-ਵਰਕਿੰਗ ਕਮੇਟੀ ਨੇ ਬਾਗੀਆ ਬਾਰੇ ਕੀ ਲਿਆ ਫੈਸਲਾ
-ਜਥੇਬੰਦਕ ਢਾਂਚਾ ਬਣਾਉਣ ਦੇ ਅਧਿਕਾਰ ਮੁੜ ਸੁਖਬੀਰ ਬਾਦਲ ਨੂੰ ਸੌਂਪੇ
ਚੰਡੀਗੜ੍ਹ 26 ਜੂਨ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਮੁੜ ਭਰੋਸਾ ਪ੍ਰਗਟ ਕੀਤਾ ਹੈ, ਉਥੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਬਦਲਾਅ ਕਰਨ ਦੇ ਸਾਰੇ ਅਧਿਕਾਰ ਵੀ ਪਿਛਲੀਆਂ ਰਿਵਾਇਤਾਂ ਵਾਂਗ ਮੁੜ ਸੁਖਬੀਰ ਬਾਦਲ ਨੂੰ ਸੌਂਪ ਦਿੱਤੇ ਹਨ।
ਸੂਤਰ ਦੱਸਦੇ ਹਨ ਕਿ ਵਰਕਿੰਗ ਕਮੇਟੀ ਅਤੇ ਸੀਨੀਅਰ ਆਗੂਆਂ ਨੇ ਬਾਗੀ ਹੋਏ ਅਕਾਲੀ ਆਗੂਆਂ ਨੂੰ ਨਾ ਮਨਾਉਣ ਦਾ ਫੈਸਲਾ ਕਰ ਲਿਆ ਹੈ। ਪਾਰਟੀ ਨੇ ਅਕਾਲੀ ਦਲ ਵਿਚ ਨਵੀਂ ਲੀਡਰਸ਼ਿਪ ਦਾ ਉਭਾਰ ਕਰਨ ਦਾ ਫੈਸਲਾ ਕੀਤਾ ਹੈ।
ਵਰਕਿੰਗ ਕਮੇਟੀ ਨੇ ਵੱਖਰਾ ਧੜਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਅਕਾਲੀ ਆਗੂਆਂ ਨੂੰ ਕਿਹਾ ਕਿ ਉਹ ‘ਪਾਰਟੀ ਪਲੇਟਫਾਰਮ’ ’ਤੇ ਆ ਕੇ ਆਪਣੇ ਵਿਚਾਰ ਪੇਸ਼ ਕਰਨ ਅਤੇ ਜੇਕਰ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਸਮਝਿਆ ਜਾਵੇਗਾ। ਯਾਨੀ ਪਾਰਟੀ ਪ੍ਰਧਾਨ ਤੇ ਪਾਰਟੀ ਖਿਲਾਫ਼ ਬੋਲਣ ਵਾਲੇ ਖੁਦ ਨੂੰ ਪਾਰਟੀ ਤੋਂ ਕੱਢੇ ਹੋਏ ਮੰਨ ਲੈਣ। ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਹੁਣ ਬਾਗੀ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕਰੇਗੀ।
ਬਲਵਿੰਦਰ ਸਿੰਘ ਭੂੰਦੜ ਨੇ ਕੀ ਕਿਹਾ–
ਅਕਾਲੀ ਦਲ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਬਹੁਗਿਣਤੀ ਆਗੂਆਂ, ਕੋਰ ਕਮੇਟੀ, ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਉਤੇ ਭਰੋਸਾ ਪ੍ਰਗਟ ਕੀਤਾ ਹੈ। ਉਨਾਂ ਕਿਹਾ ਕਿ ਵਰਕਿੰਗ ਕਮੇਟੀ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਕਿਸੇ ਆਗੂ ਨੇ ਆਪਣੀ ਕੋਈ ਗੱਲ ਕਹਿਣੀ ਹੈ ਤਾਂ ਉਹ ਪਾਰਟੀ ਪਲੇਟਫਾਰਮ ਉਤੇ ਰੱਖੇ ਜੇਕਰ ਉਹ ਪਾਰਟੀ ਪਲੇਟਫਾਰਮ ਉਤੇ ਨਹੀਂ ਆਉਂਦੇ ਤਾਂ ਉਹ ਖੁਦ ਨੂੰ ਪਾਰਟੀ ਤੋਂ ਬਾਹਰ ਸਮਝ ਲੈਣ।
ਭੂੰਦੜ ਨੇ ਕਿਹਾ ਕਿ ਭਾਜਪਾ ਵੀ ਕਾਂਗਰਸ ਨਾਲੋਂ ਵੱਧ ਮਾੜੀ ਨਿਕਲੀ ਹੈ। ਅਕਾਲੀ ਦਲ ਲਗਾਤਾਰ ਕਾਂਗਰਸ ਖਿਲਾਫ਼ ਲੜਦਾ ਰਿਹਾ ਅਤੇ ਭਾਜਪਾ ਨਾਲ ਉਸ ਵਕਤ ਸਾਂਝ ਪਾਈ ਜਦੋਂ ਦੇਸ਼ ਵਿੱਚ ਭਾਜਪਾ ਜ਼ੀਰੋ ‘ਤੇ ਖੜ੍ਹੀ ਸੀ। ਪਰ ਭਾਜਪਾ ਸਿੱਖਾਂ ਖਾਸਕਰਕੇ ਅਕਾਲੀ ਦਲ ਕਾਂਗਰਸ ਨਾਲੋਂ ਵੱਧ ਨੁਕਸਾਨ ਕਰਨ ਲੱਗੀ ਹੋਈ ਹੈ। ਦਿੱਲੀ ਨੇ ਪਹਿਲਾਂ ਗੁਆਂਢੀ ਸੂਬਿਆ ਨੂੰ ਰਿਆਇਤਾਂ ਦੇ ਕੇ ਸੂਬੇ ਦੀ ਆਰਥਿਕਤਾ ਤਬਾਹ ਕਰ ਦਿੱਤੀ। ਉਨਾਂ ਕਿਹਾ ਕਿ ਜੇਕਰ ਮੁੰਬਈ ਬੰਦਰਗਾਹ ਅਤੇ ਗੁਜਰਾਤ ਤੋਂ ਕਰਾਚੀ, ਪਾਕਿਸਤਾਨ ਨਾਲ ਵਪਾਰ ਹੋ ਸਕਦਾ ਹੈ ਤਾਂ ਫਿਰ ਅਟਾਰੀ ਬਾਰਡਰ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ। ਉਨਾਂ ਕਿਹਾ ਕਿ ਦਿੱਲੀ ਨੇ ਪਹਿਲਾਂ ਸੂਬੇ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ, ਪਾਣੀ ਖੋਹੇ ਸਨ ਹੁਣ ਬੀਬੀਐਮਬੀ ਦਾ ਚੇਅਰਮੈਨ ਨਿਯੁਕਤੀ ਕਰਨ ਦਾ ਅਧਿਕਾਰ ਵੀ ਖੋਹ ਲਿਆ ਹੈ।
ਭਾਈ ਧਾਮੀ ਨੇ ਕਿਹਾ
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ | ਉਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਗੁਜਰਾਤ ਦੀ ਇੱਕ ਲੜਕੀ ਨੇ ਸ੍ਰੀ ਦਰਬਾਰ ਸਾਹਿਬ ਆ ਕੇ ਯੋਗਾ ਕਰਕੇ ਸਿੱਖ ਧਰਮ ਦੀ ਮਾਣ ਮਰਿਆਦਾ ਨੂੰ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੁਨੀਆ ਦਾ ਇੱਕੋ ਇੱਕ ਧਾਰਮਿਕ ਸਥਾਨ ਹੈ ਜਿੱਥੇ 24 ਘੰਟੇ ਸ਼ਬਦ ਕੀਰਤਨ ਹੁੰਦਾ ਹੈ। ਉਨਾਂ ਕੰਗਣਾ ਰਨੌਤ ਦਾ ਨਾਮ ਲਏ ਬਗੈਰ ਕਿਹਾ ਕਿ ਦੇਸ਼ ਦਾ ਇਕ ਸੰਸਦ ਮੈਂਬਰ ਚੁਣੇ ਜਾਣ ਬਾਅਦ ਸਿੱਖ ਕੌਮ ਖਿਲਾਫ ਨਫਰਤ ਫੈਲਾਉਣ ਲੱਗਿਆ ਹੋਇਆ ਹੈ। ਸਰਕਾਰ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਜਦਕਿ ਚੰਡੀਗੜ ਏਅਰਪੋਰਟ ਉਤੇ ਮਹਿਲਾ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ । ਧਾਮੀ ਨੇ ਕਿਹਾ ਕਿ ਐਤਵਾਰ ਨੂੰ ਰਾਜਸਥਾਨ ਵਿੱਚ ਜੁਡੀਸ਼ੀਅਲ ਪੇਪਰ ਵਿਚ ਇੱਕ ਅੰਮ੍ਰਿਤਧਾਰੀ ਲੜਕੀ ਨੂੰ ਸ੍ਰੀ ਸਾਹਿਬ ਪਾਈ ਹੋਣ ਕਰਕੇ ਇਮਤਿਹਾਨ ਵਿਚ ਬੈਠਣ ਨਹੀਂ ਦਿੱਤਾ। ਉਹਨਾਂ ਕਿਹਾ ਕਿ ਦੇਸ਼ ਵਿਚ ਘੱਟ ਗਿਣਤੀਆਂ ਅਸੁੱਰਿਖਅਤ ਮਹਿਸੂਸ ਕਰ ਰਹੀਆਂ ਹਨ।