ਚੰਡੀਗੜ੍ਹ, 8 ਜੁਲਾਈ (ਖ਼ਬਰ ਖਾਸ ਬਿਊਰੋ)
ਪੰਜਾਬ ਵਿਚ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਦੀ ਸੁਨਾਮੀ ਆਈ ਹੋਈ ਹੈ। ਸਾਬਕਾ ਆਈ.ਏ.ਐੱਸ ਅਧਿਕਾਰੀ ਐੱਸ.ਆਰ.ਲੱਧੜ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਦੀ ਅਕਾਲੀ ਉਮੀਦਵਾਰ ਸੁਰਜੀਤ ਕੌਰ ਵੀ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਆਧਾਰ ਉਤੇ ਚੋਣ ਲੜ ਰਹੀ ਹੈ ਪਰ ਸਾਰੇ ਸਿਆਸੀ ਲੀਡਰ ਇਸ ਵਿਸ਼ੇ ਉਤੇ ਚੁੱਪ ਧਾਰੀ ਬੈਠੇ ਹਨ।
ਲੱਧੜ ਨੇ ਕਿਹਾ ਕਿ ਰਠੌਰ ਜਾਤੀ ਦੇ ਰਾਜਪੂਤ ਕਹਿਣ ਨੂੰ ਤਾਂ ਆਪਣਾ ਪਿਛੋਕੜ ਰਾਣਾ ਪ੍ਰਤਾਪ ਨਾਲ ਜੋੜਦੇ ਹਨ ਪਰ ਨਾਲੋ-ਨਾਲ ਘੱਟ ਨੰਬਰਾਂ ਦੇ ਆਧਾਰ ਉਤੇ ਦਾਖਲੇ ਅਤੇ ਸਰਕਾਰੀ ਨੌਕਰੀਆਂ ਦਾ ਲਾਲਚ ਨਹੀਂ ਛੱਡਿਆ । ਲੱਧੜ ਲਗਾਤਾਰ ਜਾਅਲੀ ਜਾਤੀ ਸਰਟੀਫਿਕੇਟਾਂ ਖ਼ਿਲਾਫ਼ ਲੜਾਈ ਲੜਦੇ ਆ ਰਹੇ ਹਨ। ਉਹਨਾਂ ਨੇ ਪਿੰਡ ਆਲਮਪੁਰ (ਪਟਿਆਲ਼ਾ)ਦੇ ਸਰਪੰਚ ਸਮੇਤ ਛੇ ਰਾਜਪੂਤਾ ਦੇ ਜਾਅਲੀ ਸਰਟੀਫਿਕੇਟ ਰੱਦ ਕਰਵਾਏ।
ਰਠੌਰ ਰਾਜਪੂਤ ਜੋ ਆਪਣੇ ਆਪ ਨੂੰ ਸਿਰਕੀਬੰਦ ਕਹਿੰਦੇ ਸਨ, ਦੇ ਸਰਟੀਫਿਕੇਟ ਮਾਨਯੋਗ ਹਾਈਕੋਰਟ ਤੱਕ ਰੱਦ ਹੋ ਚੁੱਕੇ ਹਨ। ਇੱਕ ਰਾਜਪੁਰਾ ਲਾਗਲੇ ਪਿੰਡ ਦੀ ਧੀ ਜਿਸ ਦੇ ਪਿਤਾ (ਬੀ ਬੀ ਐਮ ਬੀ) ਨੰਗਲ ਵਿਖੇ ਤੈਨਾਤ ਹਨ, ਡਾਕਟਰੀ ਦੀ 2018 ਤੋਂ ਪੜਾਈ ਕਰ ਰਹੀ ਰਵਜੀਤ ਕੌਰ ਜਿਸ ਨੇ ਰਾਜਪੂਤ ਹੁੰਦੇ ਹੋਏ ਸਿਰਕੀਬੰਦ ਦਾ ਝੂਠਾ ਸਰਟੀਫਿਕੇਟ ਬਣਾਇਆ ਸੀ, ਨੂੰ ਗੁਰੂ ਰਾਮ ਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਹ ਕਾਰਵਾਈ ਡਾ: ਰਾਜ ਬਹਾਦੁਰ ਵਾਈਸ ਚਾਂਸਲਰ ਨੇ ਪੜਤਾਲ ਉਪਰੰਤ ਕੀਤੀ।
