ਚੰਡੀਗੜ੍ਹ 15 ਜੁਲਾਈ, (ਖ਼ਬਰ ਖਾਸ ਬਿਊਰੋ)
ਜਲੰਧਰ ਪੱਛਮੀ ਵਿਧਾੁਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਹਾਰਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਕਾਨੂੰਨੀ ਉਲਝਣਾਂ ਵਿਚ ਫਸ ਸਕਦੇ ਹਨ। ਭਾਜਪਾ ਦੇ ਅਨੁਸੂਚਿਤ ਜਾਤੀ ਵਿੰਗ ਦੇ ਸੂਬਾਈ ਪ੍ਰਧਾਨ ਅਤੇ ਸਾਬਕਾ ਬਿਊਰੋਕ੍ਰੇਟ ਐੱਸ.ਆਰ ਲੱਧੜ ਨੇ ਬੀਬੀ ਸੁਰਜੀਤ ਕੌਰ ਦੇ ਜਾਅਲੀ ਜਾਤੀ ਸਰਟੀਫਿਕੇਟ ਅਤੇ ਉਨਾਂ ਦੀ ਜਾਤੀ ਨੂੰ ਚੁਣੌਤੀ ਦਿੱਤੀ ਹੈ।
ਭਾਜਪਾ ਆਗੂ ਲੱਧੜ ਨੇ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਨਵੀਂ ਦਿੱਲੀ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਦੇ ਜਾਅਲੀ ਜਾਤੀ (ਐੱਸ.ਸੀ) ਸਰਟੀਫਿਕੇਟ ਬਣਾਉਣ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਬੀਬੀ ਸੁਰਜੀਤ ਕੌਰ ਨੇ ਹਲਕਾ ਜਲੰਧਰ ਪੱਛਮੀ ਤੋਂ ਚੋਣ ਲੜ੍ਹੀ ਹੈ, ਜਦਕਿ ਉਹ ਜਨਰਲ ਵਰਗ ਨਾਲ ਸਬੰਧਤ ਹੈ। ਉਨਾਂ ਬੀਬੀ ਸੁਰਜੀਤ ਕੌਰ ਦਾ ਸਰਟੀਫਿਕੇਟ ਰੱਦ ਕਰਨ ਅਤੇ ਕਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਸੁਰਜੀਤ ਕੌਰ ਤੋਂ ਮੱਦਦ ਵਾਪਸ ਲੈ ਕੇ ਬਸਪਾ ਦਾ ਸਮਰਥਨ ਕੀਤਾ ਤਾਂ ਰਾਜਪੂਤ (ਸਿਰਕੀਬੰਦਾਂ) ਬਰਾਦਰੀ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਸਮਰਥਨ ਕਰਨ ਦਾ ਮੁਜ਼ਾਹਰਾ ਕੀਤਾ। ਉਨਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਅਨੁਸੂਚਿਤਾ ਜਾਤੀ ਵਰਗ ਵਿਚ 39 ਜਾਤਾਂ ਨੋਟੀਫਾਈ ਕੀਤੀਆਂ ਹੋਈਆੰ ਹਨ, ਉਹਨਾਂ ਵਿਚ ਸਿਰਕੀਬੰਦ ਰਾਜਪੂਤ ਤਾਂ ਪੰਜਾਬ ਵਿੱਚ ਕੋਈ ਜਾਤੀ ਨਹੀਂ ਹੈ।
