ਅਚਾਨਕ ਕਿਸਾਨਾਂ ਨੇ ਰੇਲਵੇ ਟ੍ਰੈਕ ਕਿਉਂ ਕੀਤਾ ਖਾਲੀ

 ਚੰਡੀਗੜ੍ਹ 20 ਮਈ (ਖ਼ਬਰ ਖਾਸ ਬਿਊਰੋ)

ਕਰੀਬ ਇਕ ਮਹੀਨੇ ਤੋਂ ਤਿੰਨ ਕਿਸਾਨਾਂ ਦੀ ਰਿਹਾਈ ਲਈ ਸੰਭੂ ਰੇਲਵੇ ਸਟੇਸ਼ਨ ਉਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਸੱਦੇ ਉਤੇ ਧਰਨਾ ਦੇ ਰਹੇ ਕਿਸਾਨਾਂ ਵਲੋਂ ਅਚਾਨਕ ਰੇਲਵੇ ਟ੍ਰੈਕ ਖਾਲੀ ਕਰਨ ਦੇ ਫੈਸਲੇ ਨੇ ਸਭਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਕਿਸਾਨ ਆਗੂ ਕਿਸਾਨ ਅੰਦੋਲਨ (2) ਦੇ 100 ਦਿਨ ਪੂਰੇ ਹੋਣ ਤੇ ਸੰਭੂ ਬੈਰੀਅਰ, ਖਨੌਰੀ, ਡਬਵਾਲੀ ਤੇ ਰਤਨਪੁਰਾ ਵਿਖੇ 22 ਮਈ ਨੂੰ ਵਿਸ਼ਾਲ ਕਾਨਫਰੰਸਾਂ ਕਰਨ ਦੀ ਦਲੀਲ ਦੇ ਰਹੇ ਹਨ, ਪਰ ਸਿਆਸੀ ਹਲਕਿਆਂ  ਵਿਚ ਅਟਕਲਾਂ ਚੱਲ ਰਹੀਆਂ ਹਨ ਕਿ ਰੇਲਵੇ ਟਰੈਕ ਖਾਲੀ ਕਰਵਾਉਣ ਲਈ  ਰੇਲਵੇ ਪ੍ਰਸ਼ਾਸ਼ਨ ਵੱਡਾ ਫੈਸਲਾ ਲੈਣ ਦੇ ਰੌਂਅ ਵਿਚ ਸੀ। ਉਧਰ  ਕਿਸਾਨ ਆਗੂਆਂ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਹੋਰ ਨੇਤਾਵਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਹੈ, ਇਸ ਤਰਾਂ ਵੱਖ ਵੱਖ ਥਾਵਾਂ ਉਤੇ ਕਿਸਾਨਾਂ ਦੇ ਬੈਠੇ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਕਿਸਾਨਾਂ ਉਤੇ ਕਾਰਵਾਈ ਅਮਲ ਵਿਚ ਲਿਆ ਸਕਦਾ ਸੀ, ਜਿਸ ਕਰਕੇ ਕਿਸਾਨ ਆਗੂਆਂ ਨੇ ਇਕ ਥਾਂ ਉਤੇ ਇਕੱਠੇ ਹੋਣ ਦਾ ਫੈਸਲਾ ਕੀਤਾ ਹੈ।

ਕਿਸਾਨ ਕਰੀਬ ਇਕ ਮਹੀਨੇ  ਤੱਕ ਰੇਲਵੇ ਟ੍ਰੈਕ ਉਤੇ ਬੈਠੇ ਰਹੇ। ਰੋਜ਼ਾਨਾਂ ਦੋ ਦਰਜ਼ਨ ਦੇ ਕਰੀਬ ਗੱਡੀਆਂ ਦਾ ਪਹੀਆ ਜਾਮ ਹੋਇਆ ਸੀ, ਪਰ ਕੇਂਦਰ ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਅੱਗੇ ਝੁਕਣਾ ਤਾਂ ਦੂਰ ਬਲਕਿ ਕਿਸਾਨ ਆਗੂਆਂ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ। ਕਿਸਾਨਾਂ ਵਲੋ ਬਿਨਾਂ ਕਿਸੇ ਪ੍ਰਾਪਤੀ ਤੋ ਰੇਲਵੇ ਟ੍ਰੈਕ ਖਾਲੀ ਕਰਨ ਦੇ ਫੈਸਲੇ ਨਾਲ ਕਿਸਾਨਾਂ ਵਿਚ ਨਿਰਾਸ਼ਾ ਗਈ ਹੈ। ਜਦਕਿ ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਉਹਨਾਂ ਆਪਣੀ ਰਣਨੀਤੀ ਤਹਿਤ ਰੇਲਵੇ ਟ੍ਰੈਕ ਖਾਲੀ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਕਿਸਾਨ ਆਗੂਆਂ ਨੇ ਕਿਹਾ-—-

ਕਿਸਾਨ ਅੰਦੋਲਨ 2 ਦੇ 100 ਦਿਨ ਪੂਰੇ ਹੋਣ ਅਤੇ ਸ਼ੰਭੂ ਰੇਲਵੇ ਸਟੇਸ਼ਨ ‘ਤੇ ਤਿੰਨ ਕਿਸਾਨਾਂ ਦੀ ਰਿਹਾਈ ਲਈ ਚੱਲ ਰਹੇ ਰੇਲ ਰੋਕੋ ਅੰਦੋਲਨ ਦੇ ਸਬੰਧ ਵਿੱਚ ਅੱਜ ਕਿਸਾਨ ਮਜ਼ਦੂਰ ਮੋਰਚਾ ਅਤੇ ਐਸ.ਕੇ.ਐਮ (ਗੈਰ ਸਿਆਸੀ) ਵੱਲੋਂ ਕਿਸਾਨ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ 2 ਦੇ 100 ਦਿਨ ਪੂਰੇ ਹੋਣ ‘ਤੇ ਸ਼ੰਭੂ ਬਾਰਡਰ, ਖਨੋਰੀ, ਡੱਬਵਾਲੀ ਅਤੇ ਰਤਨਪੁਰਾ ਵਿਖੇ ਵਿਸ਼ਾਲ ਕਿਸਾਨ ਕਾਨਫਰੰਸਾਂ ਕੀਤੀਆਂ ਜਾਣਗੀਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਦੇਸ਼ ਭਰ ਤੋਂ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਦੇ ਠਹਿਰਣ ਅਤੇ ਲੰਗਰ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਵੱਧ ਰਹੀ ਗਰਮੀ ਅਤੇ ਤਾਪਮਾਨ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਹਰਿਆਣਾ ਸਰਕਾਰ ਵੱਲੋਂ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਲਈ ਪਿਛਲੇ ਇੱਕ ਮਹੀਨੇ ਤੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਰੇਲ ਰੋਕੋ ਅੰਦੋਲਨ ਸਬੰਧੀ ਬੋਲਦਿਆਂ ਕਿਸਾਨ ਆਗੂ ਸੁਰਜੀਤ ਸਿੰਘ ਫੁੱਲ ਨੇ ਕਿਹਾ ਕਿ ਅੱਜ ਸ਼ਾਮ ਤੁਰੰਤ ਪ੍ਰਭਾਵ ਨਾਲ ਕਿਸਾਨ ਸ਼ੰਭੂ ਰੇਲਵੇ ਸਟੇਸ਼ਨ ‘ਤੇ ਧਰਨਾ ਨੂੰ ਸਤਗਿਤ ਕਰ ਦੇਣਗੇ ਅਤੇ ਆਪਣੇ ਸਾਥੀ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਉਣ ਵਾਲੇ ਦਿਨਾਂ ‘ਚ ਸਟੇਸ਼ਨਾਂ ਅਤੇ ਰੇਲਵੇ ਟਰੈਕਾਂ ਤੋਂ ਉੱਠ ਕੇ ਪੰਜਾਬ ਅਤੇ ਹਰਿਆਣਾ ਦੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨਗੇ। ਹਾਲ ਹੀ ਵਿੱਚ ਭਾਜਪਾ ਦੇ ਕੁਝ ਆਗੂਆਂ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਅਤੇ ਕਿਸਾਨਾਂ ਪ੍ਰਤੀ ਭੱਦੀ ਅਤੇ ਬੇਤੁਕੀ ਬਿਆਨਬਾਜ਼ੀ ਦੇ ਸੰਬੰਧ ਵਿੱਚ
ਕਿਸਾਨ ਆਗੂ ਸੁਰਜੀਤ ਸਿੰਘ ਫੁੱਲ ਨੇ ਉਨ੍ਹਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਸੂਬੇ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਨਾ ਕਰੇ। ਸਮਾਜ ਵਿੱਚ ਵੰਡੀਆਂ ਪਾਉਣ ਅਤੇ ਭਾਈਚਾਰਕ ਸਾਂਝ ਨੂੰ ਵਿਗਾੜਨ ਦਾ ਤੁਹਾਡਾ ਪ੍ਰਚਾਰ ਪੰਜਾਬ ਵਿੱਚ ਕੰਮ ਨਹੀਂ ਆਵੇਗਾ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23 ਤਰੀਕ ਨੂੰ ਪਟਿਆਲਾ ਵਿਖੇ ਹੋਣ ਵਾਲੀ ਚੋਣ ਰੈਲੀ ਬਾਰੇ ਬੋਲਦਿਆਂ ਕਿਸਾਨ ਆਗੂ ਸੁਖਜੀਤ ਸਿੰਘ ਖਹਿਰਾ ਅਤੇ ਸੁਰਜੀਤ ਫੂਲ  ਨੇ ਦੱਸਿਆ ਕਿ ਉਹਨਾਂ ਦੇ ਸੱਦੇ ਅਨੁਸਾਰ ਕਿਸਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਵਿਧਾਨਕ ਅਤੇ ਜਮਹੂਰੀ ਢੰਗ ਨਾਲ ਸਵਾਲ ਵੀ ਕਰਨਗੇ। ਅਤੇ ਉਨ੍ਹਾਂ ਨੂੰ ਪੁੱਛਣਗੇ ਕਿ ਉਨ੍ਹਾਂ ਨੇ ਪਿਛਲੇ ਅੰਦੋਲਨ ਵਿੱਚ ਕਿਸਾਨਾਂ ਨਾਲ ਧੋਖਾ ਅਤੇ ਝੂਠ ਕਿਉਂ ਬੋਲਿਆ। ਆਖ਼ਰ ਲਿਖਤੀ ਰੂਪ ਵਿਚ ਦੇਣ ਦੇ ਬਾਵਜੂਦ ਉਨ੍ਹਾਂ ਨੇ ਵਾਅਦਾ ਕਿਉਂ ਤੋੜਿਆ? ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਭਾਜਪਾ ਲੋਕਤੰਤਰ ਨੂੰ ਤਬਾਹ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਹਰਿਆਣਾ ਵਿੱਚ ਭਾਜਪਾ ਕਿਸਾਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਆਗੂਆਂ ਨੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ ਅਤੇ ਕਿਸਾਨ ਲੋਕਤੰਤਰ ਅਤੇ ਕਿਸਾਨੀ ਨੂੰ ਬਚਾਉਣ ਲਈ ਹਰ ਸੰਭਵ ਲੜਾਈ ਲੜਨਗੇ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

Leave a Reply

Your email address will not be published. Required fields are marked *