ਚੰਡੀਗੜ੍ਹ 24 ਮਈ (ਸੁਰਜੀਤ ਸੈਣੀ, ਖ਼ਬਰ ਖਾਸ ਬਿਊਰੋ)
ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਆਹਮੋ ਸਾਹਮਣੇ ਹੈ। ਜਦਕਿ ਸੂਬੇ ਦੀ ਰਾਜਧਾਨੀ ਚੰਡੀਗੜ੍ਹ, ਪੜੌਸੀ ਰਾਜ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਵਿਚ ਘਿਓ ਖਿੱਚੜੀ ਹੋ ਕੇ ਚੋਣਾਂ ਲੜ੍ਹੀਆਂ ਜਾ ਰਹੀਆਂ ਹਨ। ਇਕ ਸੂਬੇ ਵਿਚ ਅਲੱਗ ਅਲੱਗ ਚੋਣਾਂ ਲੜ੍ਹਨ ਦੇ ਮੁੱਦੇ ’ਤੇ ਸਿਆਸੀ ਵਿਰੋਧੀਆਂ ਖਾਸਕਰਕੇ ਭਾਜਪਾ ਵਲੋ ਦੋਵਾਂ ਪਾਰਟੀਆਂ ਨੂੰ ਆੜੇ ਹੱਥੀ ਲਿਆ ਜਾ ਰਿਹਾ ਹੈ।
ਹਾਲਾਂਕਿ ਵੋਟਾਂ ਦਾ ਐਲਾਨ ਹੋਣ ਤੋ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਕਾਂਗਰਸੀ ਆਗੂ ਪੰਜਾਬ ਵਿਚ ਸਮਝੌਤਾ ਨਾ ਕਰਨ ਦੀ ਗੱਲ ਕਰਦੇ ਰਹੇ ਹਨ। ਪਰ ਦੇਸ਼ ਵਿਚ ਸਮਝੌਤਾ ਤੇ ਇਕ ਸੂਬੇ ਵਿਚ ਵੱਖੋ-ਵੱਖਰੇ ਚੋਣ ਲੜ੍ਹਨ ਨੂੰ ਲੈ ਕੇ ਵਿਰੋਧੀਆਂ ਨੇ ਦੋਵਾਂ ਪਾਰਟੀਆਂ ਦੇ ਮਿਲਕੇ ਚੋਣ ਲੜ੍ਹਨ ਦੇ ਦੋਸ਼ ਲਾਏ ਹਨ।
ਅਲੱਗ-ਅਲੱਗ ਚੋਣ ਲੜਨ ਦਾ ਦੱਸਿਆ ਇਹ ਕਾਰਨ
ਕਾਂਗਰਸ ਦੇ ਜਨਰਲ ਸਕੱਤਰ ਅਤੇ ਇੰਚਾਰਜ਼ ਕਮਿਊਨੀਕੇਸ਼ਨ ਜੈ ਰਾਮ ਰਮੇਸ਼ ਨੇ ਦੋਵਾਂ ਪਾਰਟੀਆਂ ਦੇ ਅਲੱਗ ਅਲੱਗ ਚੋਣਾਂ ਲੜ੍ਹਨ ਦੇ ਭੇਤ ’ਤੇ ਪਰਦਾ ਚੁੱਕਦਿਆਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਲੋਕਾਂ ਨੇ ਕਾਂਗਰਸ ਨੂੰ ਵਿਰੋਧੀ ਧਿਰ ਦਾ ਫ਼ਤਵਾ ਦਿੱਤਾ। ਕਾਂਗਰਸ ਨੇ ਲੋਕਾਂ ਦੇ ਫਤਵੇ ਨੂੰ ਮੰਨਦੇ ਹੋਏ ਸਰਕਾਰ ਨੂੰ ਘੇਰਨ ਲਈ ਸੂਬੇ ਵਿਚ ਸਮਝੌਤਾ ਨਹੀ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿਕਾਸ ਤੇ ਹੋਰਨਾਂ ਮੁੱਦਿਆਂ ’ਤੇ ਆਪ ਨੂੰ ਘੇਰ ਰਹੀ ਹੈ।
ਪਰ ਦੂਜੇ ਪਾਸੇ ਸਿਆਸੀ ਪੰਡਤਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਦੋਵਾਂ ਪਾਰਟੀਆਂ ਨੇ ਗਠਜੋੜ ਹੋਣ ’ਤੇ ਸਰਕਾਰ ਵਿਰੋਧੀ ਲਹਿਰ ਦਾ ਲਾਭ ਦੂਜੀਆਂ ਪਾਰਟੀਆਂ ਨੂੰ ਮਿਲਣ ਕਾਰਨ ਸਿਆਸੀ ਦੂਰੀਆਂ ਬਣਾਕੇ ਚੋਣ ਲੜਨ ਨੂੰ ਤਰਜੀਹ ਦਿੱਤੀ। ਜੇਕਰ ਆਪ ਤੇ ਕਾਂਗਰਸ ਮਿਲਕੇ ਚੋਣ ਲੜ੍ਹਦੇ ਤਾਂ ਅੱਜ ਪੰਜਾਬ ਦੀ ਚੋਣ ਫਿਜ਼ਾ ਕੁੱਝ ਹੋਰ ਹੋਣੀ ਸੀ।
ਆਬਾਦੀ ਅਨੁਸਾਰ ਦੇਵੇਗੀ ਰਾਖਵਾਂਕਰਨ ਦਾ ਲਾਭ
