— ਮਾਨ ਨੇ 13-0 ਦਾ ਦਾਅਵਾ ਕਰਦੇ ਹੋਏ ਆਪਣੇ ਕੰਮਾਂ ‘ਤੇ ਵੋਟਾਂ ਮੰਗੀਆਂ, ਪਰ ਚੋਣਾਂ ਵਿਚ ਸਿਰਫ 26% ਵੋਟਾਂ ਹੀ ਮਿਲੀਆਂ, ਜੋ ਕਿ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ 42% ਵੋਟ ਹਿੱਸੇ ਤੋਂ ਬਹੁਤ ਵੱਡੀ ਗਿਰਾਵਟ ਹੈ: ਵਿਨੀਤ ਜੋਸ਼ੀ
ਚੰਡੀਗੜ੍ਹ, 16 ਜੂਨ ( ਖ਼ਬਰ ਖਾਸ ਬਿਊਰੋ)
ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ਼ ਵਿਨੀਤ ਜੋਸ਼ੀ ਨੇ ਆਮ ਆਦਮੀ ਪਾਰਟੀ ਨੂੰਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਉਤੇ ਉਂਗਲ ਚੁੱਕਣ ਦੀ ਬਜਾਏ ਪਹਿਲਾਂ ਆਪਣੇ ਅੰਦਰ ਝਾਤ ਮਾਰਨ ਦੀ ਸਲਾਹ ਦਿੱਤੀ ਹੈ। ਜੋਸ਼ੀ ਨੇ ਕਿਹਾ ਕਿ ਭਾਜਪਾ ਦੀ ਲੋਕ ਸਭਾ ਚੋਣਾਂ ਵਿਚ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਨਾਲੋ ਕਿਤੇ ਬਿਹਤਰ ਰਹੀ ਹੈ। ਉਨਾਂ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਪੰਜਾਬ ਦੇ 12 ਲੋਕ ਸਭਾ ਹਲਕਿਆਂ ਵਿੱਚ ਭਾਜਪਾ ਦਾ ਵੋਟ ਸ਼ੇਅਰ ਵਧਿਆ ਹੈ। ਜਦਕਿ ਇਸਦੇ ਉਲਟ 13 ਲੋਕ ਸਭਾ ਸੀਟਾਂ ‘ਤੇ ‘ਆਪ’ ਦਾ ਵੋਟ ਸ਼ੇਅਰ ਘਟਿਆ ਹੈ।
ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 42 ਫੀਸਦੀ ਵੋਟਾਂ ਮਿਲੀਆਂ ਸਨ ਜਦਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਸਿਰਫ 26 ਫੀਸਦੀ ਹੀ ਮਿਲੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਇਹ ਭਾਜਪਾ ਨਹੀਂ ਸਗੋਂ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਿਆ ਹੈ।ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਨੈਤਿਕ ਹਾਰ ਹੈ। ਮੁੱਖ ਮੰਤਰੀ ਨੂੰ ਨੈਤਿਕਤਾ ਦੇ ਆਧਾਰ ਉਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਜੋਸ਼ੀ ਨੇ ਕਿਹਾ ਕਿ ਬੀਤੇ ਕੱਲ ਆਪ ਦੇ ਬੁਲਾਰਿਆ ਨੇ ਦਿੱਲੀ ਦੇ ਨੇਤਾਵਾਂ ਦੇ ਇਸ਼ਾਰੇ ‘ਤੇ ਸਿਰਫ ਬੇਬੁਨਿਆਦ ਗੱਲਾਂ ਕਰਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਜੋਸ਼ੀ ਨੇ ਆਪ ਆਗੂਆਂ ਉਤੇ ਪਲਟਵਾਰ ਕਰਦਿਆਂ ਕਿਹਾ ਕਿ ਤੁਸੀਂ ਲੋਕ ਕਹਿੰਦੇ ਹੋ ਕਿ ਜਾਖੜ ਨੇ 4 ਜੂਨ ਦੇ ਨਤੀਜਿਆਂ ਤੋਂ ਕੁਝ ਨਹੀਂ ਸਿੱਖਿਆ। ਦਿੱਲੀ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਵਿੱਚ ਬੰਦ ਕੇਜਰੀਵਾਲ ਜਦੋਂ ਚੋਣ ਪ੍ਰਚਾਰ ਲਈ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਨੇ ਸੂਬੇ ਵਿੱਚ ਥਾਂ-ਥਾਂ ਲੋਕਾਂ ਨੂੰ ਸਿਰਫ਼ ਇੱਕ ਹੀ ਗੱਲ ਕਹੀ ਕਿ ਉਹ 13 ਸੀਟਾਂ ਆਪ ਨੂੰ ਜਿਤਾਉਣ ਕਿਉਂਕਿ ਅਜਿਹਾ ਕਰਨ ਨਾਲ ਉਨਾਂ ਦੀ ਬੇਗੁਨਾਹੀ ਸਾਬਤ ਹੋਵੇਗੀ ਅਤੇ ਉਹ ਜੇਲ ਵਿਚੋਂ ਬਾਹਰ ਆਉਣਗੇ ਪਰ ਹੋਇਆ ਉਲਟ। ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਅਤੇ ਪੰਜਾਬ ਵਿੱਚ ਸਿਰਫ਼ ਤਿੰਨ ਸੀਟਾਂ ਤੱਕ ਸੀਮਤ ਰਹੀ ਹੈ। ਜੋਸ਼ੀ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉਤੇ ਪਲਟਵਾਰ ਕਰਦਿਆਂ ਕਿਹਾ ਕਿ ਉਸ ਪਾਰਟੀ ਦੇ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ, ਜਿਸ ਕੋਲ ਸੂਬੇ ਵਿੱਚ ਵਿਰੋਧੀ ਧਿਰ ਦਾ ਦਰਜਾ ਵੀ ਨਹੀਂ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਸੱਤਾ ਵਿੱਚ ਰਹਿਣ ਵਾਲਿਆਂ ਤੋਂ ਅਸਤੀਫਾ ਮੰਗਿਆ ਜਾਂਦਾ ਹੈ।
ਜੋਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਗੱਲ ਨੂੰ ਉਲਟ ਲੈਂਦੀ ਹੈ। ਉਨਾਂ ਕਿਹਾ ਕਿ ਸੁਨੀਲ ਜਾਖੜ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬੀ ਹੋਣ ‘ਤੇ ਮਾਣ ਹੈ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਵਿਚ ਆਪਣੀ ਸਾਰੀ ਜ਼ਿੰਦਗੀ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਂਗਰਸ ਵੀ ਪੰਜਾਬੀਆਂ ਵਿਚ ਹਿੰਦੂ-ਸਿੱਖਾਂ ਦਾ ਪੱਖਪਾਤ ਕਰਦੀ ਹੈ ਅਤੇ ਜਾਖੜ ਨੇ ਹਿੰਦੂ-ਸਿੱਖਾਂ ਨੂੰ ਵੰਡਣ ਵਾਲੀ ਕਾਂਗਰਸ ਦੀ ਉਸੇ ਸੋਚ ਵਿਰੁੱਧ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਜਾਖੜ ਸਿਰਫ ਪੰਜਾਬੀਆਂ ਦਾ ਭਲਾ ਚਾਹੁੰਦੇ ਹਨ। ਉਨ੍ਹਾਂ ਨੂੰ ਹਿੰਦੂ-ਸਿੱਖ ਵਿੱਚ ਵੰਡਣਾ ਨਹੀਂ ਚਾਹੁੰਦੇ। ਜੇਕਰ ਰਵਨੀਤ ਬਿੱਟੂ ਨੂੰ ਹੁਣ ਪੰਜਾਬ ਤੋਂ ਮੰਤਰੀ ਬਣਾਇਆ ਗਿਆ ਹੈ ਤਾਂ ਉਹ ਪੰਜਾਬੀ ਹੀ ਹੈ। ਆਮ ਆਦਮੀ ਪਾਰਟੀ ਨੂੰ ਆਪਣੀ ਸੋਚ ਠੀਕ ਕਰਨ ਦੀ ਲੋੜ ਹੈ।