ਰਾਜਪੂਤ ਬਰਾਦਰੀ ਦਾ ਜਾਅਲੀ ਸਰਟੀਫਿਕੇਟ ਬਣਾਉਣ ਦਾ ਸਿਲਸਿਲਾ 1975 ਦੇ ਆਸ ਪਾਸ ਸ਼ੁਰੂ ਹੋਇਆ , ਹੁਣ ਤਾਂ ਅਨਪੜ ਰਾਜਪੂਤਾਂ ਨੇ ਵੀ ਸਿਰਕੀਬੰਦ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਲਏ ਹਨ ਤਾਂ ਜੋ ਉਹਨਾਂ ਦੀਆਂ ਭਾਵੀ ਪੀੜੀਆਂ ਉਹਨਾਂ ਜਾਅਲੀ ਸਰਟੀਫਿਕੇਟਾਂ ਨੂੰ ਅਧਾਰ ਬਣਾ ਕੇ ਇਹ ਜਾਅਲੀ ਸਰਟੀਫਿਕੇਟਾਂ ਦਾ ਸਿਲਸਿਲਾ ਜਾਰੀ ਰੱਖ ਸਕਣ। ਜਾਅਲੀ ਸਰਟੀਫਿਕੇਟ ਇਕੱਲਾ ਰਾਜਪੂਤ ਹੀ ਨਹੀਂ ਬਣਾ ਰਹੇ, ਕੁੱਝ ਸਮਾਂ ਪਹਿਲਾਂ ਉੱਘਾ ਪੰਜਾਬੀ ਗਾਇਕ ਜਿਸ ਦਾ ਗਾਣਾ ਬੜਾ ਮਸ਼ਹੂਰ ਹੋਇਆ ਸੀ,”ਜੱਟ ਦੀ ਮੁੱਛ ਡਬਲਯੂ ਵਰਗੀ”, ਦੇ ਪਿਤਾ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਨਾਲ ਨੌਕਰੀ ਲਈ, ਤਰੱਕੀ ਲਈ ਤੇ ਸ਼ਾਨ ਨਾਲ ਸੇਵਾ ਮੁਕਤ ਬਤੌਰ ਪ੍ਰਿੰਸੀਪਲ ਹੋਇਆ। ਪਤਾ ਨਹੀਂ ਭਾਡਾਂ ਫੁੱਟਣ ਤੇ ਮੁੱਛ ਦੀ ਕੀ ਬਣਿਆ ਹੋਊ?
ਇੱਕ ਮਨਜੀਤ ਸਿੰਘ ਸੇਖੋਂ ਜਿਲਾ ਫਤਿਹਗੜ ਸਾਹਿਬ ਦਾ ਹੈ, ਜੋ ਹੈ ਤਾਂ ਜੱਟ ਸਿੱਖ, ਵਿਆਹ ਵੀ ਜੱਟਾਂ ਦੇ ਘਰ ਹੋਇਆ ਹੈ, ਬੜੀ ਬੇਸ਼ਰਮੀ ਨਾਲ ਅੱਜ ਵੀ ਪੀ ਡਬਲਯੂ ਡੀ ਪੰਜਾਬ ਸਰਕਾਰ ਅਧੀਨ ਐ੍ੱਸ.ਡੀ.ਓ ਲੱਗਾ ਹੋਇਆ ਹੈ। ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਦੀ ਰਿਪੋਰਟ ਕਿ ਉਸ ਦਾ ਸਰਟੀਫਿਕੇਟ ਜਾਅਲੀ ਹੈ, ਰੱਦ ਹੋਣਾ ਚਾਹੀਦਾ ਹੈ। ਡਾਇਰੈਕਟਰ ਜੱਗੀ ਸਾਹਿਬ ਨੇ ਪਤਾ ਨਹੀ ਕਿਵੇਂ ਉਸ ਪੜਤਾਲ ਨੂੰ ਸੁਣਿਆ ਬੰਦ ਕਰ ਦਿੱਤਾ। ਲੱਧੜ ਨੇ ਕਿਹਾ ਕਿ ਇਹ ਚਰਚਾਵਾਂ ਹਨ ਕਿ ਇਸ ਕੇਸ ਵਿੱਚ ਸੇਖੋਂ ਸਾਹਿਬ ਨੇ ਵੱਡੀ ਚਾਂਦੀ ਦੀ ਜੁੱਤੀ ਮਾਰੀ, ਕਿਸ ਦੇ ਮਾਰੀ ਇਹ ਮੈਂ ਪਾਠਕਾਂ ਲਈ ਸੋਚਣ ਦਾ ਵਿਸ਼ਾ ਛੱਡ ਰਿਹਾ ਹਾਂ।
