ਮੋਰਿੰਡਾ, 21 ਜੁਲਾਈ (ਖ਼ਬਰ ਖਾਸ ਬਿਊਰੋ)
ਮੋਰਿੰਡਾ ਦੇ ਹੈਂਡਬਾਲ ਸਟੇਡੀਅਮ ਨੂੰ ਹੋਰ ਵਿਕਸਤ ਕਰਨ ਦੇ ਉਦੇਸ਼ ਨਾਲ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ 13 ਲੱਖ 80 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਇਸ ਗ੍ਰਾਂਟ ਵਿੱਚੋਂ 10 ਲੱਖ ਰੁਪਏ ਚਾਰਦੀਵਾਰੀ ਦੀ ਨਿਰਮਾਣ ਕਾਰਜ ਲਈ ਹਨ, ਜੋ ਕਿ ਸਟੇਡੀਅਮ ਦੀ ਸੁਰੱਖਿਆ ਅਤੇ ਵਿਵਸਥਾ ਨੂੰ ਯਕੀਨੀ ਬਣਾਏਗੀ। ਇਸਦੇ ਨਾਲ ਹੀ ਪਖਾਨੇ ਬਣਾਉਣ ਲਈ 3 ਲੱਖ 80 ਹਜ਼ਾਰ ਰੁਪਏ ਦੀ ਵਿਸ਼ੇਸ਼ ਰਕਮ ਵੀ ਜਾਰੀ ਕੀਤੀ ਗਈ ਹੈ, ਜੋ ਖਿਡਾਰੀਆਂ ਅਤੇ ਦਰਸ਼ਕਾਂ ਦੀ ਸੁਵਿਧਾ ਲਈ ਹੈ।
ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਖੇਡਾਂ ਵੱਲ ਰੁਝਾਨ ਵਧਾਉਣ ਅਤੇ ਉਨ੍ਹਾਂ ਲਈ ਸਾਫ-ਸੁਥਰੀ, ਆਧੁਨਿਕ ਤੇ ਸੁਚੱਜੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਬੜੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਟੇਡੀਅਮ ਇਲਾਕੇ ਦੇ ਖਿਡਾਰੀਆਂ ਲਈ ਇੱਕ ਉੱਤਮ ਪਲੇਟਫਾਰਮ ਸਾਬਤ ਹੋਵੇਗਾ, ਜਿੱਥੇ ਉਹ ਆਪਣੇ ਖੇਡ ਹੁਨਰ ਨੂੰ ਹੋਰ ਜਿਆਦਾ ਨਿਖਾਰ ਸਕਣਗੇ।
ਇਸ ਮੌਕੇ ਉਨ੍ਹਾਂ ਨੇ ਹੋਰ ਵੀ ਕਿਹਾ ਕਿ ਨੌਜ਼ਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਮੈਦਾਨਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਨਿਰੰਤਰ ਕੰਮ ਕੀਤੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਪਿੰਡ ਅਤੇ ਸ਼ਹਿਰ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਭਟੋਆ, ਕਾਰਜ ਸਾਧਕ ਅਫਸਰ ਮੋਰਿੰਡਾ ਪਰਵਿੰਦਰ ਸਿੰਘ ਪੱਟੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।