ਆਪ ਸਰਕਾਰ ਡੇਰਾ ਮੁਖੀ ਖਿਲਾਫ਼ ਕੇਸ ਚਲਾਉਣ ਦੀ ਪ੍ਰੋਸੀਕਿਊਸ਼ਨ ਨੂੰ ਮੰਜ਼ੂਰੀ ਨਹੀਂ ਦੇ ਰਹੀ-ਪਰਗਟ ਸਿੰਘ

ਚੰਡੀਗੜ੍ਹ 24 ਜੁਲਾਈ (ਖ਼ਬਰ ਖਾਸ  ਬਿਊਰੋ)

ਜਲੰਧਰ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਅਤੇ ਕੋਟਕਪੂਰਾ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਡੇਰਾ ਮੁਖੀ ਖਿਲਾਫ਼ ਕੇਸ ਚਲਾਉਣ ਲਈ ਪ੍ਰੋਸੀਕਿਉਸ਼ਨ ਨੂੰ ਮੰਜ਼ੂਰੀ ਨਾ ਦੇਣ ਅਤੇ ਸਾਬਕਾ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦਾ ਮੂੰਹ ਬੰਦ ਕਰਨ ਲਈ ਦਬਾਅ ਬਣਾਉਣ ਦਾ ਦੋਸ਼ ਲਾਇਆ ਹੈ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿਲੋਂ ਵੀ ਹਾਜ਼ਰ ਸਨ।

ਇੱਥੇ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੇਅਦਬੀ ਕਾਂਡ ਮਾਮਲੇ ਵਿਚ  24 ਘੰਟਿਆਂ ਵਿੱਚ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ। ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ  ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਨਹੀਂ ਦੇ ਰਹੀ। ਜਿਸ ਨਾਲ ਆਪ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਉਨਾਂ ਕਿਹਾ ਕਿ ਮੌੜ ਬੰਬ ਧਮਾਕੇ ਵਿਚ ਸੱਤ ਵਿਅਕਤੀਆਂ ਦੀ ਮੌਤ ਹੋਈ ਸੀ, ਇਸ ਮਾਮਲੇ ਵਿਚ ਵੀ ਅਜੇ ਤਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਉਹ ਅਕਸਰ ਪਰਮਾਤਮਾ ਦੀ ਚੱਕੀ ਹੌਲੀ ਪੀਸਣ ਦੀਆਂ ਉਦਾਹਰਨਾਂ ਦਿੰਦੇ ਹਨ, ਤੇ ਉਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਕਾਲੀ ਦਲ ਦੀ ਮੌਜੂਦਾ ਸਥਿਤੀ ਕਿਹੋ ਜਿਹੀ ਹੈ। ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਹਾਲਾਂਕਿ ਸਿਟ ਬਣਾਕੇ, ਕੇਸ ਦਰਜ਼ ਕਰਕੇ ਇਨਸਾਫ਼ ਦੇਣ ਦਾ ਯਤਨ ਕੀਤਾ ਪਰ ਜੋ ਇਨਸਾਫ਼ ਦੇਣਾ ਚਾਹੀਦਾ ਸੀ, ਉਹ ਵੀ ਦੇ ਨਾ ਸਕੇ., ਇਹੀ ਕਾਰਨ ਹੈ ਕਿ ਕੈਪਟਨ ਨੂੰ ਵੀ ਹਟਾਉਣਾ ਪਿਆ ਸੀ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਕਾਂਗਰਸੀ ਆਗੂਆਂ ਨੇ ਕਿਹਾ ਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਆਪ ਲੀਡਰਸ਼ਿਪ ਨੇ ਬੇਅਦਬੀ ਮੁੱਦੇ ਉਤੇ ਸਿਆਸਤ ਕੀਤੀ ਹੈ। ਉਨਾਂ ਕਿਹਾ ਕਿ ਜੇਕਰ ਵਿਰੋਧੀ ਪਾਰਟੀ ਦੇ ਆਗੂਆਂ ਦੀ ਗੱਲ ਨਹੀਂ ਸੁਣਨੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ  ਪਾਰਟੀ ਦੇ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਸਨੇ ਬੇਅਦਬੀ ਕਾਂਡ ਦੀ ਜਾਂਚ ਕੀਤੀ ਹੈ, ਉਸਦੀ ਗੱਲ ਸੁਣ ਲੈਣੀ ਚਾਹੀਦੀ ਹੈ ।

ਪਰਗਟ ਸਿੰਘ ਨੇ ਕਿਹਾ ਐਸਆਈਟੀ ਦੇ ਮੁਖੀ ਰਹੇ ਰਣਬੀਰ ਸਿੰਘ ਖਟੜਾ (ਸੇਵਾਮੁਕਤ) ਨੂੰ ਐਸਆਈਟੀ ਦੇ ਸਾਹਮਣੇ ਜ਼ਲੀਲ ਕੀਤਾ ਜਾ ਰਿਹਾ ਹੈ। ਐਸਆਈਟੀ ਦੇ ਸਾਬਕਾ ਮੁਖੀ ਸ੍ਰੀ ਖੱਟੜਾ ਨੇ ਸ੍ਰੀ  ਅਕਾਲ ਤਖ਼ਤ ਦੇ ਜਥੇਦਾਰ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਲਈ ਜਥੇਦਾਰ ਸਾਹਿਬਾਨ ਨੂੰ ਵੀ ਇਸ ਮਾਮਲੇ ਵਿਚ ਆਪਣਾ ਫੈਸਲਾ ਲੈਣਾ ਚਾਹੀਦਾ ਹੈ। ਪਰਗਟ ਸਿੰਘ ਨੇ ਕਿਹਾ ਕਿ ਬੇਅਦਬੀ ਕਾਂਡ ਵਰਗੇ ਮੁੱਦਿਆਂ ‘ਤੇ ਵੋਟਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ‘ਆਪ’ ਸਰਕਾਰ ਅਜਿਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਜਦੋਂ ਕਾਂਗਰਸ ਦੇ ਪ੍ਰਧਾਨ ਸਨ ਤਾਂ ਇਹ ਮੁੱਦਾ ਉਠਾਉਂਦੇ ਰਹੇ ਪਰ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਹ ਵੀ ਚੁੱਪ ਹਨ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

 

Leave a Reply

Your email address will not be published. Required fields are marked *