ਜੈ ਰਾਮ ਰਮੇਸ਼ ਨੇ ਚੰਡੀਗੜ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਚ ਇੰਡੀਆਂ ਗਠਜੋੜ ਦੀ ਸਰਕਾਰ ਬਣਨ ’ਤੇ ਜਾਤੀ ਤੇ ਆਰਥਿਕ ਜਨਗਣਨਾ ਕਰਵਾਈ ਜਾਵੇਗੀ। ਸੂਬਿਆਂ ਵਿਚ ਐੱਸ.ਸੀ, ਐੱਸ.ਟੀ ਤੇ ਓਬੀਸੀ ਵਰਗ ਨੂੰ ਆਬਾਦੀ ਦੇ ਆਧਾਰ ਉਤੇ ਰਾਖਵਾਂਕਰਨ ਦਾ ਲਾਭ ਦਿੱਤਾ ਜਾਵੇਗਾ। ਪੰਜਾਬ ਦੀ ਉਦਾਹਰਣ ਦਿੰਦਿਆਂ ਜੈ ਰਾਮ ਰਮੇਸ਼ ਨੇ ਕਿਹਾ ਕਿ ਇੱਥੇ 34 ਫ਼ੀਸਦੀ ਦੇ ਕਰੀਬ ਅਨੁਸੂਚਿਤ ਜਾਤੀ ਵਰਗ ਦੀ ਆਬਾਦੀ ਹੈ, ਪਰ ਰਾਖਵਾਂਕਰਨ ਆਬਾਦੀ ਅਨੁਪਾਤ ਅਨੁਸਾਰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ’ਚ 69 ਫ਼ੀਸਦੀ ਤੱਕ ਰਾਖਵਾਂਕਰਨ ਦਾ ਲਾਭ ਮਿਲ ਰਿਹਾ ਹੈ। ਪੰਜਾਬ ਵਿਚ ਸਰਕਾਰ ਨੂੰ ਅਜਿਹਾ ਲਾਭ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨਿੱਜੀ ਖੇ਼ਤਰ ਦੀ ਬਜਾਏ ਪਬਲਿਕ ਸੈਕਟਰ ਨੰ ਮਜਬੂਤ ਕਰੇਗੀ ਕਿਉਕਿ ਨਿੱਜੀਕਰਨ ਨਾਲ ਰਾਖਵਾਂਕਰਨ ਦਾ ਲਾਭ ਖ਼ਤਮ ਹੋਇਆ ਹੈ।
ਅਸੀਂ ਰਾਮ ਦੇ ਪੁਜਾਰੀ ਤੇ ਭਾਜਪਾ ਵਪਾਰੀ
ਉਨ੍ਹਾਂ ਕਿਹਾ ਕਿ ਅਸੀਂ ਰਾਮ ਦੇ ਪੁਜਾਰੀ ਹਾਂ, ਵਪਾਰੀ ਨਹੀਂ। ਜਦਕਿ ਭਾਜਪਾ ਨੇ ਰਾਮ ਮੰਦਰ ਦਾ ਸਿਆਸੀਕਰਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਮੁੱਦਾ ਫੇਲ੍ਹ ਹੋ ਗਿਆ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਨੇ ਹਿੰਦੂ -ਮੁਸਲਿਮ, ਮੰਗਲ ਸੂਤਰ ਦੀ ਗੱਲ ਤੋਰਕੇ ਹਿੰਦੂ-ਮੁਸਲਮਾਨਾਂ ਦੀ ਲੜ੍ਹਾਈ ਕਰਵਾਉਣ ਦਾ ਯਤਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਐੱਮ.ਐੱਸ.ਪੀ ਦੀ ਕਾਨੂੰਨੀ ਗਰੰਟੀ ਦੇਣ ਅਤੇ ਫਸਲਾਂ ਦਾ ਭਾਅ ਸਵਾਮੀਨਾਥਨ ਰਿਪੋਰਟ ਮੁਤਾਬਿਕ ਤੈਅ ਕਰਨ ਦਾ ਭਰੋਸਾ ਦਿੱਤਾ ਹੈ। ਪਹਿਲਾਂ ਡਾ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਦਾ 72 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਸੀ ਜਦਕਿ ਮੋਦੀ ਸਰਕਾਰ ਨੇ ਦਸ ਸਾਲਾਂ ਦੌਰਾਨ ਕਿਸਾਨਾਂ ਦਾ ਕੋਈ ਕਰਜ਼ਾ ਮਾਫ਼ ਨਹੀਂ ਕੀਤਾ, ਉਲਟਾ ਵੱਡੇ ਵਪਾਰੀਆਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਹੈ।