ਪਟਿਆਲਾ 16 ਅਪ੍ਰੈਲ (ਖ਼ਬਰ ਖਾਸ ਬਿਊਰੋ)
ਕਾਂਗਰਸ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇਣ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਪਾਰਟੀ ਹਾਈਕਮਾਡ ਦੇ ਫੈਸਲੇ ਤੇ ਨਾਖੁਸ਼ੀ ਪ੍ਰਗਟ ਕੀਤੀ ਹੈ। ਕੰਬੋਜ਼ ਨੇ ਆਪਣੀ ਰਾਜਪੁਰਾ ਸਥਿਤ ਰਿਹਾਇਸ਼ ’ਤੇ ਰੱਖੀ ਪ੍ਰੈ੍ੱਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਨੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਡਾ: ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ ਪਰ ਉਨ੍ਹਾਂ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਨਾਲ ਵਰਕਰਾਂ ਵਿਚ ਰੋਸ ਹੈ ਕਿਉਕਿ ਉਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਵਰਕਰਾਂ ਦੇ ਵਿਆਹ ਸਮਾਗਮਾਂ, ਭੋਗਾਂ ਅਤੇ ਹੋਰਨਾਂ ਪ੍ਰੋਗਰਾਮਾਂ ਵਿੱਚ ਜਾਣ ਦਾ ਸਮਾਂ ਨਹੀਂ ਹੈ ਤੇ ਨਾ ਹੀ ਉਹ ਕਿਸੇ ਵਰਕਰ ਦੀ ਹਮਾਇਤ ਵਿੱਚ ਥਾਣਿਆਂ ‘ਚ ਫੋਨ ਆਦਿ ਕਰ ਸਕਦੇ ਹਨ।
ਸਾਬਕਾ ਵਿਧਾਇਕ ਕੰਬੋਜ਼ ਨੇ ਕਿਹਾ ਕਿ 20 ਅਪ੍ਰੈਲ 2024 ਨੂੰ ਰਾਜਪੁਰਾ ਦੇ ਇੱਕ ਨਿੱਜੀ ਮੈਰਿਜ ਪੈਲੇਸ ਵਿੱਚ ਟਕਸਾਲੀ ਕਾਂਗਰਸੀ ਪਰਿਵਾਰਾਂ ਦਾ ਇਕੱਠ ਰੱਖਿਆ ਗਿਆ ਹੈ। ਜਿੱਥੇ ਟਕਸਾਲੀ ਆਗੂਆਂ ਅਤੇ ਵਰਕਰਾਂ ਦੀ ਰਾਏ ਜਾਨਣ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਉਹ ਕਰੀਬ ਢਾਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਤੇ ਲੰਮਾਂ ਸਮਾਂ ਕਾਂਗਰਸ ਕਮੇਟੀ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ,ਦੋ ਵਾਰ ਹਲਕਾ ਰਾਜਪੁਰਾ ਤੋਂ ਵਿਧਾਇਕ ਸਮੇਤ ਹੋਰ ਕਈ ਕਾਂਗਰਸ ਪਾਰਟੀ ਅਹੁਦਿਆਂ ’ਤੇ ਰਹਿ ਚੁੱਕੇ ਹਨ।