ਚੰਡੀਗੜ 12 ਮਈ (ਖ਼ਬਰ ਖਾਸ ਬਿਊਰੋ)
ਕਿਸਾਨ ਜਥੇਬੰਦੀਆਂ ਦੁਆਰਾ ਲਗਾਤਾਰ ਉਮੀਦਵਾਰਾਂ ਖਾਸਕਰਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਕੀਤੇ ਜਾਂਦੇ ਘਿਰਾਓ ਅਤੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਵਿਚ ਅੜਿੱਕਾ ਡਾਹੁਣ ਦੀਆਂ ਮਿਲ ਰਹੀਆਂ ਸਿਕਾਇਤਾਂ ਦਾ ਚੋਣ ਕਮਿਸ਼ਨ ਨੇ ਗੰਭੀਰ ਨੋਟਿਸ਼ ਲੈਂਦਿਆ ਸਖ਼ਤੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਪਿਛਲੇ ਦਿਨ ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਤੇ ਐੱਸ.ਐੱਸ.ਪੀਜ਼ ਨੂੰ ਪੱਤਰ ਜਾਰੀ ਕਰਕੇ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਪ੍ਰਚਾਰ ਲਈ ਇਕੋ ਜਿਹਾ ਮਾਹੌਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਇਹੀ ਨਹੀਂ ਮੁ੍ਖ ਚੋਣ ਅਫ਼ਸਰ ਨੇ ਸੂਬੇ ਦੇ ਪੁਲਿਸ ਮੁਖੀ ਤੋ ਇਸ ਸਬੰਧੀ ਰਿਪੋਰਟ ਵੀ ਮੰਗੀ ਸੀ। ਪਤਾ ਲੱਗਿਆ ਹੈ ਕਿ ਡੀਜੀਪੀ ਨੇ ਇਸ ਸਬੰਧੀ ਆਪਣੀ ਰਿਪੋਰਟ ਮੁੱਖ ਚੋਣ ਅਫ਼ਸਰ ਨੂੰ ਸੌਂਪ ਦਿੱਤੀ ਹੈ। ਜਿਸ ਵਿਚ ਉਹਨਾਂ ਉਮੀਦਵਾਰਾਂ ਨੂੰ ਸੁਖਾਵਾਂ ਮਾਹੌਲ ਮੁਹਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਪਤਾ ਲੱਗਿਆ ਹੈ ਕਿ ਹੁਣ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੁਲਿਸ ਪ੍ਰਸ਼ਾਸ਼ਨ ਨੇ ਸਖ਼ਤ ਰੁਖਤਿਆਰ ਕਰਨ ਦਾ ਮੂਡ ਬਣਾ ਲਿਆ ਹੈ ਕਿਉੱਕਿ 14 ਮਈ ਨੂੰ ਪੰਜਾਬ ਦੇ 13 ਲੋਕ ਸਭਾ ਹਲਕਿਆ ਲਈ ਨਿਯੁਕਤ ਕੀਤੇ ਗਏ 20 ਆਬਜ਼ਰਵਰਾਂ ਦੇ ਪਹੁੰਚਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ 13 ਜਨਰਲ ਆਬਜਰਬਰ, ਵੱਖ ਵੱਖ ਸੂਬਿਆ ਦੇ ਸੀਨੀਅਰ ਆਈ.ਏ.ਐੱਸ ਅਧਿਕਾਰੀ ਹਨ ਅਤੇ 7 ਆਈ.ਪੀ.ਐੱਸ ਪੁਲਿਸ ਆਬਜ਼ਰਵਰ ਹਨ। ਇਸ ਤਰਾਂ ਆਬਜ਼ਰਵਰ ਦੇ ਸਾਹਮਣੇ ਜਿਲਾ ਪ੍ਰਸ਼ਾਸਨ ਆਪਣੀ ਕਿਰਕਰੀ ਕਰਵਾਉਣ ਤੋ ਬਚਣ ਲਈ ਕਿਸਾਨਾਂ, ਪ੍ਰਦਰਸ਼ਨਕਾਰੀਆਂ ਖਿਲਾਫ਼ ਸਖ਼ਤ ਰੁਖ਼ ਅਖਤਿਆਰ ਕਰ ਸਕਦਾ ਹੈ।
ਮਾਨਸਾ ਵਿਖੇ ਕਿਸਾਨਾਂ ਉਤੇ ਕੇਸ ਦਰਜ਼
