ਚੰਡੀਗੜ੍ਹ 15 ਅਗਸਤ, (ਖ਼ਬਰ ਖਾਸ ਬਿਊਰੋ)
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਮਨੀਸ਼ ਸਿਸੋਦੀਆਂ ਦੀ ਇਕ ਵਾਇਰਲ ਹੋਈ ਵੀਡੀਓ ਨੇ ਪੰਜਾਬ ਦੀ ਸਿਆਸਤ ਵਿਚ ਭੁਚਾਲ ਲਿਆ ਦਿੱਤਾ ਹੈ। ਸਿਸੋਦੀਆ ਦੀ ਇਹ ਵੀਡਿਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਵੀਡਿਓ ਕਲਿੱਪ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਤੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੀ ਸਾਹਮਣੇ ਬੈਠੇ ਹਨ।
ਵਾਇਰਲ ਹੋਏ ਵੀਡਿਓ ਕਲਿੱਪ ਸਿਸੋਦੀਆ 2027 ਦੀਆਂ ਚੋਣਾਂ ਹਰ ਹੀਲੇ ਜਿੱਤਣ ਲਈ ਕਿਸੇ ਵੀ ਨੌਬਤ ਤੱਕ ਜਾਣ ਦੀ ਗੱਲ ਕਰਦੇ ਹਨ, ਬਲਕਿ ਇਹ ਸਮਾਗਮ ਵਿਚ ਬੈਠੀਆਂ ਔਰਤਾਂ ਨੂੰ ਵੀ ਕਹਿ ਰਹੇ ਹਨ ਕਿ ਉਹ ਤਰਾਂ ਦਾ ਝੂਠ, ਸਵਾਲ ਜਵਾਬ, ਦੰਡ, ਭੇਦ ਭਾਵ, ਲੜਾਈ ਝਗੜਾ ਕਰਨ ਲਈ ਤਿਆਰ ਹਨ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਫੇਸਬੁੱਕ ਪੇਜ਼ ਅਤੇ ਐਕਸ ਤੇ ਵੀਡਿਓ ਕਲਿੱਪ ਨੂੰ ਸ਼ੇਅਰ ਕੀਤਾ ਹੈ। ਜਾਖੜ ਦਾ ਕਹਿਣਾ ਹੈ ਕਿ ਇਹ ਆਪ ਪਾਰਟੀ ਦੇ ਦਿੱਲੀ ਤੋਂ ਆਏ ਧਾੜਵੀਆਂ ਦੀ ਪੰਜਾਬ ਵਿਚ ਅੱਗ ਲਗਾਉਣ ਦੇ ਮਨਸੁਬਿਆਂ ਦਾ ਪ੍ਰਮਾਣ ਹੈ।
ਅੱਜ ਜਦ ਲੋਕ ਆਜਾਦੀ ਦਿਵਸ ਮਨਾ ਰਹੇ ਹਨ ਤਾਂ ਇਹ ਜੁੰਡਲੀ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਣ ਦੀਆਂ ਸਕੀਮਾਂ ਘੜ ਰਹੇ ਹਨ।
ਭਾਜਪਾ ਆਪ ਵੱਲੋਂ ਚੋਣਾਂ ਜਿੱਤਣ ਲਈ ਅਪਨਾਏ ਜਾਂਦੇ ਗੈਰ ਕਾਨੂੰਨੀ, ਗੈਰ ਇਖਲਾਕੀ ਤਰੀਕਿਆਂ ਦੀ ਜਾਂਚ ਦੀ ਮੰਗ ਕਰਦੀ ਹੈ।
ਅਸੀਂ ਇਸਦੀ ਕਾਨੂੰਨੀ ਪੱਖਾਂ ਤੋਂ ਵੀ ਜਾਂਚ ਕਰ ਰਹੇ ਹਾਂ ਅਤੇ ਚੋਣ ਪ੍ਰਕ੍ਰਿਆ ਨੂੰ ਪਲੀਤ ਕਰਨ ਦੀ ਇਸ ਪਾਰਟੀ ਦੇ ਮਨਸੂਬਿਆਂ ਖਿਲਾਫ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਦੇ ਪੰਜਾਬ ਨੂੰ ਅਸਾਂਤ ਕਰਨ ਦੇ ਮਨਸੂਬਿਆਂ ਨੂੰ ਰੋਕਿਆ ਜਾ ਸਕੇ।
ਉਥੇ ਇਸ ਪਾਰਟੀ ਦੇ ਆਗੂ ਸਮਝ ਲੈਣ ਕਿ ਉਨ੍ਹਾਂ ਦੀ ਕਾਠ ਦੀ ਹਾਂਡੀ ਮੁੜ ਨਹੀਂ ਚੜ੍ਹਨ ਵਾਲੀ, ਕਿਉਂਕਿ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਤੋਂ ਮੁਕਤੀ ਦਾ ਮਨ ਬਣਾ ਲਿਆ ਹੈ।
ਭਾਜਪਾ ਨੇਤਾ ਪਰਮਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਪੰਜਾਬੀਆ ਨੇ ਦੇਸ਼ ਅਜ਼ਾਦ ਕਰਵਾਉਣ ਲਈ ਅਨੇਕਾ ਕੁਰਬਾਨੀਆ ਦਿੱਤੀਆ ਹਨ। ਪੰਜਾਬੀਆ ਨੇ ਅੰਗਰੇਜ਼ ਹਕੂਮਤ ਨੂੰ ਹਰਾਇਆ, ਆਫਗਾਨੀਆਂ ਤੇ ਮੁਗਲ ਹਕੂਮਤ ਨਾਲ ਵੀ ਮੁਕਾਬਲਾ ਕੀਤਾ ਹੈ। ਹੁਣ ਪੰਜਾਬ ਦੇ ਲੋਕ ਇਕਜੁਟ ਹੋ ਕੇ 2027 ਵਿਚ ਆਪ ਨੂੰ ਵੀ ਸਬਕ ਸਿਖਾਉਣਗੇ।