ਚੰਡੀਗੜ੍ਹ 19 ਨਵੰਬਰ ( ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜੁਲਾਈ ਤੋ ਬਾਅਦ ਤਨਖਾਹ ਅਤੇ ਭੱਤੇ ਨਹੀਂ ਮਿਲੇ ਪਰ ਸੈਕਟਰ ਚਾਰ ਵਿਚ ਸਰਕਾਰੀ ਰਿਹਾਇਸ਼ ਜੋ ਵਿਧਾਨ ਸਭਾ ਨੇ ਉਪਲਬਧ ਕਰਵਾਈ ਹੈ, ਉਹ ਬਰਕਰਾਰ ਰੱਖੀ ਹੋਈਹੈ।
ਸੋਸ਼ਲ ਮੀਡੀਆ ਉਤੇ ਸੂਚਨਾ ਦੇ ਅਧਿਕਾਰ ਐਕਟ ਤਹਿਤ ਵਿਧਾਨ ਸਭਾ ਤੋ ਮੰਗੀ ਗਈ ਜਾਣਕਾਰੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵਿਧਾਨ ਸਭਾ ਵਲੋਂ ਉੁਪਲਬਧ ਕਰਵਾਈ ਗਈ ਹੈ ਜਾਂ ਨਹੀਂ। ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ ਪਰ ਵਿਧਾਨ ਸਭਾ ਵਲੋਂ ਦੱਸਿਆ ਗਿਆ ਹੈ ਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ ਜੁਲਾਈ 2025 ਤੱਕ ਤਨਖਾਹ ਅਤੇ ਭੱਤੇ ਦਿੱਤੇ ਗਏ ਹਨ।ਵਿਧਾਇਕ ਨੂੰ ਸਰਕਾਰੀ ਰਿਹਾਇਸ਼ ਵਜੋਂ ਸੈਕਟਰ 4 ਵਿਖੇ ਫਲੈਟ ਨੰਬਰ 38 ਸੈਕਟਰ ਅਲਾਟ ਕੀਤਾ ਹੋਇਆ ਹੈ, ਜਿਹੜਾ ਵਿਧਾਇਕ ਦੇ ਕਬਜ਼ੇ ਅਧੀਨ ਹੈ। ਇਹ ਜਾਣਕਾਰੀ ਵਿਧਾਨ ਸਭਾ ਨੇ ਦਿੱਤੀ ਹੈ।

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਕੋਈ ਰਾਹਤ ਨਹੀਂ ਦਿੱਤੀ। ਸਿਆਸੀ ਹਲਕਿਆਂ ਵਿਚ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਇਹ ਵੀ ਚਰਚਾ ਚੱਲ ਰਹੀ ਹੈ ਕਿ ਜੇਲ ਵਿਚ ਬੰਦ ਮਨਜਿੰਦਰ ਸਿੰਘ ਲਾਲਪੁਰਾ ਆਪਣੀ ਸਜ਼ਾ ਦੇ ਖਿਲਾਫ਼ ਹੁਣ ਸੁਪਰੀਮ ਕੋਰਟ ਦਾ ਰੁਖ਼ ਕਰ ਸਕਦਾ ਹੈ। ਵਰਨਣਯੋਗ ਹੈ ਕਿ ਲਾਲਪੁਰਾ ਨੂੰ ਹੇਠਲੀ ਅਦਾਲਤ ਨੇ ਇਕ ਦਲਿਤ ਲੜ੍ਹਕੀ ਨਾਲ ਮਾਰਕੁੱਟ ਕਰਨ ਦੇ ਦੋਸ਼ ਹੇਠ ਚਾਰ ਸਾਲ ਦੀ ਸਜ਼ਾ ਕੀਤੀ ਹੈ।