ਪੱਟੀ 1 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ, ਪੰਜਾਬੀ ਅਤੇ ਪੰਥਕ ਸਿਆਸਤ ਕਰਨ ਵਾਲਾ ਸ਼ਰੋਮਣੀ ਅਕਾਲੀ ਦਲ ਲਗਾਤਾਰ ਹਾਸ਼ੀਏ ਵੱਲ ਜਾ ਰਿਹਾ ਹੈ। ਹਰ ਪਿੰਡ, ਸ਼ਹਿਰ ਵਿਚ ਅਕਾਲੀ ਦਲ ਦਾ ਸਮਰਥਕ, ਵਰਕਰ ਜਾਂ ਸਥਾਨਕ ਪੱਧਰ ਦਾ ਆਗੂ ਮੌਜੂਦ ਹੈ ਅਤੇ ਭੀੜ ਪੈਣ ਉਤੇ ਵਰਕਰ ਵਹੀਰਾਂ ਘੱਤਕੇ ਅਕਾਲੀ ਮੋਰਚਿਆ ਵਿਚ ਪੁੱਜਦੇ ਰਹੇ ਹਨ।
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਪੈਂਦੇ ਕਸਬਾ ਪੱਟੀ ਵਿਖੇ ਕਈ ਵਾਰਡਾਂ ਵਿਚ ਅਕਾਲੀ ਦਲ ਦੇ ਬੂਥ ਤੱਕ ਨਹੀਂ ਲੱਗੇ। ਜਿਹੜੀ ਪਾਰਟੀ ਦੇ ਬੂਥ ਨਹੀਂ ਲੱਗ ਸਕੇ ਉਸਦੀ ਵੋਟ ਪ੍ਰਤੀਸ਼ਤ ਕੀ ਰਿਹਾ ਹੋਵੇਗਾ ਇਸਦਾ ਅੰਦਾਜ਼ਾ ਭਲੇ ਹੀ ਲਗਾਇਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਪੱਟੀ ਸ਼ਹਿਰ ਵਿਚ 19 ਵਾਰਡਾਂ ਵਿੱਚੋਂ ਸਿਰਫ਼ ਇਕ ਹੀ ਵਾਰਡ ਵਿਚ ਅਕਾਲੀ ਦਲ ਦਾ ਬੂਥ ਲੱਗਿਆ। ਇਹੀ ਹਾਲਤ ਪਿੰਡਾਂ ਵਿਚ ਰਹੀ ਹੈ ਕਿ ਕੁੱਝ ਪਿੰਡਾਂ ਨੂੰ ਛੱਡ ਕੇ ਬਹੁਤੇ ਪਿੰਡਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਦੇ ਬੂਥ ਤੱਕ ਨਹੀਂ ਲੱਗ ਸਕੇ। ਜਦਕਿ ਮਾਝਾ ਅਕਾਲੀ ਸਿਆਸਤ ਦਾ ਗੜ ਮੰਨਿਆ ਜਾਂਦਾ ਹੈ।
ਪਾਰਟੀ ਦੇ ਆਗੂ ਗੁਰਚਰਨ ਸਿੰਘ ਚੰਨ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੰਤਰੀ ਖਾਸਕਰਕੇ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਕਰਕੇ ਅਜਿਹੀ ਹਾਲਤ ਹੋਈ ਹੈ। ਉਨਾਂ ਕਿਹਾ ਕਿ ਕੈਰੋ ਦੇ ਸਮਰਥਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਨਹੀਂ ਲਗਾਇਆ। ਉਨ੍ਹਾਂ ਨੇ ਕਿਹਾ ਕਿ ਕੈਰੋਂ ਨੂੰ ਪਾਰਟੀ ਵਿੱਚੋਂ ਕੱਢਣ ਦੇ ਰੋਸ ਵਜੋਂ ਅਜਿਹਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੱਟੀ ਵਿਧਾਨ ਸਭਾ ਹਲਕੇ ਵਿਚ ਅਕਾਲੀ ਦਲ ਦੇ ਬੂਥ ਨਾ ਲੱਗਣਾ ਕੈਰੋਂ ਦੀ ਹਰਮਨ ਪਿਆਰਤਾ ਦਾ ਸਾਬੂਤ ਹੈ।
ਵਰਨਣਯੋਗ ਹੈ ਕਿ ਪਿਛਲੇ ਦਿਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਗਤੀਵਿਧੀਆ ਕਾਰਨ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਿਚੋਂ ਖਾਰਿਜ਼ ਕਰ ਦਿੱਤਾ ਸੀ। ਅਕਾਲੀ ਦਲ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਬਣਾਇਆ ਹੈ। ਜਦਕਿ ਇੱਥੋਂ ਆਜ਼ਾਦ ਉਮੀਦਵਾਰ ਵਜੋਂ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਹਨ, ਜਿਸ ਕਰਕੇ ਹਲਕੇ ਦੇ ਸਿਆਸੀ ਸਮੀਕਰਣ ਬਦਲ ਗਏ ਹਨ।