ਚੰਡੀਗੜ 31 ਮਈ ( ਖ਼ਬਰ ਖਾਸ ਬਿਊਰੋ)
ਪੰਜਾਬ ਵਿਜੀਲੈਂਸ ਬਿਊਰੋ ਹੁਣ ਅਜੀਤ ਗਰੁੱਪ ਦੇ ਮੈਨੇਜਿੰਗ ਆਡਿਟਰ ਨੂੰ ਹਿਰਾਸਤ ਵਿਚ ਨਹੀਂ ਲੈ ਸਕੀ। ਜੰਗ ਏ ਅਜ਼ਾਦੀ ਯਾਦਗਾਰ ਦੇ ਨਿਰਮਾਣ ਕਾਰਜ਼ ਵਿਚ ਸਰਕਾਰੀ ਫੰਡ ਦੀ ਦੁਰਵਰਤੋਂ ਕਰਨ ਦੇ ਦੋਸ਼ ਤਹਿਤ ਬੀਤੇ ਦਿਨ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ, ਆਈ.ਏ.ਐੱਸ ਅਧਿਕਾਰੀ ਵਿਨੈ ਬੁਬਲਾਨੀ, ਇਕ ਪ੍ਰਾਈਵੇਟ ਵਿਅਕਤੀ ਸਮੇਤ ਲੋਕ ਨਿਰਮਾਣ ਵਿਭਾਗ ਦੇ ਅਫ਼ਸਰਾਂ ਮੁਲਾਜਮਾਂ ਸਮੇਤ 26ਵਿਅਕਤੀਆਂ ਉਤੇ ਕੇਸ ਦਰਜ਼ ਕੀਤਾ ਸੀ। ਵਿਜੀਲੈਂਸ ਨੇ ਦਰਜਨਾਂ ਮੌਜੂਦਾ ਤੇ ਸਾਬਕਾ ਅਧਿਕਾਰੀਆਂ, ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਅਜੀਤ ਗਰੁੱਪ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵੱਡੀ ਰਾਹਤ ਦਿੰਦੇ ਹੋਏ ਗ੍ਰਿਫ਼ਤਾਰੀ ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਹਮਦਰਦ ਨੂੰ ਵਿਜੀਲੈਂਸ ਜਾਂਚ ਵਿਚ ਸ਼ਾਮਲ ਹੋਣ ਦੇ ਨਿਰਦੇਸ਼ ਵੀ ਦਿੱਤੇ ਹਨ। ਜਸਟਿਸ ਵਿਨੋਦ ਐਸ ਭਾਰਦਵਾਜ ਨੇ ਮਾਮਲੇ ਦੀ ਸੁਣਵਾਈ 18 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਉਨਾਂ ਖਿਲਾਫ ਦਰਜ ਕੀਤੀ FIR ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਲਗਾਤਾਰ ਤਿੰਨ ਦਿਨਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਸ਼ੁੱਕਰਵਾਰ ਨੂੰ ਹਮਦਰਦ ਨੂੰ ਰਾਹਤ ਦਿੱਤੀ ਹੈ। ਪਟਿਸ਼ਨਰ ਨੇ ਕਿਹਾ ਸੀ ਕਿ ਉਸ ਨੂੰ ਸਿਆਸੀ ਰੰਜਿਸ਼ ਕਾਰਨ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ, ਇਸ ਲਈ ਐਫਆਈਆਰ ਰੱਦ ਕੀਤੀ ਜਾਵੇ ਅਤੇ ਜਦੋਂ ਤੱਕ ਇਹ ਪਟੀਸ਼ਨ ਹਾਈਕੋਰਟ ਵਿੱਚ ਦਾਖ਼ਲ ਨਹੀਂ ਹੁੰਦੀ, ਉਦੋਂ ਤੱਕ ਕਾਰਵਾਈ ਤੇ ਰੋਕ ਲਗਾਈ ਜਾਵੇ। ਪਟਿਸ਼ਨਰ ਨੇ ਪੰਜਾਬ ਪੁਲਿਸ ਦੀ ਬਜਾਏ ਕਿਸੇ ਹੋਰ ਨਿਰਪੱਖ ਜਾਂਚ ਏਜੰਸੀ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਸਿਆਸੀ ਰੰਜਿਸ਼ ਕਾਰਨ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਜਾਂ ਵਿਜੀਲੈਂਸ ਤੋਂ ਨਹੀਂ ਹੋਣੀ ਚਾਹੀਦੀ ਕਿਉਂਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੀ। ਇਸ ਲਈ ਨਿਰਪੱਖ ਜਾਂਚ ਲਈ ਇਹ ਮਾਮਲਾ ਸੀ.ਬੀ.ਆਈ ਜਾਂ ਕਿਸੇ ਹੋਰ ਨਿਰਪੱਖ ਜਾਂਚ ਏਜੰਸੀ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਅਕਾਲੀ ਭਾਜਪਾ ਸਰਕਾਰ ਨੇ ਸਾਲ 2012 ਵਿਚ ਇਹ ਜੰਗ-ਏ-ਆਜ਼ਾਦੀ ਯਾਦਗਾਰ ਜਲੰਧਰ ਤੋਂ 18 ਕਿਲੋਮੀਟਰ ਦੂਰ ਕਰਤਾਰਪੁਰ ਵਿੱਚ 25 ਏਕੜ ਵਿੱਚ 315 ਕਰੋੜ ਰੁਪਏ ਖਰਚ ਕੇ ਬਣਾਈ ਸੀ। ਡਾ: ਬਰਜਿੰਦਰ ਸਿੰਘ ਹਮਦਰਦ ਸ਼ੁਰੂ ਤੋਂ ਹੀ ਇਸ ਪ੍ਰੋਜੈਕਟ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ। ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਇਸ ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਸ਼ੁਰੂ ਹੋ ਗਈ ਸੀ, ਹਮਦਰਦ ਨੇ 10 ਅਪ੍ਰੈਲ ਨੂੰ ਜੰਗ-ਏ-ਆਜ਼ਾਦੀ ਮੈਮੋਰੀਅਲ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵਿਜੀਲੈਂਸ ਵੱਲੋਂ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ।
ਵਰਨਣਯੋਗ ਹੈ ਕਿ ਅਜੀਤ ਲਗਾਤਾਰ ਸੂਬਾ ਸਰਕਾਰ ਨੂੰ ਨਿਸ਼ਾਨੇ ਉਤੇ ਲੈ ਰਿਹਾ ਹੈ।ਸਰਕਾਰ ਦੀਆਂ ਨੀਤੀਆ ਉਤੇ ਲਗਾਤਾਰ ਸਵਾਲ ਖੜੇ ਕਰ ਰਿਹਾ ਹੈ, ਜਿਸ ਕਰਕੇ ਸਰਕਾਰ ਖਾਸਕਰਕੇ ਆਪ ਦੇ ਸਿਰਮੌਰ ਲੀਡਰ ਅਜੀਤ ਤੋ ਔਖੇ ਹਨ। ਸਰਕਾਰ ਦੇ ਭੇਤ ਖੋਲਣ ਕਰਕੇ ਅਜੀਤ ਦੇ ਇਸ਼ਤਿਹਾਰ ਵੀ ਸਰਕਾਰ ਨੇ ਬੰਦ ਕੀਤੇ ਹੋਏ ਹਨ। ਜਦ ਅਜੀਤ ਖਿਲਾਫ਼ ਜਾਂਚ ਸ਼ੁਰੂ ਕੀਤੀ ਤਾਂ ਸੂੂਬੇ ਵਿਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਅਜੀਤ ਦੇ ਹ੍ਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਵੀ ਹੋਏ ਸਨ।