ਚੰਡੀਗੜ੍ਹ, 11 ਜੂਨ (ਖ਼ਬਰ ਖਾਸ ਬਿਊਰੋ)
ਲੋਕ ਸਭਾ ਚੋਣਾਂ ਵਿਚ ਜਲੰਧਰ ਵਿਖੇ ਡੇਰਾ ਬੱਲਾਂ ਦੇ ਪ੍ਰਭਾਵ ਅਤੇ ਲੁਧਿਆਣਾ ਵਿਖੇ ਪੁਰਾਣੇ ਵਰਕਰਾਂ, ਵਲੰਟਰੀਅਰਜ਼, ਆਗੂਆਂ ਦੀ ਅਣਦੇਖੀ ਅਤੇ ਹਿੰਦੂ ਵੋਟਰ ਉਤੇ ਰਾਮ ਮੰਦਿਰ ਮੁੱਦੇ ਦਾ ਪ੍ਰਭਾਵ ਰਿਹਾ ਹੈ। ਜਿਸ ਕਰਕੇ ਆਪ ਦੋਵਾਂ ਸੀਟਾਂ ਹਾਰ ਗਈ। ਇਹ ਤੱਥ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੁਧਿਆਣਾ ਅਤੇ ਜਲੰਧਰ ਦੇ ਉਮੀਦਵਾਰਾਂ , ਵਿਧਾਇਕਾਂ ਅਤੇ ਪਾਰਟੀ ਆਗੂਆਂ ਨਾਲ ਮੀਟਿੰਗ ਦੌਰਾਨ ਸਾਹਮਣੇ ਆਏ ਹਨ। ਚੇਤੇ ਰਹੇ ਕਿ ਮੁੱਖ ਮੰਤਰੀ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਤਿੰਨ ਸੀਟਾਂ ਮਿਲਣ ਕਾਰਨ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਮੀਟਿੰਗਾਂ ਕਰਕੇ ਜਮੀਨੀ ਹਕੀਕਤ ਪਤਾ ਕਰ ਰਹੇ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਮੀਟਿੰਗ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਲੰਧਰ ਵਿਖੇ ਡੇਰਾ ਬੱਲਾ ਦਾ ਪ੍ਰਭਾਵ ਰਿਹਾ ਹੈ। ਡੇਰਾ ਬੱਲਾ ਵਲੋਂ ਕਾਂਗਰਸ ਉਮੀਦਵਾਰ ਦੀ ਮਦਦ ਕੀਤੀ ਗਈ। ਦੋਵਾਂ ਹਲਕਿਆਂ ਦੀ ਮੀਟਿੰਗ ਦੌਰਾਨ ਇਹ ਗੱਲ ਵੀ ਉਭਰੀ ਕਿ ਲੋਕ ਮਹਿਸੂਸ ਕਰ ਰਹੇ ਸਨ ਕਿ ਇਹ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦਰਮਿਆਨ ਲੜੀ ਜਾ ਰਹੀ ਸੀ। ਭਾਵੇਂ ਆਮ ਆਦਮੀ ਪਾਰਟੀ ਕੌਮੀ ਪੱਧਰ ਤੇ ਇੰਡੀਆ ਗਠਜੋੜ ਦਾ ਹਿੱਸਾ ਸੀ, ਜੇਕਰ ਆਪ ਦੇ ਉਮੀਦਵਾਰ ਜਿੱਤ ਜਾਂਦੇ ਤਾਂ ਉਹ ਕੌਮੀ ਪੱਧਰ ਉਤੇ ਗਠਜੋੜ ਨਾਲ ਖੜੇ ਹੁੰਦੇ। ਪਰ ਲੋਕਾਂ ਨੇ ਮਹਿਸੂਸ ਕੀਤਾ ਕਿ ਜਦੋਂ ਕੌੰਮੀ ਪੱਧਰ ਉਤੇ ਗਠਜੋੜ ਹੈ ਫਿਰ ਸਿੱਧੀ ਵੋਟ ਕਾਂਗਰਸ ਨੂੰ ਪਾਈ ਜਾਵੇ। ਇਸ ਕਰਕੇ ਆਪ ਦੇ ਉਮੀਦਵਾਰਾਂ ਨੂੰ ਨੁਕਸਾਨ ਉਠਾਉਣਾ ਪਿਆ ਹੈ।
ਇਹ ਵੀ ਚਰਚਾ ਹੈ ਕਿ ਜਲੰਧਰ ਵਿਖੇ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਵਿਦੇਸ਼ਾਂ ਵਿਚ ਬੈਠੇ ਦਲਿਤ ਭਾਈਚਾਰੇ ਨੇ ਵੱਡੀ ਮੁਹਿੰਮ ਚਲਾਈ। ਵਿਦੇਸ਼ਾਂ ਵਿਚ ਬੈਠਾ ਦਲਿਤ ਭਾਈਚਾਰਾ ਇਹ ਮਹਿਸੂਸ ਕਰ ਰਿਹਾ ਸੀ ਕਿ ਪਿਛਲੀਆ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਨੂੰ ਜਾਣਬੁੱਝਕੇ ਹਰਾਇਆ ਗਿਆ ਹੈ ਤਾਂ ਜੋ ਦਲਿਤ ਸੀ.ਐਮ ਨਾ ਬਣ ਜਾਵੇ। ਇਸ ਕਰਕੇ ਦਲਿਤ ਵਰਗ ਨੇ ਚੰਨੀ ਦਾ ਉਲਾਂਭਾ ਉਤਾਰਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਆਗੂਆਂ ਅਤੇ ਵਿਧਾਇਕਾਂ ਨੂੰ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕਰਦਿਆਂ, ਉਨ੍ਹਾਂ ਨੂੰ ਹੇਠਲੇ ਪੱਧਰ ‘ਤੇ ਵੱਧ ਤੋਂ ਵੱਧ ਕੰਮ ਕਰਨ ਲਈ ਕਿਹਾ। ਮੁੱਖ ਮੰਤਰੀ ਮਾਨ ਨੇ ਚੋਣਾਂ ਦੌਰਾਨ ‘ਆਪ’ ਵਰਕਰਾਂ ਦੀ ਸਖ਼ਤ ਮਿਹਨਤ ਅਤੇ ਲਗਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਵਰਕਰ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ।
ਮੀਟਿੰਗ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ’ਤੇ ਹੋਣ ਵਾਲੀ ਜ਼ਿਮਨੀ ਚੋਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਜਲੰਧਰ ਦੇ ‘ਆਪ’ ਆਗੂਆਂ ਨੂੰ ਕਿਹਾ ਕਿ ਉਹ ਜ਼ਿਮਨੀ ਚੋਣਾਂ ਦੀ ਤਿਆਰੀ ਕਰਨ ਅਤੇ ਲੋਕਾਂ ਵਿੱਚ ਜਾ ਕੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਸਖ਼ਤ ਮਿਹਨਤ ਕਰਨ।