ਚੰਡੀਗੜ੍ਹ, 15 ਜਨਵਰੀ੍ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਵਿੱਚ ਪੈ ਰਹੀ ਠੰਢ ਅਤੇ ਸੰਘਣੀ ਧੁੰਦ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ, ਪ੍ਰਾਇਮਰੀ ਸਕੂਲ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3:20 ਵਜੇ ਤੱਕ ਖੁੱਲ੍ਹਣਗੇ। ਇਹ ਨਵਾਂ ਸਮਾਂ 21 ਜਨਵਰੀ, 2026 ਤੱਕ ਲਾਗੂ ਰਹੇਗਾ।
ਸ. ਬੈਂਸ ਨੇ ਕਿਹਾ, “ਸਾਡੇ ਵਿਦਿਆਰਥੀਆਂ ਦੀ ਭਲਾਈ ਤੇ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ।” ਉਨ੍ਹਾਂ ਨੇ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀ.ਈ.ਓ.) ਨੂੰ ਸੂਬੇ ਭਰ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿੱਚ ਇਸ ਸੋਧੇ ਹੋਏ ਸਮੇਂ ਦੇ ਲਾਗੂਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਸਕੂਲ ਸਮੇਂ ਦੀ ਤਬਦੀਲੀ 31 ਜਨਵਰੀ ਤੱਕ ਅਤੇ ਡਬਲ ਸ਼ਿਫਟ ਸਕੂਲਾਂ ਨੂੰ ਵੀ ਵਿਚਾਰੇ ਜਾਣ ਦੀ ਲੋੜ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਸਮੇਂ ਵਿੱਚ ਕੀਤੀ ਤਬਦੀਲੀ ਨੂੰ 21 ਜਨਵਰੀ ਦੀ ਥਾਂ 31 ਜਨਵਰੀ ਤੱਕ ਜਾਰੀ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਸਵੇਰ ਦੇ ਸਮੇਂ ਬਹੁਤ ਜਿਆਦਾ ਧੁੰਦ ਅਤੇ ਠੰਡ ਹੋਣ ਕਾਰਨ ਸਕੂਲ ਸਮੇਂ ਵਿੱਚ ਤਬਦੀਲੀ ਬਹੁਤ ਲੋੜੀਂਦੀ ਸੀ ਅਤੇ ਇਹ ਤਬਦੀਲੀ 31 ਜਨਵਰੀ ਤੱਕ ਲਾਗੂ ਕੀਤੇ ਜਾਣ ਦੀ ਲੋੜ ਹੈ।
ਆਗੂਆਂ ਨੇ ਦੱਸਿਆ ਕਿ ਸਕੂਲ ਸਮੇਂ ਦੀ ਤਬਦੀਲੀ ਲਈ ਡਬਲ ਸ਼ਿਫਟ ਸਕੂਲਾਂ ਨੂੰ ਵੀ ਵਿਚਾਰਨ ਦੀ ਲੋੜ ਹੈ ਕਿਉਂਕਿ ਡਬਲ ਸ਼ਿਫਟ ਵਿੱਚੋਂ ਸਵੇਰ ਦੀ ਸ਼ਿਫਟ ਵਾਲੇ ਸਕੂਲ ਸਵੇਰੇ ਸਾਢੇ ਸੱਤ ਵਜੇ ਲੱਗ ਰਹੇ ਹਨ ਜਿਸ ਵੇਲੇ ਬਹੁਤ ਠੰਡ ਹੁੰਦੀ ਹੈ। ਸਵੇਰੇ ਐਨੀ ਜਲਦੀ ਅਤੇ ਸਰਦੀ ਦੇ ਮਾਹੌਲ ਵਿੱਚ ਵਿਦਿਆਰਥੀਆਂ ਲਈ ਸਕੂਲ ਪਹੁੰਚਣ ਅਤੇ ਸਕੂਲ ਵਿਖੇ ਵਿੱਦਿਅਕ ਮਾਹੌਲ ਬਣਨ ਵਿੱਚ ਦਿੱਕਤ ਆਉਂਦੀ ਹੈ। ਇਸ ਲਈ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਡਬਲ ਸ਼ਿਫਟ ਸਕੂਲਾਂ ਦੀ ਪਹਿਲੀ ਸ਼ਿਫਟ ਦਾ ਸਮਾਂ ਘੱਟੋ ਘੱਟ 9 ਵਜੇ ਕੀਤਾ ਜਾਵੇ ਦੂਜੀ ਸ਼ਿਫਟ 1:30 ਵਜੇ ਤੋਂ ਕੀਤਾ ਜਾਵੇ।