ਚੰਡੀਗੜ੍ਹ, 23 ਮਈ (ਖ਼ਬਰ ਖਾਸ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੀ ‘ਨਸਲ’ ਅਤੇ ਫਸਲ ਨੂੰ ਬਚਾਉਣ ਦੀ ਅਪੀਲ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਕੇਂਦਰ ਅਤੇ ਸੂਬੇ ਵਿਚ ਮਜ਼ਬੂਤ ਲੀਡਰਸ਼ਿਪ ਹੀ ਪੰਜਾਬ ਦਾ ਭਵਿੱਖ ਬਚਾ ਸਕਦੀ ਹੈ।
“ਅੱਜ ਦਾ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ। ਪੰਜਾਬ ਦੇ ਲੋਕ ਤੁਹਾਨੂੰ ਉਮੀਦ ਨਾਲ ਦੇਖ ਰਹੇ ਹਨ, ” ਜਾਖੜ ਨੇ ਵੀਰਵਾਰ ਨੂੰ ਪਟਿਆਲਾ ਵਿੱਚ ਇੱਕ ਰੈਲੀ ਵਿੱਚ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਉਕਤ ਸ਼ਬਦ ਕਹੇ । ਜਾਖੜ ਨੇ ਕਿਹਾ ਕਿ ਪੰਜਾਬ ਕੋਲ ਕੋਈ ਲੀਡਰਸ਼ਿਪ ਨਹੀਂ ਹੈ ਅਤੇ ਜੋ ਵੀ ਬਚਿਆ ਹੈ, ਉਹ ਮਜ਼ਾਕ ਤੋਂ ਸਿਵਾਏ ਕੁਝ ਨਹੀਂ ਹੈ।
ਸੂਬਾਈ ਕਾਂਗਰਸ ਦੇ ਵੱਢੇ ਆਗੂਆਂ ਦੀ ਤੁਲਨਾ ਕਮਾਂਡਰ ਤੇਜ ਸਿੰਘ ਅਤੇ ਲਾਲ ਸਿੰਘ ਨਾਲ ਕਰਦਿਆਂ, ਜਾਖੜ ਨੇ ਕਿਹਾ ਕਿ ਜਿਸ ਤਰਹ ਉਹਨਾ ਦੋਵਾਂ ਅੰਗਰੇਜਾਂ ਨਾਲ ਮਿਲ ਕੇ ਸਿੱਖ ਫੌਜਾ ਦਾ ਘਾਣ ਕਰਵਾ ਕੇ ਸਿੱਖ ਰਾਜ ਨੂੰ ਢਾਹ ਲਾਈ ਉਸੇ ਤਰਾਂ ਪੰਜਾਬ ਨੂੰ ਦਾਅ ਤੇ ਲਗਾ ਕੇ ਕਾਂਗਰਸ ਦੇ ਇਹਨਾ ਲੀਡਰਾ ਨੇ ਆਮ ਆਦਮੀ ਪਾਰਟੀ ਅੱਗੇ ਆਤਮ ਸਮਰਪਨ ਕਰ ਪੰਜਾਬ ਦੇ ਲੋਕਾ ਨਾਲ ਦਗਾ ਕਮਾਇਆ ਹੈ। “ਵਿਰੋਧੀ ਕਾਂਗਰਸ ਨੂੰ ਮੌਜੂਦਾ ‘ਆਪ’ ਦੇ ਗਲਤ ਕੰਮਾਂ ਦਾ ਵਿਰੋਧ ਕਰਨਾ ਚਾਹੀਦਾ ਸੀ। ਪਰ ਉਹ ਡਰ ਦੇ ਮਾਰੇ ਚੁੱਪ ਬੈਠ ਗਏ,” ਉਨ੍ਹਾਂ ਅੱਗੇ ਕਿਹਾ। ਪ੍ਰਧਾਨ ਮੰਤਰੀ ਦੀ ਪਹਿਲੀ ਪੰਜਾਬ ਰੈਲੀ ਵਿੱਚ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਅਤੇ ਭਾਜਪਾ ਦੇ ਹੋਰ ਉਮੀਦਵਾਰ ਵੀ ਮੌਜੂਦ ਸਨ।
