-ਬਾਜਵਾ ਦਾ ਕਾਂਗਰਸੀ ਸਰੀਰ ਭਾਜਪਾ ਲਈ ਧੜਕਦਾ -ਚੀਮਾ
ਚੰਡੀਗੜ੍ਹ, 23 ਜੂਨ (ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ‘ਆਪ’ ਪੰਜਾਬ ਦੇ 45 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਤਾਪ ਬਾਜਵਾ ਨੂੰ ਭਾਜਪਾ ਦਾ ਏਜੰਟ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਬਾਜਵਾ ਕਾਂਗਰਸ ਵਿੱਚ ਰਹਿੰਦਿਆਂ ਭਾਜਪਾ ਲਈ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬਾਜਵਾ ਖੁਦ ਆਪਣੇ ਘਰ ਦੀਆਂ 12 ਪੌੜੀਆਂ ਚੜ੍ਹ ਕੇ ਕਿਸੇ ਵੀ ਸਮੇਂ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੇ ਘਰ ‘ਤੇ ਭਾਜਪਾ ਦਾ ਝੰਡਾ ਪਹਿਲਾਂ ਹੀ ਮੌਜੂਦ ਹੈ। ਚੀਮਾ ਨੇ ਕਿਹਾ ਕਿ ਬਾਜਵਾ ਦੇ ਬਿਆਨ ਤੋਂ ਲੱਗਦਾ ਹੈ ਕਿ ਉਨ੍ਹਾਂ ਦਾ ਸਰੀਰ ਕਾਂਗਰਸ ‘ਚ ਹੈ, ਪਰ ਉਨ੍ਹਾਂ ਦਾ ਦਿਲ ਭਾਜਪਾ ਲਈ ਧੜਕਦਾ ਹੈ। ਉਹ ਕਾਂਗਰਸ ਵਿੱਚ ਭਾਜਪਾ ਦੇ ਇੰਪੈਕਟ ਪਲੇਅਰ ਵਾਂਗ ਹਨ।
ਹਰਪਾਲ ਚੀਮਾ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਕਹਿੰਦੀ ਹੈ ਕਿ ਭਾਜਪਾ ਲੋਕਤੰਤਰ ਅਤੇ ਸੰਵਿਧਾਨ ਦੇ ਖਿਲਾਫ ਕੰਮ ਕਰ ਰਹੀ ਹੈ। ਭਾਜਪਾ ਨੇ ਸੱਤਾ ਦੀ ਦੁਰਵਰਤੋਂ ਕਰਕੇ, ਉਸਨੇ ਪਿਛਲੇ 10 ਸਾਲਾਂ ਵਿੱਚ ਅੱਧੀ ਦਰਜਨ ਤੋਂ ਵੱਧ ਚੁਣੀਆਂ ਹੋਈਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗ ਦਿੱਤਾ। ਜਦਕਿ ਪ੍ਰਤਾਪ ਬਾਜਵਾ ਪੰਜਾਬ ਵਿੱਚ ਭਾਜਪਾ ਦੀਆਂ ਇਨ੍ਹਾਂ ਸੰਵਿਧਾਨ ਵਿਰੋਧੀ ਕਾਰਵਾਈਆਂ ਦਾ ਸਮਰਥਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਬਾਜਵਾ ਦੇ ਇਸ ਬਿਆਨ ਤੋਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਜਾਣੂ ਕਰਵਾਵਾਂਗੇ ਅਤੇ ਉਨ੍ਹਾਂ ਨੂੰ ਪ੍ਰਤਾਪ ਸਿੰਘ ਬਾਜਵਾ ਵਰਗੇ ਆਗੂਆਂ ਤੋਂ ਸੁਚੇਤ ਰਹਿਣ ਦੀ ਬੇਨਤੀ ਵੀ ਕਰਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਭਾਜਪਾ ਤੋਂ ਘੱਟ ਪ੍ਰਤਾਪ ਬਾਜਵਾ ਵਰਗੇ ਭਾਜਪਾ ਦੇ ਏਜੰਟਾਂ ਤੋਂ ਜਿਆਦਾ ਖਤਰਾ ਹੈ, ਜੋ ਕਾਂਗਰਸ ਵਿੱਚ ਰਹਿ ਕੇ ਪਾਰਟੀ ਨੂੰ ਡੁਬੋਣ ਦਾ ਕੰਮ ਕਰਦੇ ਹਨ।
ਭਾਜਪਾ ਨੂੰ ਨਸੀਹਤ ਦਿੰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਨ। ਉਨ੍ਹਾਂ ਨੂੰ ਨਾ ਤਾਂ ਭਾਜਪਾ ਦਾ ਕੋਈ ਡਰ ਹੈ ਅਤੇ ਨਾ ਹੀ ਭਾਜਪਾ ਦਾ ਅਪਰੇਸ਼ਨ ਲੋਟਸ ਉਨ੍ਹਾਂ ਨੂੰ ਤੋੜ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਵਿਧਾਇਕ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਵਫ਼ਾਦਾਰ ਹਨ। ਉਨ੍ਹਾਂ ਨੂੰ ਕੋਈ ਵੀ ਖਰੀਦ ਜਾਂ ਤੋੜ ਨਹੀਂ ਸਕਦਾ।