ਚੰਡੀਗੜ 30 ਮਈ (ਖ਼ਬਰ ਖਾਸ ਬਿਊਰੋ)
ਚੋਣ ਪ੍ਰਚਾਰ ਬੰਦ ਹੋਣ ਤੋ ਕੁੱਝ ਘੰਟੇ ਪਹਿਲਾਂ ਚੰਡੀਗੜ ਵਿਚ ਦਿਲਚਸਪ ਰਾਜਸੀ ਡਰਾਮਾ ਹੋਇਆ। ਚੰਡੀਗੜ ਵਿਚ ਚੋਣ ਲੜ ਰਹੇ ਤਿੰਨ ਕੌਮੀ ਪਾਰਟੀਆਂ ਦੇ ਉਮੀਦਵਾਰ ਅੱਜ ਆਹਮੋ-ਸਾਹਮਣੇ ਹੋ ਗਏ। ਹੋਇਆ ਇੰਜ ਕਿ ਕਾਂਗਰਸ ਦੇ ਉਮੀਦਵਾਰ ਮੁਨੀਸ਼ ਤਿਵਾੜੀ ਨੇ ਭਾਜਪਾ ਦੇ ਉਮੀਦਵਾਰ ਸੰਜੈ ਟੰਡਨ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੋਈ ਸੀ। ਤਿਵਾੜੀ ਨੇ ਵੀਰਵਾਰ ਨੂੰ ਟੰਡਨ ਨੂੰ ਚੰਡੀਗਡ਼੍ਹ ਪ੍ਰੈੱਸ ਕਲੱਬ ਵਿਖੇ ਬਹਿਸ ਕਰਨ ਲਈ ਲਲਕਾਰਿਆ ਸੀ। ਦੋਵਾਂ ਨੇਤਾਵਾਂ ਦੀ ਬਹਿਸ ਸੁਣਨ ਲਈ ਚੰਡੀਗੜ ਦਾ ਮੀਡੀਆ ਵਿਚ ਪਹੁੰਚਿਆ ਹੋਇਆ ਸੀ।
ਤਿਵਾੜੀ ਦੇ ਸੱਦੇ ਉਤੇ ਭਾਜਪਾ ਉਮੀਦਵਾਰ ਸੰਜੈ ਟੰਡਨ ਤਾਂ ਨਾ ਆਏ ਪਰ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਡਾ ਰਿਤੂ ਸਿੰਘ ਉਥੇ ਪੁੱਜ ਗਈ। ਡਾ ਰਿਤੂ ਨੇ ਕਾਂਗਰਸ ਪਾਰਟੀ ਦਾ ਰਾਖਵੇਂਕਰਨ ਦਾ ਮੁੱਦੇ ਉਤੇ ਸਟੈਂਡ, ਆਪ ਤੇ ਕਾਂਗਰਸ ਵਿਚ ਇਕੱਠੇ ਚੋਣ ਲੜਨ ਅਤੇ ਪੰਜਾਬ ਵਿਚ ਅਲੱਗ ਅਲੱਗ ਚੋਣ ਲੜਨ ਨੂੰ ਲੈ ਕੇ ਕਈ ਸਵਾਲ ਪੁੱਛੇ। ਡਾ. ਰਿਤੂ ਸਵਾਲ ਪੁੱਛਦੀ ਰਹੀ ਤੇ ਤਿਵਾੜੀ ਖੜੇ ਸੁਣਦੇ ਰਹੇ। ਉਨਾਂ ਤਿਵਾੜੀ ਨੂੰ ਸਵਾਲ ਪੁੱਛਿਆ ਕਿ ਕਾਂਗਰਸ ਵੱਲੋਂ ਜਾਤੀ ਆਧਾਰ ਦੀ ਥਾਂ ਆਰਥਿਕ ਆਧਾਰ ’ਤੇ ਰਾਖਵਾਂਕਰਨ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋ ਕਿ ਦਲਿਤ ਸਮਾਜ ਨਾਲ ਧੱਕੇਸ਼ਾਹੀ ਹੈ। ਡਾ. ਰਿਤੂ ਨੇ ਕਿਹਾ ਕਿ ਦੇਸ਼ ਵਿਚ ਕਾਂਗਰਸ ਤੇ ਭਾਜਪਾ ਦੋਵੇਂ ਪੁਰਾਣੀ ਪਾਰਟੀਆਂ ਸੰਵਿਧਾਨ ਨੂੰ ਖਤਮ ਕਰਨ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਮਨੀਸ਼ ਤਿਵਾੜੀ ਨੂੰ ਕਿਹਾ ਕਿ ਉਹ ਪਹਿਲਾਂ ਲੁਧਿਆਣਾ ਤੇ ਆਨੰਦਪੁਰ ਸਾਹਿਬ ਤੋਂ ਸੰਸਦ ਚੁਣੇ ਗਏ ਸਨ, ਇਸ ਲਈ ਦੋਵਾਂ ਥਾਵਾਂ ’ਤੇ ਰਿਪੋਰਟ ਕਾਰਡ ਲੋਕਾਂ ਅੱਗੇ ਰੱਖਣਾ ਚਾਹੀਦਾ ਹੈ। ਤਿਵਾੜੀ ਨੇ ਕੁੱਝ ਨਹੀਂ ਕਿਹਾ ਬਲਕਿ ਚੁੱਪ ਕਰਕੇ ਫਤਿਹ ਬੁਲਾਕੇ ਨਿਕਲ ਗਏ। ਡਾ ਰਿਤੂ ਨੇ ਕਿਹਾ ਕਿ ਕਾਂਗਰਸ ਕੋਲ ਉਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਹੈ। ਇਹ ਲੋਕਾਂ ਨੂੰ ਬੇਵਕੁਫ ਬਣਾਉਣ ਦਾ ਯਤਨ ਕਰ ਰਹੇ ਹਨ।
ਇਸ ਤੋਂ ਬਾਅਦ ਡਾ. ਰਿਤੂ ਸਿੰਘ ਵੱਲੋਂ ਸੈਕਟਰ-22 ਦੇ ਨਿੱਜੀ ਹੋਟਲ ਵਿੱਚ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਸਵਾਲ ਪੁੱਛਣ ਲਈ ਘੇਰਨ ਦਾ ਯਤਨ ਕੀਤਾ ਪਰ ਸੰਜੇ ਟੰਡਨ ਚੁੱਪ-ਚੁਪੀਤੇ ਚਲੇ ਗਏ। ਡਾ ਰਿਤੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗਡ਼੍ਹ ਦੇ ਪਿੰਡਾਂ ਤੇ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ ਅਤੇ ਦੋਵੇਂ ਰਿਵਾਇਤੀ ਪਾਰਟੀਆਂ ਇਸ ਲਈ ਜੁੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੰਡੀਗਡ਼੍ਹ ਨੂੰ ਡੰਪਿੰਗ ਗਰਾਊਂਡ ਦਿੱਤਾ, ਜੋ ਕਿ ਲੋਕਾਂ ਨੂੰ ਬਿਮਾਰੀਆਂ ਦੇ ਰਿਹਾ ਹੈ। ਦੂਜੇ ਪਾਸੇ ਭਾਜਪਾ ਵਾਅਦੇ ਮੁਤਾਬਿਕ ਡੰਪਿੰਗ ਗਰਾਊਂਡ ਨੂੰ 10 ਸਾਲਾਂ ਵਿੱਚ ਹਟਾਉਣ ਵਿੱਚ ਨਾਕਾਮ ਰਹੀ ਹੈ। ਇਸ ਮੌਕੇ ਤਿੰਨੋਂ ਪਾਰਟੀਆਂ ਦੇ ਸਮਰਥਕ ਵੀ ਹਾਜ਼ਰ ਸਨ , ਪਰ ਕੋਈ ਟਕਰਾਅ ਨਹੀਂ ਹੋਇਆ ਪਰ ਇਕ ਗੱਲ ਸਪਸ਼ਟ ਰਹੀ ਕਿ ਬਸਪਾ ਉਮੀਦਵਾਰ ਦੇ ਸਵਾਲਾਂ ਦਾ ਜਵਾਬ ਭਾਜਪਾ ਤੇ ਕਾਂਗਰਸ ਉਮੀਦਵਾਰ ਨੇ ਨਹੀਂ ਦਿੱਤਾ।