ਚੰਡੀਗੜ੍ਹ 28 ਜੁਲਾਈ ( ਖ਼ਬਰ ਖਾਸ ਬਿਊਰੋ)
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ , ਵਿੱਤ ਸਕੱਤਰ ਸੋਮ ਸਿੰਘ ਅਤੇ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਸਿੱਖਿਆ ਮੰਤਰੀ ਅਤੇ ਵਿਭਾਗ ਦੇ ਸੈਕਟਰੀ ਤੋਂ ਮੰਗ ਕੀਤੀ ਹੈ ਕਿ ਉਹ ਕੇਨਰਾ ਬੈਂਕ ਦੇ ਮੁਲਾਜ਼ਮਾਂ ਨੂੰ ਮਿਡ ਡੇ ਮੀਲ ਵਰਕਰਜ਼ ਦੇ ਤਨਖਾਹ ਖਾਤੇ ਖੁਦ ਪਿੰਡਾਂ, ਸਕੂਲਾਂ ਵਿਚ ਜਾ ਕੇ ਖੋਲਣ ਬਾਰੇ ਚਿੱਠੀ ਲਿਖਣ।
ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਕੈਨਰਾ ਬੈਂਕ ਨਾਲ ਹੋਏ ਇਕਰਾਰ ਅਨੁਸਾਰ ਸਾਰੇ ਪੰਜਾਬ ਦੇ ਸਕੂਲਾਂ ਅੰਦਰ ਕੰਮ ਕਰਦੇ ਮਿਡ ਡੇ ਮੀਲਾਂ ਵਰਕਰਜ਼ ਦੇ ਖਾਤੇ ਕੈਨਰਾ ਬੈਂਕ ਵਿੱਚ ਖੁਲਵਾਉਣ ਦੀ ਹਦਾਇਤ ਕੀਤੀ ਗਈ ਹੈ। ਕੈਨਰਾ ਬੈਂਕ ਦੀਆਂ ਬਰਾਂਚਾਂ ਸਕੂਲਾਂ ਤੋਂ ਬਹੁਤ ਦੂਰ ਹਨ, ਅਤੇ ਬੈਂਕ ਕਰਮਚਾਰੀ ਸਕੂਲਾਂ ਵਿੱਚ ਆ ਕੇ ਖਾਤੇ ਨਹੀਂ ਖੋਲ ਰਹੇ ਜਿਸ ਕਾਰਨ ਕੁੱਕ ਕਮ ਹੈਲਪਰ ਲਗਾਤਾਰ ਕੈਨਰਾ ਬੈਂਕਾਂ ਦੇ ਚੱਕਰ ਲਗਾ ਲਗਾ ਕੇ ਪਰੇਸ਼ਾਨ ਹੋ ਰਹੇ ਹਨ। ਕਿਉਂਕਿ ਮਿਡ ਡੇ ਮੀਲ ਵਰਕਰਜ਼ ਸਕੂਲਾਂ ਵਿਚ ਮਿਡ ਡੇ ਮੀਲ ਦਾ ਕੰਮ ਖਤਮ ਕਰਕੇ ਬੈਂਕ ਖਾਤਾ ਖੁਲਵਾਉਣ ਜਾਂਦੇ ਹਨ ਅਤੇ ਉਸ ਸਮੇਂ ਕੈਨਰਾ ਬੈਂਕਾਂ ਵਿੱਚ ਖਾਤੇ ਖਲਵਾਉਣ ਸਬੰਧੀ ਭਾਰੀ ਗਿਣਤੀ ਵਿੱਚ ਕੁੱਕ ਕਮ ਹੈਲਪਰ ਅਤੇ ਹੋਰ ਲੋਕ ਆ ਜਾਂਦੇ ਹਨ ਅਤੇ ਬੈਂਕ ਵਾਲੇ ਕਰਮਚਾਰੀ ਕਹਿੰਦੇ ਹਨ ਕਿ ਅੱਜ ਇੰਨੇ ਸਾਰੇ ਖਾਤੇ ਨਹੀਂ ਖੁੱਲ ਸਕਦੇ ਤੁਸੀਂ ਦੁਬਾਰਾ ਕੱਲ ਨੂੰ ਆਇਓ।
