ਅਤੇ ਭ੍ਰਿਸ਼ਟ ਕੋਈ ਨਹੀਂ, ਇਸ ਲਈ ਉਸ ਨੂੰ ਆਪਣਾ ਨਾਂ ਬਦਲ ਲੈਣਾ ਚਾਹੀਦਾ ਹੈ। ਉਨਾਂ ਚੰਨੀ ਉਤੇ ਮੀ-2 (Mee-2) ਦਾ ਦੋਸ਼ ਵੀ ਲਾਇਆ। ਗੁੱਸੇ ਵਿਚ ਭਰੇ ਪੀਤੇ ਬਿੱਟੂ ਨੇ ਚੰਨੀ ਨੂੰ ਹਜ਼ਾਰਾਂ ਕਰੋੜਾਂ ਦਾ ਮਾਲਕ, ਤੇ ਭ੍ਰਿਸ਼ਟਾਚਾਰ ਦ੍ੱਸਿਆ? ਸੋਨੀਆ ਗਾਂਧੀ ਪਹਿਲਾਂ ਇਹ ਦੱਸਣ ਕਿ ਉਹ ਕਿੱਥੋਂ ਦੀ ਹੈ। ਇਸ ਆਹਮੋ-ਸਾਹਮਣੇ ਟਕਰਾਅ ਕਾਰਨ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰਨੀ ਪਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ —
ਚੰਨੀ ਦੇ ਬਿਆਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦਾ ਹਮੇਸ਼ਾ ਵੱਖਰਾ ਪ੍ਰਤੀਕਰਮ ਹੁੰਦਾ ਹੈ। ਅੱਧੀ ਕਾਂਗਰਸ ਇੱਕ ਗੱਲ ਕਹਿੰਦੀ ਹੈ ਅਤੇ ਅੱਧੀ ਕੁੱਝ ਹੋਰ ਬਿਆਨ ਦਿੰਦੀ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿੱਥੋਂ ਤੱਕ ਸੂਬੇ ਦੀ ਕਾਨੂੰਨ ਵਿਵਸਥਾ ਦਾ ਸਵਾਲ ਹੈ, ਉਹ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕੰਮ ਕਰਨਗੇ, ਉਹ ਕਿਸੇ ਸੰਸਦ ਮੈਂਬਰ ਦੇ ਨਹੀਂ, ਸਗੋਂ ਸਾਢੇ ਤਿੰਨ ਕਰੋੜ ਲੋਕਾਂ ਦੇ ਰਾਖੇ ਹਨ। ਜੇਕਰ ਸੰਵਿਧਾਨ ਨੇ ਉਨ੍ਹਾਂ ਨੂੰ ਚੋਣ ਲੜਨ ਦਾ ਅਧਿਕਾਰ ਦਿੱਤਾ ਹੈ ਤਾਂ ਉਹ ਭਵਿੱਖ ਵਿੱਚ ਜੋ ਵੀ ਫੈਸਲਾ ਲੈਣਗੇ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ।
ਭਾਜਪਾ ਬੁਲਾਰੇ ਨੇ ਕਹੀ ਇਹ ਗੱਲ
ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਐੱਨਐੱਸਏ ਤਹਿਤ ਜੇਲ ‘ਚ ਬੰਦ ਅੰਮ੍ਰਿਤਪਾਲ ਸਿੰਘ ‘ਤੇ ਦਿੱਤੇ ਬਿਆਨ ‘ਤੇ ਕਿਹਾ ਕਿ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਉਹ 1984 ‘ਚ ਇੰਦਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਖਾਲਿਸਤਾਨੀਆਂ ਦਾ ਸਮਰਥਨ ਕਰਦੀ ਹੈ। ਕੀ ਕਾਂਗਰਸ ਭਾਰਤ ਦੇ ਟੁਕੜੇ ਟੁਕੜੇ ਗੈਂਗ ਦਾ ਸਮਰਥਨ ਕਰਦੀ ਹੈ ਕਾਂਗਰਸ ਹਮੇਸ਼ਾ ਖਾਲਿਸਤਾਨੀ ਅਤੇ ਅੱਤਵਾਦੀਆਂ ਦੀ ਗੱਲ ਕਰਦੀ ਹੈ?