ਜਾਣਕਾਰੀ ਮੁਤਾਬਿਕ ਬੀਤੇ ਦਿਨ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ, ਸਾਬਕਾ ਆਈ.ਏ.ਐੱਸ ਅਧਿਕਾਰੀ ਪਰਮਪਾਲ ਕੌਰ, ਜਿਹੜੇ ਅਸਤੀਫਾ ਪ੍ਰਵਾਨ ਹੋਣ ਦੇ ਮੁੱਦੇ ਕਾਰਨ ਸੁਰਖੀਆ ਵਿਚ ਹਨ, ਦਾ ਵਿਰੋਧ ਕਰਨ ਵਾਲੇ ਕਿਸਾਨਾਂ ਖਿਲਾਫ਼ ਮਾਨਸਾ ਪੁਲਿਸ ਕੇਸ ਦਰਜ਼ ਕਰਕੇ ਇਸਦੀ ਸ਼ੁਰੂਆਤ ਕਰ ਚੁੱਕੀ ਹੈ। ਇਸੀ ਤਰਾਂ ਮਾਲਵੇ ਦੇ ਕਈ ਇਲਾਕਿਆ ਵਿਚ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਦੀਆਂ ਕਨਸੋਆ ਵੀ ਮਿਲ ਰਹੀਆਂ ਹਨ। ਆਗਾਮੀ ਦਿਨਾਂ ਵਿਚ ਭਾਜਪਾ ਦੇ ਸੀਨੀਅਰ ਆਗੂ ਵੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਆ ਰਹੇ ਹਨ, ਸੋ ਪੁਲਿਸ ਨੇ ਇਹਨਾਂ ਪ੍ਰਦਰਸ਼ਨਕਾਰੀ ਕਿਸਾਨਾਂ ਖਿਲਾਫ਼ ਸਖ਼ਤੀ ਵਰਤਣ ਦੀ ਵਿਉਂਤਬੰਦੀ ਘੜੀ ਹੈ।
ਲਾਊਡ ਸਪੀਕਰ ਨਾਲ ਕਿਸਾਨ ਉਮੀਦਵਾਰ ਨੂੰ ਕਰ ਰਹੇ ਹਨ ਪਰੇਸ਼ਾਨ
ਜਾਣਕਾਰੀ ਅਨੁਸਾਰ ਭਾਜਪਾ ਲੀਡਰਸ਼ਿਪ ਨੇ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਹੈ ਕਿ ਕਿਸਾਨ ਜਾਣਬੁੱਝ ਕੇ ਉਮੀਦਵਾਰਾਂ ਦਾ ਘਿਰਾਓ ਕਰ ਰਹੇ ਹਨ। ਭਾਜਪਾ ਆਗੂਆ ਦਾ ਕਹਿਣਾ ਹੈ ਚੋਣ ਜ਼ਾਬਤਾ ਲਾਗੂ ਹੈ ਕਿਸਾਨ ਬਿਨਾਂ ਮਨਜੂਰੀ ਲਏ ਉਚੀ ਅਵਾਜ਼ ਵਿਚ ਲਾਊਡ ਸਪੀਕਰਾਂ ਦੀ ਵਰਤੋ ਕਰਦੇ ਹਨ ਜਦਕਿ ਉਮੀਦਵਾਰਾਂ ਨੂੰ ਲਾਊਡ ਸਪੀਕਰ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਉਚੀ ਅਵਾਜ਼ ਵਿਚ ਲਾਊਡ ਸਪੀਕਰ ਲਗਾਕੇ ਪ੍ਰਚਾਰ ਵਿਚ ਵਿਘਨ ਪਾਉਂਦੇ ਹਨ। ਜਿਸ ਕਰਕੇ ਉਮੀਦਵਾਰਾਂ ਨੂੰ ਆਪਣੀ ਗੱਲ ਵੋਟਰਾਂ ਤੱਕ ਪਹੁੰਚਾਉਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
20 ਆਬਜ਼ਰਵਰ ਸਾਂਭਣਗੇ ਮੋਰਚਾ
ਜਾਣਕਾਰੀ ਅਨੁਸਾਰ ਮੁੱਖ ਚੋਣ ਕਮਿਸ਼ਨ ਦੁਆਰਾ ਸੂਬੇ ਦੀਆਂ 13 ਸੀਟਾਂ ਲਈ ਨਿਯੁਕਤ ਕੀਤੇ 20 ਆਬਜ਼ਰਵਰ 14 ਮਈ ਨੂੰ ਪੰਜਾਬ ਪਹੁੰਚ ਜਾਣਗੇ। ਵੱਖ -ਵੱਖ ਚੋਣ ਹਲਕਿਆ ਵਿਚ ਤਾਇਨਾਤ ਇਹ ਆਬਜਰਵਰ ਚੋਣ ਪ੍ਰੀਕਿਰਿਆ ਸਬੰਧੀ ਜ਼ਮੀਨੀ ਰਿਪੋਰਟ ਮੁੱਖ ਚੋਣ ਕਮਿਸ਼ਨ ਨੂੰ ਭੇਜਣਗੇ। ਹੁਣ ਜਿਲੇ ਦੇ ਅਧਿਕਾਰੀ ਢਿੱਲ ਵਰਤਣ ਤੋ ਗੁਰੇਜ਼ ਕਰੇਗਾ ਕਿਉੰਕਿ ਆਬਜ਼ਰਵਰ ਉਸਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਸਕਦਾ ਹੈ। ਹੁਣ ਕੋਈ ਵੀ ਅਧਿਕਾਰੀ ਨਹੀਂ ਚਾਹੇਗਾ ਕਿ ਉਸ ਦੀ ਕਾਰਗੁਜ਼ਾਰੀ ਦੀ ਨੈਗੇਟਿਵ ਰਿਪੋਰਟ ਚੋਣ ਕਮਿਸ਼ਨ ਕੋਲ ਜਾਵੇ।
