ਚੰਡੀਗੜ੍ਹ 1 ਅਗਸਤ, ( ਖ਼ਬਰ ਖਾਸ ਬਿਊਰੋ)
ਅਕਾਲੀ ਨੇਤਾ ਅਤੇ ਉੱਘੇ ਬਿਲਡਰ ਰਣਜੀਤ ਸਿੰਘ ਗਿੱਲ ਆਖ਼ਰ ਭਾਜਪਾ ਵਿਚ ਸ਼ਾਮਲ ਹੋ ਗਏ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇਦੇਰ ਸ਼ਾਮ ਆਪਣੀ ਰਿਹਾਇਸ਼ ਉਤੇ ਰਣਜੀਤ ਸਿੰਘ ਗਿੱਲ ਨੂੰ ਭਾਜਪਾ ਵਿਚ ਸ਼ਾਮਲ ਕੀਤਾ।ਮਜ਼ੇਦਾਰ ਗੱਲ ਇਹ ਹੈ ਕਿ ਸੈਣੀ ਦੀ ਭਾਜਪਾ ਵਿਚ ਸ਼ਮੂਲੀਅਤ ਵੇਲੇ਼ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ, ਖਾਸਕਰਕੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਵੀ ਗੈਰ ਹਾਜ਼ਰ ਸਨ।
ਸੱਤਾ ਦੇ ਗਲਿਆਰਿਆ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ ਪੰਜਾਬ ਭਾਜਪਾ ਦੀ ਲੀਡਰਸ਼ਿਪ ਦੀ ਗੈਰਹਾਜ਼ਰੀ ਵਿਚ ਰਾਤ ਨੂੰ ਕਾਹਲੀ ਕਾਹਲੀ ਕਿਉਂ ਸ਼ਾਮਲ ਕੀਤਾ ਗਿਆ ਹੈ।
ਰਣਜੀਤ ਸਿੰਘ ਗਿੱਲ ਦਾ ਜੱਦੀ ਪਿੰਡ ਮਾਜਰੀ ਜੱਟਾਂ (ਰੂਪਨਗਰ) ਹੈ। ਉਹਨਾਂ ਆਪਣੀ ਸਿਆਸਤ ਦੀ ਸ਼ੁਰੂਆਤ ਪਿੰਡ ਮਾਜਰੀ ਜੱਟਾਂ ਦਾ ਸਰਪੰਚ ਬਣਨ ਨਾਲ ਕੀਤੀ। ਪਹਿਲਾਂ ਪਹਿਲ ਉਹਨਾਂ ਖੇਤੀ ਦੇ ਨਾਲ ਨਾਲ ਇ੍ਟਾਂ ਦਾ ਭੱਠਾ ਵੀ ਲਾਇਆ ਹੋਇਆ ਸੀ। ਫਿਰ ਕੁਝ ਦੋਸਤਾਂ ਨਾਲ ਮਿਲਕੇ ਪਹਿਲਾਂ ਰੂਪਨਗਰ ਵਿਖੇ ਗਿਲਕੋ ਵੈਲੀ ਦਾ ਨਿਰਮਾਣ ਕੀਤਾ। ਇਸਤੋ ਬਾਅਦ ਉਹਨਾਂ ਮੋਹਾਲੀ ਜ਼ਿਲੇ ਵਿਚ ਐਂਟਰੀ ਕਰ ਦਿੱਤੀ। ਅੱਜਕਲ ਉਹ ਗਿਲਕੋ ਵੈਲੀ ਦੇ ਮਾਲਕ ਹਨ ਅਤੇ ਉਹਨਾਂ ਦਾ ਨਾਮ ਵੱਡੇ ਬਿਲਡਰਾਂ ਵਿਚ ਸ਼ੁਮਾਰ ਹੈ।
ਗਿੱਲ ਹਲਕਾ ਖਰੜ ਦਾ ਇੰਚਾਰਜ਼ ਰਹੇ ਹਨ। ਉਹ ਦੋ ਵਾਰ ਅਕਾਲੀ ਦਲ ਦੀ ਟਿਕਟ ਉਤੇ ਚੋਣ ਲੜੇ ਹਨ ਅਤੇ ਦੋਨੋ ਵਾਰ ਉਹ ਜਿੱਤ ਨਹੀਂ ਸਕੇ। ਗਿੱਲ ਨੂੰ ਸੁਖਬੀਰ ਬਾਦਲ ਦੇ ਨੇੜੇ ਸਮਝਿਆ ਜਾਂਦਾ ਹੈ। ਪਰ ਉਹਨਾਂ ਪਿਛਲੇ ਦਿਨ ਅਕਾਲੀ ਦਲ ਤੋ ਅਸਤੀਫ਼ਾ ਦੇ ਦਿੱਤਾ ਸੀ। ਉਹਨਾਂ ਦੇ ਅਸਤੀਫ਼ਾ ਦੇਣ ਮਗਰੋਂ ਹਲਕਾ ਵਿਧਾਇਕ ਗਗਨ ਅਨਮੋਲ ਮਾਨ ਨੇ ਆਪਣੇ ਫੇਸਬੁੱਕ ਪੇਜ਼ ਉਤੇ ਸਪੀਕਰ ਨੂੰ ਸੰਬੋਧਨ ਹੁੰਦਿਆਂ ਅਸਤੀਫ਼ਾ ਮਨਜ਼ੂਰ ਕਰਨ ਦੀ ਗੱਲ ਕਹੀ ਸੀ। ਮਾਨ ਦਾ ਅਸਤੀਫ਼ਾ ਹੋਣ ਬਾਅਦ ਗਿੱਲ ਨੇ ਫਿਰ ਪੋਸਟ ਪਾਈ ਕਿ ਹਲਕਾ ਵਾਸੀਓ ਹੁਣ ਆਪਣੀ ਵੀ ਵਾਰੀ ਆਵੇਗੀ।
ਸਿਆਸੀ ਹਲਕਿਆਂ ਵਿਚ ਗਿੱਲ ਦੇ ਆਪ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਚੱਲ ਰਹੀਆਂ ਸਨ। ਇਕ ਵਾਰ ਇਹ ਵੀ ਚਰਚਾ ਚੱਲੀ ਸੀ ਕਿ ਮਾਨ ਦਾ ਅਸਤੀਫ਼ਾ ਮਨਜ਼ੂਰ ਹੋਣ ਬਾਅਦ ਖਰੜ ਹਲਕੇ ਦੀ ਵੀ ਜ਼ਿਮਨੀ ਚੋਣ ਹੋ ਸਕਦੀ ਹੈ। ਪਰ ਆਖ਼ਰ ਗਗਨ ਅਨਮੋਲ ਮਾਨ ਦਾ ਅਸਤੀਫ਼ਾ ਪਾਰਟੀ ਨੇ ਰੱਦ ਕਰ ਦਿੱਤਾ ਸੀ।
ਹੁਣ ਗਿੱਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਭਾਵੇਂ ਉਹਨਾਂ ਅਕਾਲੀ ਦਲ ਤੋ ਅਸਤੀਫ਼ਾ ਦੇ ਦਿੱਤਾ ਸੀ, ਪਰ ਇਸਨੂੰ ਅਕਾਲੀ ਦਲ ਲਈ ਵੱਡੇ ਝਟਕੇ ਦੇ ਰੂਪ ਵਿਚ ਹੀ ਦੇਖਿਆ ਜਾ ਰਿਹਾ ਹੈ।
ਗਿੱਲ ਨੇ ਕਿਹਾ ਮੋਦੀ ਦੀ ਨੀਤੀਆਂ ਕਾਰਨ ਭਾਜਪਾ ਵਿਚ ਹੋਇਆ ਸ਼ਾਮਲ
ਗਿੱਲ ਨੇ ਭਾਜਪਾ ਵਿਚ ਸਾਮਲ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅਤੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਤਰੱਕੀ ਲਈ ਬੀਜੇਪੀ ਜੁਆਇਨ ਕੀਤੀ ਹੈ। ਉਹਨਾਂ ਮੁੱਖ ਮੰਤਰੀ ਸਾਹਿਬ ਨਾਇਬ ਸਿੰਘ ਸੈਣੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣ ਮਿਲਕੇ ਕੰਮ ਕਰਨਗੇ ਤਾਂ ਜੋ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਜਿਹੜੇ ਰਾਜਾਂ ਵਿਚ ਬੀਜੇਪੀ ਦੀ ਸਰਕਾਰ ਹੈ ਉਹ ਬਹੁਤ ਅੱਗੇ ਨਿਕਲ ਚੁੱਕੇ ਹਨ। ਪੰਜਾਬ ਬਹੁਤ ਪਿਛੜ ਗਿਆ ਹੈ ਅਸੀਂ ਵੀ ਚਾਹੁੰਦੇ ਆ ਹਾਂ ਕਿ ਪੰਜਾਬ ਅੱਗੇ ਵਧੇ। ਪੰਜਾਬ ਵਿਚ ਬੀਜੇਪੀ ਦੀ ਸਰਕਾਰ ਬਣਾ ਕੇ ਅਸੀਂ ਪੰਜਾਬ ਨੂੰ ਤਰੱਕੀ ਦੀ ਲੀਹ ਉਤੇ ਲੈ ਕੇ ਜਾਵਾਂਗੇ।