ਚੰਦੂਮਾਜਰਾ ਨੇ ਕਿਸ ਨੂੰ ਦੱਸਿਆ ਭਾਜਪਾ ਦਾ ਏਜੰਟ
ਕਿਹੋ ਜਿਹਾ ਹੋਵੇਗਾ ਪਾਰਟੀ ਦਾ ਜਰਨੈਲ
ਚੰਡੀਗੜ 28 ਜੂਨ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੀ ਖਾਨਾਜੰਗੀ ਇਕ ਵਾਰ ਮੁੜ ਸਿਖ਼ਰ ਵੱਲ ਵੱਧ ਰਹੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਜੇ-ਖੱਬੇ ਰਹਿਣ ਵਾਲੇ ਸੀਨੀਅਰ ਨੇਤਾਵਾਂ ਨੇ ਹੁਣ ਸੁਖਬੀਰ ਖਿਲਾਫ਼ ਸਿੱਧੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਲੱਗ ਧੜਾ ਬਣਾਉਣ ਵਾਲੇ ਆਗੂਆਂ ਨੂੰ ਭਾਜਪਾ ਦਾ ਏਜੰਟ ਦੱਸਣ ‘ਤੇ ਭਟਕ ਗਏ ਹਨ। ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਨਾਮ ਲਏ ਬਗੈਰ ਬਾਦਲ ਪਰਿਵਾਰ ਤੇ ਤਿੱਖੇ ਹਮਲੇ ਕੀਤੇ।
ਗੁੱਸੇ ਵਿਚ ਭਰੇ ਪੀਤੇ ਚੰਦੂਮਾਜਰਾ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਭਾਜਪਾ ਦੀ ਸਰਕਾਰਾਂ ਵਿਚ ਵਜੀਰੀਆਂ ਦਾ ਆਨੰਦ ਮਾਣਿਆ ਅੱਜ ਉਹੀ ਉਨ੍ਹਾਂ ਨੂੰ ਭਾਜਪਾ ਦੇ ਏਜੰਟ ਦੱਸ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਵਜੀਰੀਆ ਦਾ ਆਨੰਦ ਲੈਣ ਵਾਲੇ ਹੁਣ ਉਹਨਾਂ ਨੂੰ ਭਾਜਪਾ ਦਾ ਏਜੰਟ ਦੱਸਣਗੇ। ਉਨਾਂ ਕਿਹਾ ਕਿ ਸਰਕਾਰਾਂ ਦਾ ਨਿੱਘ ਮਾਨਣ ਵਾਲੇ, ਸਾਬਕਾ ਮੁੱਖ ਮੰਤਰੀ ਸੁਰਜੀਤ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਾਉਣ ਤੋਂ ਰੋਕਣ ਵਾਲੇ,ਚੰਡੀਗੜ ਦੇ ਮੇਅਰ ਦੀ ਚੋਣ ਅਤੇ ਰਾਸ਼ਟਰਪਤੀ ਦੇ ਅਹੁੱਦੇ ਲਈ ਵੋਟ ਪਾਉਣ ਵਾਲੇ ਅਤੇ ਤਿੰਨ ਖੇਤੀ ਕਾਨੂੰਨਾਂ ਦੇ ਹੱਕ ਵਿਚ ਭੁਗਤਣ, ਖੇਤੀ ਕਾਨੂੰਨਾਂ ਨੂੰ ਜ਼ਾਇਜ਼ ਦੱਸਣ ਇਥੋਂ ਤੱਕ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਖੇਤੀ ਕਾਨੂੰਨਾਂ ਦੇ ਹੱਕ ਵਿਚ ਬਿਆਨ ਦਿਵਾਉਣ ਵਾਲੇ ਕੀ ਭਾਜਪਾ ਦੇ ਏਜੰਟ ਨਹੀਂ ਹਨ?
ਅਜਿਹੀ ਦਿਖ ਦਾ ਆਗੂ ਹੋਵੇਗਾ ਪਾਰਟੀ ਦਾ ਜਰਨੈਲ
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਉਹ ਅਰਸ਼ ਤੋਂ ਫਰਸ਼ ‘ਤੇ ਆਏ ਅਕਾਲੀ ਦਲ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਅਤੀਤ ਵਿਚ ਕੀਤੀਆਂ ਗਲਤੀਆਂ ਦੀ ਭੁੱਲ ਬਖਸ਼ਾਉਣ ਲਈ ਅਰਜੋਈ ਕਰਨਗੇ। ਫਿਰ ਪੰਜਾਬ ਵਿਚ ਅਕਾਲੀ ਬਚਾਓ ਲਹਿਰ ਸ਼ੁਰੂ ਕੀਤੀ ਜਾਵੇਗੀ। ਇਸ ਲਹਿਰ ਦੌਰਾਨ ਬਾਣੀ ਤੇ ਬਾਣਾ ਧਾਰਨ ਵਾਲੇ ਆਗੂ, ਸਿੱਖੀ ਸਰੂਪ ਦਿੱਖ ਵਾਲੇ, ਗੁਰਬਾਣੀ ਦਾ ਗਿਆਨ ਰੱਖਣ ਵਾਲੇ , ਧਰਮ ਅਤੇ ਸਿਆਸੀ ਸੂਝਬੂਝ ਰੱਖਣ ਵਾਲੇ ਅੰਮ੍ਰਤਿਧਾਰੀ ਆਗੂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਜਿਹੜਾ ਵੀ ਬਣਿਆ ਉਹ ਫਿਰ ਮੁੱਖ ਮੰਤਰੀ ਬਣਨ ਦੇ ਅਹੁੱਦੇ ਦਾ ਉਮੀਦਵਾਰ ਨਹੀਂ ਹੋਵੇਗਾ।