ਬੁੱਧ ਬਾਣ
ਓਧਰੋਂ ਰੁਮਾਲ ਹਿੱਲਿਆ…
ਮੇਰੀ ਏਧਰੋਂ ਉਡੀ ਫੁਲਕਾਰੀ !
ਜਦੋਂ ਇਹ ਬੋਲੀ ਬਣੀ ਸੀ, ਉਦੋਂ ਪਿਆਰ ਮੁਹੱਬਤ ਦੇ ਇਹੋ ਹੀ ਸੰਚਾਰ ਸਾਧਨ ਹੁੰਦੇ ਸਨ । ਇਨ੍ਹਾਂ ਸੰਚਾਰ ਸਾਧਨਾਂ ਤੋਂ ਅੱਗੇ ਵੀ ਗੱਲ ਤੁਰਦੀ ਹੁੰਦੀ ਸੀ ਜਿਸਨੂੰ ਵਾਰਿਸ ਸ਼ਾਹ ਆਪਣੀ ਜਗਤ ਪ੍ਰਸਿੱਧ ਰਚਨਾ ‘ਹੀਰ’ ਵਿੱਚ ਲਿਖਦਾ ਹੈ…!
ਜੀਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ
ਵਾਰਿਸ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ !
ਹੁਣ ਤਾਂ ਜਿਵੇਂ ਕੈਨੇਡਾ ਤੇ ਯੂਕੇ ਵਿੱਚ ਤਿੰਨ ਡਬਲਿਊਜ਼ (Ws) ਦੀ ਬਹੁਤ ਮਹੱਤਤਾ ਹੈ। ਇਹ ਤਿੰਨ ਸ਼ਬਦ ਹਨ:- ਔਰਤ (Woman), ਨੌਕਰੀ (Work) ਤੇ ਮੌਸਮ (Weather) ਇਹਨਾਂ ਦਾ ਕੋਈ ਭਰੋਸਾ ਨਹੀਂ ਕਿ ਤੁਹਾਨੂੰ ਕਿਸਨੇ ਧੋਖਾ ਦੇ ਜਾਣਾ ਹੈ ਪਰ ਫੇਰ ਵੀ ਉਥੇ ਜ਼ਿੰਦਗੀ ਚੱਲੀ ਜਾ ਰਹੀ ਹੈ । ਇਥੇ ਇਹ ਗੱਲ ਨਹੀਂ ਜੋ ਪੰਜਾਬ ਵਿੱਚ ਹੈ।
ਪੰਜਾਬ ਇੰਗਲੈਂਡ ਦਾ ਗੁਲਾਮ ਰਿਹਾ ਹੈ । ਗੁਲਾਮੀ ਦਾ ਖ਼ੂਨ ਸਾਡੇ ਵਿੱਚ ਹੈ। ਪੰਜਾਬ ਵਿੱਚ ਜਦ ਗਦਰੀ ਬਾਬਿਆਂ ਨੇ ਅੰਗਰੇਜ਼ਾਂ ਖਿਲਾਫ਼ ਗਦਰ ਲਹਿਰ ਸ਼ੁਰੂ ਕੀਤੀ ਤਾਂ ਸਦੀਆਂ ਤੋਂ ਹਾਕਮਾਂ ਦੀ ਜੀ ਹਜ਼ੂਰੀ ਕਰਦੇ ਆਏ ਜਗੀਰਦਾਰ ਤੇ ਚੌਧਰੀ ਗਦਰੀ ਬਾਬਿਆਂ ਦੀ ਮੁਖ਼ਬਰੀ ਕਰਕੇ ਅੰਗਰੇਜ਼ਾਂ ਤੋਂ ਨਵੇਂ ਨਵੇਂ ਲਕਬ ਤੇ ਮੁਰੱਬੇ ਹਾਸਲ ਕਰਨ ਲੱਗੇ। ਦੇਸ਼ ਭਗਤਾਂ ਨਾਲ਼ੋਂ ਗਦਾਰਾਂ ਦੀ ਗਿਣਤੀ ਵੱਧ ਸੀ। ਚੋਰ ਚੋਰੀ ਕਰਨੋਂ ਭਾਂਵੇਂ ਹਟ ਜਾਏ ਪਰ ਹੇਰਾਫੇਰੀ ਤੋਂ ਨਹੀਂ ਹਟ ਸਕਦਾ । ਗੱਦਾਰੀ ਤੇ ਚੋਰੀ ਕਰਨੀ ਖਾਨਦਾਨੀ ਰੀਤ ਬਣ ਜਾਂਦੀ ਹੈ । ਜਿਵੇਂ ਕੋਈ ਜਮਾਂਦਰੂ ਬੀਮਾਰੀ ਸੱਤ ਪੀੜ੍ਹੀਆਂ ਤੱਕ ਵੀ ਨਹੀਂ ਜਾਂਦੀ, ਇਹੋ ਹਾਲ ਗੱਦਾਰ ਦਾ ਹੁੰਦਾ ਹੈ । ਗੱਲ ਸਮਝਣ ਲਈ ਆਹ ਰਾਜਸਥਾਨ ਦੀ ਲੋਕ ਕਥਾ ਪੜ੍ਹ ਲਵੋ ਜਿਹੜੀ ਡਾ.ਕੁਲਦੀਪ ਸਿੰਘ ਦੀਪ ਦੀ ਵਾੱਲ ਤੋਂ ਚੱਕੀ ਹੈ: ਤੁਸੀਂ ਪੜ੍ਹ ਲਵੋ!
‘ਨਾਨਕਿਆਂ ਦੀ ਨਸਲ’
ਰਾਜਸਥਾਨ ਦੀ ਇਕ ਦੰਦ ਕਥਾ ਹੈ। ਕਹਿੰਦੇ ਕਿ ਰਾਜਸਥਾਨ ਵਿਚ ਇਕ ਡਾਕੂ ਬੜਾ ਮਸ਼ਹੂਰ ਸੀ। ਉਨ੍ਹਾਂ ਦਿਨਾਂ ਵਿੱਚ ਰਾਜਸਥਾਨ ਵਿੱਚ ਡਾਕੂ ਬੋਤਿਆਂ ਉੱਪਰ ਚੜ੍ਹਕੇ ਡਾਕੇ ਮਾਰਦੇ ਹੁੰਦੇ ਸਨ ਕਿਉਂਕਿ ਮਾਰੂਥਲ ਵਿੱਚ ਬੋਤਿਆਂ ‘ਤੇ ਭੱਜਣਾ ਆਸਾਨ ਹੁੰਦਾ ਸੀ। ਉਸੇ ਹੀ ਇਲਾਕੇ ਵਿੱਚ ਬੋਤਿਆਂ ਦਾ ਇਕ ਮਸ਼ਹੂਰ ਵਪਾਰੀ ਰਹਿੰਦਾ ਸੀ। ਲੋਕ ਦੂਰੋਂ ਦੂਰੋਂ ਉਸ ਕੋਲ਼ੋਂ ਬੋਤੇ ਖ਼ਰੀਦਣ ਲਈ ਆਉਂਦੇ। ਉਹ ਡਾਕੂ ਵੀ ਉਸ ਕੋਲ਼ੋਂ ਬੋਤੇ ਖਰੀਦਣ ਚਲਾ ਗਿਆ। ਦੇਖਦੇ ਦਿਖਾਉਂਦੇ ਡਾਕੂ ਨੂੰ ਇਕ ਤੇਜ਼ ਤਰਾਰ ਬੋਤੀ ਪਸੰਦ ਆ ਗਈ। ਪਰ ਵਪਾਰੀ ਨੇ ਉਹ ਬੋਤੀ ਡਾਕੂ ਨੂੰ ਨਾ ਖਰੀਦਣ ਦੀ ਸਲਾਹ ਦਿੱਤੀ:
ਵਪਾਰੀ : “ਮੇਰੀ ਸਲਾਹ ਮੰਨ, ਤੂੰ ਇਹ ਬੋਤੀ ਨਾ ਖ਼ਰੀਦ।”
ਡਾਕੂ : “ਕਿਉਂ ?”
ਵਪਾਰੀ : “ਕਿਉਂਕਿ ਇਸ ਦੀ ਨਾਨੀ ਕਿਤੇ ਵੀ ਪਾਣੀ ਵੇਖਕੇ ਉਸ ਵਿੱਚ ਬਹਿ ਜਾਂਦੀ ਹੁੰਦੀ ਸੀ।”
ਡਾਕੂ : “ਕੀ ਕਦੇ ਇਸ ਦੀ ਮਾਂ ਪਾਣੀ ਵਿੱਚ ਬੈਠੀ ਸੀ ?”
ਵਪਾਰੀ : “ਨਹੀਂ।”
ਡਾਕੂ : “ਕੀ ਕਦੇ ਇਹ ਆਪ ਪਾਣੀ ਵਿੱਚ ਬੈਠੀ ਹੈ ?”