ਲੱਧੜ ਨੇ ਕਿਹਾ ਕਿ ਵੋਟਾਂ ਜਾਣ ਦੇ ਡਰੋਂ ਕਿਸੇ ਵੀ ਸਿਆਸੀ ਪਾਰਟੀ ਨੇ ਇਸ ਨੂੰ ਮੁੱਦਾ ਨਹੀਂ ਬਣਾਇਆ। ਚੋਣ ਨਤੀਜਾ ਆਉਣ ਬਾਅਦ ਹੁਣ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ, ਕੌਮੀ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਭੇਜੀ ਹੈ ਕਿ ਇਸ ਮਸਲੇ ਦੀ ਪੜਤਾਲ ਡੁੰਘਾਈ ਨਾਲ ਕੀਤੀ ਜਾਵੇ। ਉਨਾਂ ਕਿਹਾ ਕਿ ਸੁਰਜੀਤ ਕੌਰ ਤੇ ਅਜਿਹੇ ਹੋਰ ਰਾਜਪੂਤਾਂ ਦੇ ਜਾਅਲੀ ਸਰਟੀਫਿਕੇਟ ਰੱਦ ਹੋਣ ਅਤੇ ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਖਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਜਪੂਤ ਸਿਰਕੀਬੰਦਾਂ ਦੇ ਛੇ ਸਰਟੀਫਿਕੇਟ ਪਿੰਡ ਆਲਮਪੁਰ (ਪਟਿਆਲ਼ਾ) ਦੇ 5/01/2021 ਨੂੰ ਰੱਦ ਕੀਤੇ ਜਾ ਚੁੱਕੇ ਹਨ। ਇਸੇ ਤਰਾਂ ਰਾਜਪੁਰਾ ਲਾਗੇ ਪਿੰਡ ਦੀ ਇੱਕ ਕੁੜੀ ਰਵਜੀਤ ਕੌਰ ਜੋ ਜਾਅਲੀ ਸਿਰਕੀਬੰਦ-ਰਾਜਪੂਤ ਦਾ ਸਰਟੀਫਿਕੇਟ ਬਣਾ ਕੇ ਐਮਬੀਬੀਐਸ ਦੀ ਪੜਾਈ ਕਰ ਰਹੀ ਸੀ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਹੈ। ਲੱਧੜ ਨੇ ਕਿਹਾ ਕਿ ਪੰਜਾਬ ਅੰਦਰ ਜਾਅਲੀ ਐੱਸ ਸੀ ਸਰਟੀਫਿਕੇਟ ਬਣਾਉਣ ਦਾ ਇੱਕ ਜਾਲ ਵਿਸ਼ਿਆ ਹੋਇਆ ਹੈ। ਪੰਜਾਬ ਸਰਕਾਰ ਨੂੰ ਠੋਸ ਕਦਮ ਚੁੱਕਣੇ ਪੈਣਗੇ। ਉਨਾਂ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਵੀ ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਖਿਲਾਫ਼ ਲਾਮਬੰਦ ਹੋਣ ਦੀ ਅਪੀਲ ਕੀਤੀ ਹੈ।
ਵਰਨਣਯੋਗ ਹੈ ਕਿ ਵੋਟਾਂ ਦੌਰਾਨ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ , ਮੁੱਖ ਮੰਤਰੀ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ, ਪਰ ਕੁੱਝ ਘੰਟਿਆਂ ਬਾਅਦ ਹੀ ਘਰ ਵਾਪਸੀ ਕਰ ਲਈ ਸੀ। ਉਦੋਂ ਚਰਚਾ ਚੱਲੀ ਸੀ ਕਿ ਜਾਅਲੀ ਸਰਟੀਫਿਕੇਟ ਮਾਮਲੇ ਵਿਚ ਕਾਨੂੰਨੀ ਡਰ ਕਾਰਨ ਹੀ ਬੀਬੀ ਜੀ ਨੇ ਪਾਰਟੀ ਬਦਲੀ ਸੀ।ਜ਼ਿਕਰਯੋਗ ਹੈ ਕਿ ਪੰਜਾਬ ਵਿਚ ਜਾਅਲੀ ਸਰਟੀਫਿਕੇਟਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਰਿਜ਼ਰਵੇਸ਼ਨ ਚੋੜ ਫੜੋ ਮੋਰਚਾ ਵਲੋਂ ਮੋਹਾਲੀ ਵਿਖੇ ਧਰਨਾ ਵੀ ਲਾਇਆ ਹੋਇਆ ਹੈ।