ਜਾਖੜ ਨੇ ਮੋਦੀ ਸ਼ਾਸਨ ਦੌਰਾਨ ਕੀਤੀਆਂ ਵੱਖ-ਵੱਖ ਕਿਸਾਨ ਪੱਖੀ ਪਹਿਲਕਦਮੀਆਂ ਅਤੇ ਸਕੀਮਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪੈਦਾ ਕੀਤੀ ਫ਼ਸਲ ਦਾ ਇੱਕ-ਇੱਕ ਦਾਣਾ ਕੇਂਦਰ ਵੱਲੋਂ ਚੁੱਕਿਆ ਗਿਆ ਹੈ। “ਪਰ ਕਿਸਾਨ ਦੇ ਵੇਸ ਵਿਚ ਲੁਕੇ ਕੁਝ ਸਵਾਰਥੀ ਲੋਕਾਂ ਆਪਣੇ ਆਪ ਨੂੰ ਕਿਸਾਨ ਦੱਸ ਰਹੇ ਹਨ ਜਦ ਕਿ ਅਸਲ ਵਿਚ ਉਹ ਆਪ ਅਤੇ ਕਾਂਗਰਸ ਦੇ ਹੱਥਾਂ ਵਿੱਚ ਖੇਡ ਰਹੇ ਹਨ। ਉਹ ਲੋਕਤਾਂਤਰਿਕ ਤਰੀਕਿਆਂ ਦੀ ਗੱਲ ਕਰਦੇ ਹਨ ਪਰ ਚੋਣਾਂ ਨਹੀਂ ਲੜਦੇ ਅਤੇ ਇੱਕ ਵਾਰ ਅਜਿਹਾ ਜਦ ਚੋਣ ਲੜੀ ਤਾਂ ਆਪਣੀਆਂ ਜਮਾਨਤਾਂ ਜਬਤ ਕਰਵਾ ਬੈਠੇ, ”ਸੁਨੀਲ ਜਾਖੜ ਨੇ ਕਿਹਾ।
ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹੋਏ ਜਾਖੜ ਨੇ ਕਿਹਾ ਕਿ ‘ਪੰਜਾਬ ਦੇ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਬਚਾਉਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਦੀ ਸੂਬਾ ਸਰਕਾਰ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਹਾ ਕਿਸਾਨਾਂ ਤੱਕ ਨਹੀਂ ਪਹੁੰਚਣ ਦੇ ਰਹੀ ਹੈ ਜਦ ਕਿ ਹੋਰ ਥਾਂਵਾਂ ਦੇ ਕਿਸਾਨਾਂ ਇੰਨ੍ਹਾਂ ਦਾ ਲਾਹਾ ਲੈ ਰਹੇ ਹਨ।
ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਲਈ ਪ੍ਰਸ਼ੰਸਾ ਕਰਦਿਆਂ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਵਿੱਚ ਬਿਨਾਂ ਕਿਸੇ ਗਠਜੋੜ ਦੇ ਇਕੱਲੇ ਚੋਣ ਲੜਨ ਦੇ ਫੈਸਲੇ ਨੇ ਸੂਬੇ ਵਿੱਚ ਭਾਜਪਾ ਦੀ ਮਜਬੂਤੀ ਦਾ ਰਾਹ ਪੱਧਰਾ ਕੀਤਾ ਹੈ। “ਇਹ ਚੋਣ ਸਿਰਫ਼ ਇੱਕ ਪਰਖ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਇੱਕ ਮਜ਼ਬੂਤ ਸਰਕਾਰ ਬਣਾਏਗੀ, ”ਜਾਖੜ ਨੇ ਕਿਹਾ।