ਵਪਾਰੀ : “ਨਹੀਂ”
ਡਾਕੂ : “ਫੇਰ ਕੋਈ ਗੱਲ ਨਹੀਂ, ਇਹ ਆਪ ਕਦੇ ਪਾਣੀ ਵਿਚ ਨਹੀਂ ਬੈਠੀ, ਇਸ ਦੀ ਮਾਂ ਕਦੇ ਪਾਣੀ ਵਿਚ ਨਹੀਂ ਬੈਠੀ… ਨਾਨਕਿਆਂ ਦੀ ਗੱਲ ਤਾਂ ਹੁਣ ਬਹੁਤ ਪਿੱਛੇ ਰਹਿ ਗਈ…ਮੈਂ ਇਹੀ ਬੋਤੀ ਖਰੀਦਾਂਗਾ।”
ਗੱਲ ਕੀ, ਡਾਕੂ ਨੇ ਵਪਾਰੀ ਕੋਲ਼ੋਂ ਉਹ ਬੋਤੀ ਖ਼ਰੀਦ ਲਈ।
ਕੁਝ ਸਮੇਂ ਬਾਅਦ ਇਕ ਦਿਨ ਉਸਨੇ ਡਾਕਾ ਮਾਰਿਆ ਤਾਂ ਪਿੱਛੇ ਪੁਲਸ ਪੈ ਗਈ। ਨਵੀਂ ਖਰੀਦੀ ਹੋਈ ਤੇਜ਼ ਤਰਾਰ ਬੋਤੀ ਧੂੜ ਉਡਾਉਂਦੀ ਮਾਰੂਥਲਾਂ ਨੂੰ ਚੀਰਦੀ ਜਾਵੇ। ਡਾਕੂ ਬੜਾ ਖ਼ੁਸ਼ ! ਲੰਮਾ ਪੈਂਡਾ ਤੈਅ ਕਰਨ ਪਿੱਛੋਂ ਬੋਤੀ ਨੂੰ ਰੇਗਿਸਤਾਨ ਵਿਚ ਪਾਣੀ ਦਿਖ ਗਿਆ। ਬੋਤੀ ਨੇ ਪਾਣੀ ਦੇਖਦਿਆਂ ਸਾਰ ਜ਼ਰਾ ਵੀ ਢਿੱਲ ਨਾ ਕੀਤੀ ਤੇ ਝੱਟ ਪਾਣੀ ਵਿੱਚ ਬੈਠ ਗਈ। ਡਾਕੂ ਨੇ ਬੋਤੀ ਨੂੰ ਉਠਾਉਣ ਦੀ ਬੜੀ ਕੋਸ਼ਿਸ਼ ਕੀਤੀ, ਬੜਾ ਕੁੱਟਿਆ, ਪਰ ਬੋਤੀ ਟੱਸ ਤੋਂ ਮੱਸ ਨਾ ਹੋਈ। ਓਧਰ ਮਗਰ ਲੱਗੀ ਪੁਲਸ ਨੇ ਆ ਕੇ ਡਾਕੂ ‘ਤੇ ਰਫਲਾਂ ਤਾਣ ਲਈਆਂ। ਹੁਣ ਡਾਕੂ ਕਦੇ ਬੋਤੀ ਵੱਲ ਝਾਕੇ ਤੇ ਕਦੇ ਵਪਾਰੀ ਦੀ ਗੱਲ ਯਾਦ ਕਰੇ… “ਸਾਲ਼ੀ ਆਖ਼ਰ ਨਾਨਕਿਆਂ ‘ਤੇ ਈ ਗਈ…”
ਨਸਲੀ ਗੁਣ, ਔਗੁਣ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੇ ਹਨ…।
==