ਕੈਨਰਾ ਬੈਂਕ ਦੀਆਂ ਬਰਾਂਚਾ ਹਰੇਕ ਪਿੰਡਾਂ ਵਿਚ ਨਹੀਂ ਹਨ ਜਿਸ ਕਾਰਨ ਵਰਕਰਜ਼ ਨੂੰ 10-15 ਕਿਲੋਮੀਟਰ ਦੂਰ ਖਾਤਾ ਖੁਲ੍ਹਾਉਣ ਲਈ ਬਾਰ ਬਾਰ ਜਾਣਾ ਪੈ ਰਿਹਾ ਹੈ, ਜਿਸ ਕਾਰਨ ਕੁੱਕ ਕਮ ਹੈਲਪਰਾਂ ਨੂੰ ਖਾਤੇ ਖੁਲਵਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਮੰਗ ਕਰਦੀ ਹੈ ਕਿ ਸਿੱਖਿਆ ਵਿਭਾਗ ਹੋਏ ਖਾਤੇ ਖਲਵਾਉਣ ਸਬੰਧੀ ਹੋਏ ਇਕਰਾਰਨਾਮੇ ਨੂੰ ਲਾਗੂ ਕਰਵਾਉਣ ਲਈ ਕੈਨਰਾ ਬੈਂਕ ਦੇ ਅਧਿਕਾਰੀਆਂ ਨੂੰ ਤਾਕੀਦ ਕਰੇ ਕਿ ਮਿਡ ਡੇ ਮੀਲ ਵਰਕਰਜ਼ ਦੇ ਖਾਤੇ ਬੈਂਕ ਕਰਮਚਾਰੀਆਂ ਵੱਲੋਂ ਉਹਨਾਂ ਦੇ ਸਕੂਲਾਂ ਨਾਲ ਸੰਪਰਕ ਕਰਕੇ ਇੱਕ ਦਿਨ ਸੈਂਟਰ ਪੱਧਰ ਉੱਪਰ ਸਮੂਹ ਵਰਕਰਜ਼ ਨੂੰ ਬੁਲਾ ਕੇ ਖੋਲੇ ਜਾਣ ਤਾਂ ਜੋ ਮਿਡ ਡੇ ਮੀਲ ਵਰਕਰਜ਼ ਖਾਤਾ ਖਲਵਾਉਣ ਸਮੇਂ ਹੋ ਰਹੀ ਖੱਜਲ ਖੁਆਰੀ ਤੋਂ ਬਚ ਸਕਣ। ਇਸ ਮੌਕੇ ਕੰਵਲਜੀਤ ਸੰਗੋਵਾਲ, ਜਤਿੰਦਰ ਸਿੰਘ ਸੋਨੀ, ਗੁਰਜੀਤ ਸਿੰਘ ਮੋਹਾਲੀ, ਪਰਗਟ ਸਿੰਘ ਜੰਬਰ, ਲਾਲ ਚੰਦ, ਜਗਤਾਰ ਸਿੰਘ ਖਮਾਣੋ, ਸੁੱਚਾ ਸਿੰਘ ਚਾਹਲ ਨੇ ਮੰਗ ਕੀਤੀ ਕਿ ਮਿਡ ਡੇ ਮੀਲ ਦੇ ਕੁੱਕ ਕਮ ਹੈਲਪਰ ਦੇ ਖਾਤੇ ਸੈਂਟਰ ਪੱਧਰ ਜਾਂ ਸਕੂਲ ਪੱਧਰ ਉਪਰ ਖੁਲਵਾਉਣ ਦੇ ਪ੍ਰਬੰਧ ਕੀਤੇ ਜਾਣ।