ਗੁਰਦਾਸਪੁਰ 17 ਜੂਨ (ਖ਼ਬਰ ਖਾਸ ਬਿਊਰੋ)
ਕਲਾਨੌਰ ਨੇੜੇ ਪੈਂਦੇ ਪਿੰਡ ਰਹੀਮਾਬਾਦ ‘ਚ ਟਰੈਕਟਰ ਉਤੇ ਉੱਚੀ ਅਵਾਜ਼ ਵਿਚ ਵੱਜਦੇ ਸਪੀਕਰ ਨੇ ਇਕ ਔਰਤ ਦੀ ਜ਼ਿਦਗੀ ਖ਼ਤਮ ਕਰ ਦਿੱਤੀ ਹੈ। ਜਦਕਿ ਉਸ ਔਰਤ ਦਾ ਮੁੰਡਾ ਜਖ਼ਮੀ ਹੋ ਗਿਆ ਹੈ।
ਘਟਨਾਂ ਐਤਵਾਰ ਦੇਰ ਰਾਤ ਦੀ ਹੈ। ਜਾਣਕਾਰੀ ਅਨੁਸਾਰ ਪਿੰਡ ਰਹੀਮਾਬਾਦ ਵਿਖੇ ਟਰੈਕਟਰ ਨਾਲ ਇਕ ਨੌਜਵਾਨ ਮਿੱਟੀ ਪੁੱਟ ਰਿਹਾ ਸੀ। ਟਰੈਕਟਰ ‘ਤੇ ਲੱਗੇ ਸਪੀਕਰ ਦੀ ਆਵਾਜ਼ ਬਹੁਤ ਉੱਚੀ ਸੀ , ਜਦੋ ਉਸਦੀ ਮਾਂ ਤੇ ਚਚੇਰੇ ਭਰਾ ਨੇ ਅਵਾਜ਼ ਘੱਟ ਕਰਨ ਨੂੰ ਕਿਹਾ ਤਾਂ ਟਰੈਕਟਰ ਚਾਲਕ ਨੇ ਦੋਸਤਾਂ ਨਾਲ ਮਿਲ ਕੇ ਮਾਂ-ਪੁੱਤ ‘ਤੇ ਟਰੈਕਟਰ ਚੜਾ ਦਿੱਤਾ। ਇਸ ਹਾਦਸੇ ਵਿਚ ਮਾਂ ਨੇ ਦਮ ਤੋੜ ਦਿੱਤਾ ਜਦਕਿ ਬੇਟਾ ਗੰਭੀਰ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਾਨ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਦਸ ਵਜੇ ਉਸ ਦੇ ਚਾਚੇ ਦਾ ਲੜਕਾ ਪ੍ਰਿੰਸ ਖੇਤਾਂ ਵਿੱਚ ਮਿੱਟੀ ਪੁੱਟ ਰਿਹਾ ਸੀ,ਜਿਸਨੂੰ ਟਰੈਕਟਰ ਉਤੇ ਲਗਾਏ ਗਏ ਸਪੀਕਰ ਦੀ ਆਵਾਜ਼ ਘੱਟ ਕਰਨ ਲਈ ਕਹਿਣ ਗਿਆ ਸੀ। ਉਨ੍ਹਾਂ ਡਰਾਈਵਰ ਨੂੰ ਸਪੀਕਰ ਦੀ ਆਵਾਜ਼ ਘੱਟ ਕਰਨ ਲਈ ਵੀ ਕਿਹਾ। ਇਸ ਤੋਂ ਗੁੱਸੇ ‘ਚ ਆ ਕੇ ਟਰੈਕਟਰ ਚਾਲਕ ਨੇ ਆਪਣੇ 6 ਸਾਥੀਆਂ ਨਾਲ ਮਿਲ ਕੇ ਆਪਣੀ ਮਾਂ, ਚਾਚੇ ਦੇ ਲੜਕੇ ਅਤੇ ਉਸ ‘ਤੇ ਟਰੈਕਟਰ ਚੜਾ ਦਿੱਤਾ। ਚਾਚੇ ਦੇ ਲੜਕੇ ਪ੍ਰਿੰਸ ਨੇ ਦੂਜੇ ਪਾਸੇ ਛਾਲ ਮਾਰ ਕੇ ਆਪਣਾ ਬਚਾਅ ਕੀਤਾ, ਜਦਕਿ ਦੋਵੇਂ ਟਰੈਕਟਰ ਦੀ ਲਪੇਟ ਵਿੱਚ ਆ ਗਏ। ਇਸ ਕਾਰਨ ਦੋਵੇਂ ਮਾਂ-ਪੁੱਤ ਜ਼ਖ਼ਮੀ ਹੋ ਗਏ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਦੀ ਮਾਂ ਦੀ ਮੌਤ ਹੋ ਗਈ। ਉਨ੍ਹਾਂ ਪੁਲੀਸ ਤੋਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।