ਉਨਾਂ ਕਿਹਾ ਕਿ ਜੋ ਡਰਾਫਟ ਸਰਕਾਰ ਨੂੰ ਭੇਜਿਆ ਹੈ ਉਹ ਬਹੁਤ ਅਸਾਨ ਹੈ। ਹਰੇਕ ਪ੍ਰਾਰਥੀ ਨੂੰ ਤੁਰੰਤ ਸਰਟੀਫਿਕੇਟ ਜਾਰੀ ਹੋ ਜਾਵੇ ਤਾਂ ਜੋ ਕਿਸੇ ਦਾ ਦਾਖਲਾ, ਨੌਕਰੀ ਆਦਿ ‘ਚ ਕੋਈ ਦਿੱਕਤ ਨਾ ਆਵੇ। ਅਜਿਹਾ ਸਰਟੀਫਿਕੇਟ ਸਿਰਫ਼ ਪਹਿਲੇ ਛੇ ਮਹੀਨੇ ਲਈ ਆਰਜੀ ਹੋਵੇ ਅਤੇ ਛੇ ਮਹੀਨੇ ਅੰਦਰ-ਅੰਦਰ ਪੱਕਾ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਰੀ ਹੋਣਾ ਲਾਜ਼ਮੀ ਹੋਵੇ। ਪੱਕਾ ਸਰਟੀਫਿਕੇਟ ਡਿਪਟੀ ਕਮਿਸ਼ਨਰ ਦੇ ਅਧੀਨ ਸੀਨੀਅਰ ਅਫਸਰਾਂ ਦੀ ਇੱਕ ਕਮੇਟੀ ਪੜਤਾਲ ਬਾਅਦ ਜਾਰੀ ਕਰਕੇ ਕਰੇ ਜਿਸ ਵਿੱਚ ਨੰਬਰਦਾਰ ਜਾਂ ਸਰਪੰਚ ਆਦਿ ਦੀ ਤਸਦੀਕ ਦੀ ਕੋਈ ਅਹਿਮੀਅਤ ਨਾ ਹੋਵੇ
ਸਿਰਫ ਤੇ ਸਿਰਫ ਕਮੇਟੀ ਮੈਂਬਰ ਹੀ ਜ਼ਿੰਮੇਵਾਰ ਹੋਣ। ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਤੇ ਤਸਦੀਕ ਕਰਨ ਵਾਲਿਆਂ ਲਈ ਵੱਡੀਆਂ ਸਜ਼ਾਵਾਂ ਹੋਣ।
ਅਜਿਹਾ ਤਜਰਬਾ ਮਾਹਾਰਾਸ਼ਟਰ ਤੇ ਉੜੀਆ ਸਰਕਾਰ ਪਹਿਲਾਂ ਹੀ ਕਰ ਚੁੱਕੀਆਂ ਹਨ । ਜੇਕਰ ਪੰਜਾਬ ਸਰਕਾਰ ਐਕਟ ਵਿੱਚ ਜ਼ਰੂਰੀ ਸੋਧ ਨਹੀ ਕਰਦੀ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਸੰਵਿਧਾਨ ਨੂੰ ਟਿੱਚ ਸਮਝਦੀ ਹੈ, ਬਾਬਾ ਸਾਹਿਬ ਦੀ ਫੋਟੋ ਲਾਉਣਾ ਇੱਕ ਢੋਂਗ ਹੈ ਤੇ “ਚੋਰ ਤੇ ਕੁੱਤੀ ਮਿਲੇ ਹੋਏ ਹਨ”।
ਇੱਥੇ ਦੱਸਿਆ ਜਾਂਦਾ ਹੈ ਕਿ ਸੁਚਾ ਰਾਮ ਲੱਧੜ ਸਾਬਕਾ ਆਈ.ਏ,ਐੱਸ ਅਧਿਕਾਰੀ ਹਨ, ਪੰਜਾਬ ਸਰਕਾਰ ਵਿਚ ਕਈ ਅਹਿਮ ਅਹੁਦਿਆ ਉਤੇ ਰਹੇ ਹਨ। ਅਜਕੱਲ ਪੰਜਾਬ ਭਾਜਪਾ ਦੇ ਅਨੁਸੂਚਿਤ ਜਾਤੀ ਵਿੰਗ ਦੇ ਸੂਬਾਈ ਪ੍ਰਧਾਨ ਹਨ।