ਅੰਗਰੇਜ਼ਾਂ ਦੀ ਮਨਭਾਉਂਦੀ ਨੀਤੀ ‘ਪਾੜ੍ਹੋ ਤੇ ਰਾਜ ਕਰੋ’ ਸੀ।’ ਉਨ੍ਹਾਂ ਨੇ ਏਥੋਂ ਦੀ ਪੁਜਾਰੀ ਜਮਾਤ ਦੀਆਂ ਘੜੀਆਂ ਜਾਤਾਂ ਤੇ ਫਿਰਕਿਆਂ ਨੂੰ ਆਪਸ ਵਿੱਚ ਲੜਾ ਕੇ ਦੋ ਸੌ ਸਾਲ ਰਾਜ ਕੀਤਾ। ਸਮਾਜ ਦੇ ਜੱਦੀ ਪੁਸ਼ਤੀ ਗਦਾਰ ਆਪਣੇ ਹੀ ਲੋਕਾਂ ਨਾਲ਼ ਗਦਾਰੀ ਕਰਦੇ ਰਹੇ । ਦੇਸ਼ ਪੰਜਾਬ ਦੇ ਦੋ ਟੋਟੇ ਹੋ ਗਏ । ਗੋਰਿਆਂ ਤੋਂ ਅਖੌਤੀ ਆਜ਼ਾਦੀ ਤਾਂ ਭਾਂਵੇਂ ਮਿਲ਼ ਗਈ ਪਰ ਨਵੇਂ ਆਏ ਕਾਲ਼ੇ ਹਾਕਮਾਂ ਨੇ ਗਦਾਰਾਂ ਨੂੰ ਹਿੱਕ ਨਾਲ਼ ਲਾ ਲਿਆ ਤੇ ਉਹਨਾਂ ਨੂੰ ਰੁਤਬੇ ਬਖ਼ਸ਼ਣੇ ਸ਼ੁਰੂ ਕਰ ਦਿੱਤੇ। ਨਤੀਜਾ ਕੀ ਨਿਕਲ਼ਿਆ, ਦੇਸ਼ ਦੀ ਆਜ਼ਾਦੀ ਲਈ ਜੰਗ ਲੜਨ ਵਾਲ਼ੇ ਗਰੀਬ ਹੋ ਗਏ ਤੇ ਗਦਾਰ ਹਾਕਮ ਬਣ ਗਏ । ਭਾਰਤੀ ਹਕੂਮਤ ਦੀਆਂ ਅੱਖਾਂ ਵਿੱਚ ਅਣਖੀਲਾ ਪੰਜਾਬ ਅਤੇ ਸੱਚ ਤੇ ਨਿਆਂ ਲਈ ਲੜਨ ਵਾਲ਼ੇ ਪੰਜਾਬੀ ਅੱਜ ਵੀ ਰੜਕਦੇ ਹਨ । ਉਹ ਇਹਨਾਂ ਦੀ ਲੜਨ ਮਰਨ ਦੀ ਭਾਵਨਾ ਖ਼ਤਮ ਕਰਨ ਲਈ ਸਦਾ ਚਾਲਾਂ ਚਲਦੀ ਰਹਿੰਦੀ ਹੈ । ਉਸਦੀਆਂ ਖੁਫ਼ੀਆ ਏਜੰਸੀਆਂ ਆਪਣੇ ਮੁਖਬਰਾਂ ਰਾਹੀ ਇਹ ਚਾਲਾਂ ਚਲਦੀਆਂ ਹਨ। ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੌਰਾਨ ਮੋਹਰੀ ਰਹੇ ਸਰਕਾਰ ਦੇ ਪਾਲ਼ਤੂ ਬੰਦੇ ਅੱਜ ਵੀ ਜਿਉਂਦੇ ਜਾਗਦੇ ਹਨ । ਦੂਜੇ ਪਾਸੇ ਜਿਹੜੇ ਭਾਵੁਕ ਹੋ ਕੇ ਸੰਘਰਸ਼ ਵਿੱਚ ਵੜੇ, ਉਹ ਸਭ ਮਾਰੇ ਗਏ । ਹੁਣ ਭਾਰਤੀ ਹਾਕਮ ਅੰਗਰੇਜ਼ਾਂ ਵਾਲ਼ੀ ਨੀਤੀ ਹੀ ਵਰਤ ਰਹੇ ਹਨ । ਜਿਹੜਾ ਪੰਜਾਬ ਵਿਰੋਧੀ ਜਾਂ ਗੁਰਮਤਿ ਵਿਰੋਧੀ ਕੰਮ ਉਨ੍ਹਾਂ ਨੇ ਕਰਨਾ ਹੁੰਦਾ ਹੈ ਉਹ ਸਾਡੇ ਆਪਣੇ ਹੀ ਕਰੀ ਜਾਂਦੇ ਹਨ । ਆਮ ਪੰਜਾਬੀਆਂ ਦਾ ਸੋਚਣ ਵਾਲ਼ਾ ਖਾਨਾ ਬੰਦ ਹੈ। ਉਹ ਲੋਟੂਆਂ ਦੇ ਪਿੱਛਲੱਗ ਹਨ ਤੇ ਉਹਨਾਂ ਦੀਆਂ ਭਾਵਨਾਵਾਂ ਝੱਟ ਭੜਕ ਜਾਂਦੀਆਂ ਹਨ। ਗ਼ੈਰਾਂ ਦੇ ਉਕਸਾਏ ਤੇ ਵਰਗਲਾਏ ਉਹ ਪ੍ਰਵਾਨਿਆਂ ਵਾਂਗੂੰ ਗ਼ੈਰਾਂ ਦੀ ਜਗਾਈ ਸ਼ਮਾਂ ‘ਤੇ ਨੱਚਣ ਲਗਦੇ ਹਨ। ਹਾਕਮ ਆਪਣੇ ਸੂਤਰਾਂ ਰਾਹੀਂ ਇਸ਼ਾਰਾ ਕਰਦਾ (ਰੁਮਾਲ ਹਿਲਾਉਂਦਾ) ਹੈ ਤੇ ਏਧਰੋਂ ਫੁਲਕਾਰੀ ਹਿੱਲਦੀ ਹੈ ਤੇ ਫਿਰ ਕਿਸੇ ਨਵੇਂ ਮੁੱਦੇ ਦੇ ਹੱਕ ਤੇ ਵਿਰੋਧ ਵਿੱਚ ਜੰਗ ਸ਼ੁਰੂ ਹੋ ਜਾਂਦੀ ਹੈ। ਪੰਜਾਬ ਵਿੱਚ ਹੁਣ ਵੀ ਉਹੀ ਕੁਝ ਹੋ ਰਿਹਾ ਹੈ । ਦਿਮਾਗੋਂ ਪੈਦਲ ਜਨਤਾ ਇਸ਼ਾਰਾ ਮਿਲ਼ਦਿਆਂ ਹੀ ਕੁਰਬਾਨੀਆਂ ਦੇਣ ਲਈ ਪੱਬਾਂ ਭਾਰ ਹੋ ਜਾਂਦੀ ਹੈ । ਹਾਕਮ ਮੁਸਕੜੀਏਂ ਹੱਸਦਾ ਹੈ । ਅਸੀਂ ਆਪ ਹੀ ਆਪਣਿਆਂ ਦੇ ਸਿਰ ਪਾੜਨ ਤੇ ਉਨ੍ਹਾਂ ਦੇ ਮੁੱਲ ਵੱਟਣ ਲੱਗਦੇ ਹਾਂ। ਪਿਆਰ, ਜੰਗ ਤੇ ਸਿਆਸਤ ਵਿੱਚ ਕੋਈ ਕਿਸੇ ਦਾ ਪੱਕਾ ਦੁਸ਼ਮਣ ਨਹੀਂ ਹੁੰਦਾ। ਮੌਕਾਪ੍ਰਸਤੀ ਭਾਰੂ ਹੁੰਦੀ ਹੈ । ਜੇ ਇਹਨਾਂ ਜਮਾਤਾਂ ਨੂੰ ਦੂਜੇ ਤੇ ਫਿਰ ਤੀਜੇ ਬਦਲ ਮਿਲ਼ ਜਾਣ ਤਾਂ ਇਹ ਕਿਸੇ ਹੋਰ ਦੀ ਡੋਲ਼ੀ ਚੜ੍ਹ ਜਾਂਦੀਆਂ ਹਨ । ਆਸ਼ਕ ਰਾਂਝਾ ਮੱਝਾਂ ਚਾਰਦਾ ਹੀ ਰਹਿ ਜਾਂਦਾ ਹੈ। ਸਿਆਸੀ ਲੋਕ ਪੱਗ ਤੇ ਪਾਰਟੀ ਬਦਲਣ ਲੱਗਿਆ ਆਪਣੇ ਵਰਕਰਾਂ ਦੀਆਂ ਨਹੀਂ, ਆਪਣੀਆਂ ਸੁਖ ਸਹੂਲਤਾਂ ਵੇਖਦੇ ਹਨ । ਹੁਣ ਪੰਜਾਬ ਵਿੱਚ ਬਹੁਗਿਣਤੀ ਦਲ ਬਦਲੂ ਆਗੂਆਂ ਦੀ ਹੈ । ਕਿਸੇ ਨੂੰ ਆਪਣੇ ਸੂਬੇ ਤੇ ਕੌਮ ਦਾ ਫਿਕਰ ਨਹੀਂ ਹੈ। ਹੁਣ ਜ਼ਿਆਦਾਤਰ ਸਿਆਸੀ ਆਗੂ ਪੱਕੇ ਤੇ ਸ਼ਾਤਰ ਚੋਰ ਬਣ ਚੁੱਕੇ ਹਨ । ਉਹ ਗੰਗਾ ਨਹਾ ਕੇ ਉਹਨਾਂ ਹਾਕਮਾਂ ਦੀ ਖੁਰਲੀ ਉਤੇ ਜਾ ਰਹੇ ਹਨ ਜਿਹੜੇ ਖਾਨਦਾਨੀ ਗੱਦਾਰ ਹਨ । ਉਹ ਧਰਮ ਦਾ ਲਿਬਾਸ ਪਾ, ਪੂਰਨ ਆਜ਼ਾਦੀ ਦਾ ਨਾਹਰਾ ਲਾ ਕੇ ਕਿਸੇ ਵਿਰੋਧੀ ਦੀਆਂ ਭਾਵਨਾਵਾਂ ਭੜਕਾਉਂਦੇ ਹਨ । ਹੁਣ ਲੋਕ ਫਿਰ ਆਪਣੇ ਆਪ ਨੂੰ ਠੱਗੇ ਗਏ ਮਹਿਸੂਸ ਕਰਨ ਲੱਗੇ ਹਨ । ਹਾਕਮ ਚਾਲਾਂ ਚੱਲ ਰਹੇ ਹਨ । ਹਰ ਥਾਂ ਆਪਣੇ ਬੰਦੇ ਫਿੱਟ ਕਰ ਰਹੇ ਹਨ ਤੇ ਅਸੀਂ ਸੇਵਾ ਭਾਵਨਾ ਵਿੱਚ ਗੜੁੱਚ ਸਵਰਗ ਜਾਣ ਲਈ ਕਦੇ ਢਿੱਡੋਂ ਭੁੱਖਿਆਂ ਲਈ ਤੇ ਕਦੇ ਸੱਤਾ ਦੇ ਭੁੱਖਿਆਂ ਲਈ ਲੰਗਰ ਲਗਾ ਰਹੇ ਹਾਂ । ਹਾਕਮ ਠਾਠ ਨਾਲ਼ ਰਾਜ ਕਰੀ ਜਾ ਰਹੇ ਹਨ ਤੇ ਅਸੀਂ ਭੁੱਖ ਨੰਗ ਨਾਲ਼ ਘੁਲ਼ਦੇ ਫਾਹੇ ਲੈ ਕੇ ਮਰੀ ਜਾ ਰਹੇ ਹਾਂ। ਲਗਦਾ ਸਾਡੇ ਸੋਚਣ ਵਾਲ਼ੇ ਖ਼ਾਨੇ ਦਾ ਸੁੱਚ ਹੀ ਬੰਦ ਹੈ ।
ਏਧਰੋਂ ਹਾਕਮ ਨੇ ਰੁਮਾਲ ਹਿਲਾਇਆ ਤੇ ਓਧਰ ਫੁਲਕਾਰੀਆਂ ਹਿੱਲਣ ਤੇ ਕਿੱਲ੍ਹਣ ਲੱਗੀਆਂ। ਗਾਇਕਾ ਬੀਬੀ ਰਣਜੀਤ ਕੌਰ ਦੇ ਬੋਲ ਹਵਾ ਵਿੱਚ ਗੂੰਜਣ ਲੱਗੇ: “ਨੀ ਓਧਰੋਂ ਰੁਮਾਲ ਹਿੱਲਿਆ, ਮੇਰੀ ਏਧਰੋਂ ਉਡੀ ਫੁਲਕਾਰੀ !”
ਗੱਲ ਸਮਝਣ ਵਾਲ਼ੀ ਹੈ ਕਿ ਰੁਮਾਲ ਹਿਲਾ ਕੌਣ ਰਿਹਾ ਹੈ ਤੇ ਕਦੋਂ ਤੱਕ ਇਹ ਰੁਮਾਲ ਏਦਾਂ ਹੀ ਹਿੱਲਦੇ ਰਹਿਣਗੇ ਤੇ ਅਸੀਂ ਕਠਪੁਤਲੀਆਂ ਵਾਂਗੂੰ ਤਾਂਡਵ ਨਾਚ ਨੱਚਦੇ ਰਹਾਂਗੇ ?
ਬੁੱਧ ਸਿੰਘ ਨੀਲੋਂ
94643 70823