ਜਾਖੜ ਨੇ ਮੁੱਖ ਚੋਣ ਅਫ਼ਸਰ ਕੋਲ ਰੱਖਿਆ ਸੀ ਪੱਖ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫ਼ਦ ਨੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨਾਲ ਮੁਲਾਕਾਤ ਕਰਕੇ ਉਮੀਦਵਾਰਾਂ ਨੂੰ ਪਰੇਸ਼ਾਨ ਕਰਨ ਦਾ ਮਾਮਲਾ ਚੁੱਕਿਆ ਸੀ। ਜਾਖੜ ਦਾ ਦੋਸ਼ ਹੈ ਕਿ ਕਿਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿ ਤੇ ਸਿਰਫ਼ ਭਾਜਪਾ ਉਮੀਦਵਾਰਾਂ ਨੂੰ ਪਰੇਸ਼ਾਨ ਕਰ ਰਹੇ ਹਨ। ਮੁ੍ੱਖ ਚੋਣ ਅਫ਼ਸਰ ਨੇ ਜਾਖੜ ਦੁਆਰਾ ਮੰਗ ਪੱਤਰ ਦੇਣ ਬਾਅਦ ਡੀ.ਜੀ.ਪੀ ਪੰਜਾਬ ਤੋਂ ਰਿਪੋਰਟ ਮੰਗੀ ਸੀ।
ਕਿਸਾਨਾਂ ਨੇ ਮਨਜ਼ੂਰੀ ਲੈਣ ਤੋ ਕੀਤਾ ਮਨਾ
ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ,ਹਰਮੀਤ ਸਿੰਘ ਕਾਦੀਆ, ਪਰਮਦੀਪ ਸਿੰਘ ਬੈਦਵਾਣ ਨੇ ਮੁੱਖ ਚੋਣ ਅਫ਼ਸਰ ਨਾਲ ਮੁਲਾਕਾਤ ਕਰਕੇ ਸਪਸ਼ਟ ਕਿਹਾ ਕਿ ਉਹ ਉਮੀਦਵਾਰਾਂ ਦੇ ਘਿਰਾਓ ਸਬੰਧੀ ਅਗੇਤੀ ਮਨਜੂਰੀ ਨਹੀਂ ਲੈਣਗੇ। ਕਿਸਾਨ ਨੇਤਾ ਹਰਿੰਦਰ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਉਨਾਂ ਨੇ ਚੋਣ ਅਫ਼ਸਰ ਨੂੰ ਸਪਸ਼ਟ ਕਿਹਾ ਕਿ ਅਤੀਤ ਵਿਚ ਕਦੇ ਵੀ ਕਿਸਾਨ ਯੂਨੀਅਨਾਂ ਨੇ ਧਰਨੇ ,ਮੁਜ਼ਾਹਰੇ ਦੀ ਮਨਜ਼ੂਰੀ ਨਹੀ ਲਈ ਅਤੇ ਨਾ ਹੀ ਹੁਣ ਲੈਣਗੇ। ਉਨਾਂ ਮੁੱਖ ਚੋਣ ਅਫ਼ਸਰ ਨੂੰ ਕਿਸਾਨਾਂ ਨੂੰ ਹਿੰਸਕ ਹੋਣ ਤੋਂ ਰੋਕਣ ਦੀ ਬੇਨਤੀ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਲੋਕਤੰਤਰ ਵਿਚ ਨੁਮਾਇੰਦਿਆਂ ਤੋ ਸਵਾਲ ਪੁੱਛਣ ਦਾ ਹਰੇਕ ਨਾਗਰਿਕ ਦਾ ਹੱਕ ਹੈ, ਜਿਸ ਤਹਿਤ ਉਹ ਸਵਾਲ ਪੁੱਛਣ ਦਾ ਕੰਮ ਜਾਰੀ ਰੱਖਣਗੇ।
ਇਸਤੋ ਸਪਸ਼ਟ ਹੁੰਦਾ ਹੈ ਕਿ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ ਤਾਂ ਫਿਰ ਪੁਲਿਸ ਕੋਲ ਸਖ਼ਤੀ ਵਰਤਣ ਤੋ ਬਿਨਾਂ ਕੋਈ ਚਾਰਾ ਨਹੀਂ ਬਚਿਆ। ਆਗਾਮੀ ਦਿਨਾਂ ਵਿਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਕਈ ਵੱਡੀਆ ਹਸਤੀਆਂ ਪੰਜਾਬ ਆਉਣਗੀਆਂ । ਇਹਨਾਂ ਦੀ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੌਲ ਹੇਠ ਰੱਖਣਾ ਪੁਲਿਸ ਪ੍ਰਸ਼ਾਸਨ ਲਈ ਵਕਾਰ ਦਾ ਸਵਾਲ ਹੈ।