— ਬੋਲੇ ਸਿਰਸਾ; ਕੇਦਰੀਵਾਲ ਤੇ ਮਜੀਠੀਆ ਦੀ ਜ਼ਮਾਨਤ ਇੱਕ ਬਰਾਬਰ, ਦੋਵੇਂ ਨਸ਼ਾ ਤਸਕਰ
ਚੰਡੀਗੜ੍ਹ, 16 ਮਈ ( ਖ਼ਬਰ ਖਾਸ ਬਿਊਰੋ)
‘ਪੰਜਾਬ ਚ ਕਿਸਾਨ ਯੂਨੀਅਨ ਦੀਆਂ ਕੰਗਾਰੂ ਅਦਾਲਤਾਂ ਆਪ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੱਡਾ ਸਵਾਲ ਬਣ ਕੇ ਉਭਰੀ ਹੈ। ਸੀਐਮ ਭਗਵੰਤ ਮਾਨ ਕਿਸਾਨਾਂ ਤੇ ਵਪਾਰੀਆਂ ਦੇ ਰਿਸ਼ਤੇ ਦੋਫਾੜ ਕਰਕੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਸੂਬੇ ਦੇ ਹਾਲਾਤਾਂ ਨੂੰ ਵੱਧ ਤੋਂ ਬਦਤਰ ਵੱਲ ਲੈ ਜਾਣਗੇ।’
ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਮਾਝਾ ਯੂਥ ਵਿੰਗ ਦੇ ਪ੍ਰਧਾਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਡੇਰਾ ਬਾਬਾ ਨਾਨਕ ਦੇ ਉਮੀਦਵਾਰ ਰਹੇ ਰਵੀਕਰਨ ਸਿੰਘ ਕਾਹਲੋਂ ਤੇ ਸਾਥੀਆਂ ਤੇ ਕਾਂਗਰਸ ਤੇ ਆਪ ਆਗੂਆਂ ਨੂੰ ਭਾਜਪਾ ਚ ਸ਼ਾਮਲ ਕਰਨ ਮੌਕੇ ਗੱਲਬਾਤ ਦੌਰਾਨ ਕੀਤਾ।
ਪ੍ਰਧਾਨ ਜਾਖੜ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੇ ਜੱਦੀ ਸ਼ਹਿਰ ਸੰਗਰੂਰ ਦਾ ਦਿਲ ਕਹੇ ਜਾਣ ਵਾਲੇ ਬਰਨਾਲਾ ਚ ਜਦੋਂ ਕੁਝ ਕਿਸਾਨਾਂ ਤੇ ਵਪਾਰੀਆਂ ਦੇ ਵਿਵਾਦ ਦੌਰਾਨ ਵਾਪਰਿਆ, ਉਹ ਬਹੁਤ ਚਿੰਤਾਜਨਕ ਹੈ। ਇਸ ਦੇ ਨਤੀਜੇ ਪੰਜਾਬ ਦੇ ਵਿਗੜੇ ਹੋਏ ਹਾਲਾਤਾਂ ਨੂੰ ਹੋਰ ਵੀ ਖਰਾਬ ਕਰ ਸਕਦੇ ਹਨ।
ਜਾਖੜ ਨੇ ਕਿਹਾ ਵੀ ਕੋਈ ਪਹਿਲੀ ਘਟਨਾ ਨਹੀਂ ਹੈ, ਅਜਨਾਲਾ ਚ ਪੁਲਿਸ ਥਾਣੇ ਉੱਤੇ ਕਬਜ਼ਾ, ਰੋਜ਼ਾਨਾ ਲੁੱਟਾਂ-ਖੋਹਾਂ ਫਿਰੌਤੀਆਂ, ਡਕੈਤੀਆਂ ਤੇ ਕਤਲ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹਾਲਾਤ ਕਿੰਨੇ ਖਰਾਬ ਹਨ। ਨੰਗਲ ਚ ਆਰਐਸਐਸ ਆਗੂ ਦਾ ਕਤਲ ਸੂਬੇ ਦੀ ਅਮਨ ਸ਼ਾਂਤੀ ਲਈ ਵੱਡਾ ਸਵਾਲ ਹੈ।
ਜਾਖੜ ਨੇ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਸੀਐਮ ਭਗਵੰਤ ਮਾਨ ਉਕਤ ਹਾਲਾਤਾਂ ਨੂੰ ਅਣਗੌਲ ਕੇ ਸਿਰਫ ਝੇਡਾਂ ਕਰਨ ਤਕ ਸੀਮਤ ਰਹਿੰਦੇ ਹਨ, ਜੋ ਸੂਬੇ ਚ ਆਪ ਦੀ ਲੀਡਰਸ਼ਿਪ ਕ੍ਰਾਈਸਿਸ ਦੀ ਮਿਸਾਲ ਹੈ।
ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤਿਹਾੜ ਜੇਲ੍ਹ ਚੋਂ ਮਿਲੀ ਜ਼ਮਾਨਤ ਬਿਕਰਮਜੀਤ ਮਜੀਠੀਆ ਨੂੰ ਮਿਲੀ ਜ਼ਮਾਨਤ ਦੇ ਬਰਾਬਰ ਹੈ, ਕਿਉਂਕਿ ਇੱਕ ਸ਼ਰਾਬ ਤਸਕਰੀ ਦਾ ਮਾਮਲੇ ਤੇ ਦੂਜਾ ਡਰੱਗ ਦੇ ਤਸਕਰੀ ਦੇ ਕੇਸ ਚ ਫਸਿਆ ਹੋਇਆ ਹੈ।
ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਚ ਕਾਂਗਰਸ ਨੂੰ ਲੁਟੇਰੀ ਕਹੇਗਾ, ਜਦਕਿ ਦੇਸ਼ ਪੱਧਰ ਉੱਤੇ ਕਾਂਗਰਸ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਦਾ ਜਵਾਬ ਪਹਿਲੀ ਜੂਨ ਨੂੰ ਦੇਣਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਭਾਜਪਾ ਚ ਸ਼ਾਮਲ ਹੋਣ ਵਾਲੇ ਮਾਝੇ ਦੇ ਵੱਡੇ ਸਿਆਸੀ ਚਿਹਰੇ ਰਵੀਕਰਨ ਸਿੰਘ ਕਾਹਲੋਂ ਸੁਖਬੀਰ ਬਾਦਲ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸੱਚ ਬੋਲਣ ਦੀ ਸਜ਼ਾ ਦੇ ਕੇ ਪਾਰਟੀ ਚੋਂ ਬਾਹਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਅਕਾਲੀ ਦਲ ਦੇ ਲੇਖੇ ਲੱਗੀਆਂ, ਪਰ ਅੱਜ ਇਹ ਪਾਰਟੀ ਇੱਕ ਪਰਿਵਾਰ ਦੀ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਗਈ ਹੈ।
ਕਾਹਲੋਂ ਨੇ ਕਿਹਾ ਕਿ ਬੀਤੇ ਕੱਲ੍ਹ ਉਨ੍ਹਾਂ ਨੂੰ ਜਬਰ ਜਨਾਹ ਦੇ ਕੇਸ ਚ ਫਸੇ ਆਗੂ ਦਾ ਵਿਰੋਧ ਕਰਨ ਕਾਰਨ ਪਾਰਟੀ ਚੋਂ ਕੱਢ ਦਿੱਤਾ ਗਿਆ। ਕਾਹਲੋਂ ਕਿਹਾ ਕਿ ਉਹ ਭਾਜਪਾ ਚ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ।
ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਬੀਜੇਪੀ ਪਰਮਿੰਦਰ ਸਿੰਘ ਬਰਾੜ ਤੇ ਪੰਜਾਬ ਭਾਜਪਾ ਮੀਡੀਆ ਸੈੱਲ ਦੇ ਮੁਖੀ ਵਿਨਿਤ ਜੋਸ਼ੀ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।