ਕੇਂਦਰ ਦੀ ਘੁਰਕੀ ਬਾਦ ਪੰਜਾਬ ਸਰਕਾਰ ਨੇ ਕੀਤਾ IAS ਪਰਮਪਾਲ ਦਾ ਅਸਤੀਫਾ ਮੰਨਜੂਰ

-ਪੰਜਾਬ ਦੇ ਇਕ ਟੌਪ ਅਧਿਕਾਰੀ ਦੀ ਕਾਰਗੁਜ਼ਾਰੀ ਤੋਂ ਕੇਂਦਰ ਸਰਕਾਰ ਤੇ ਭਾਜਪਾ ਹਾਈਕਮਾਨ ਨਾਖੁਸ਼

ਪੰਜਾਬ ਸਰਾਕਰ ਨੇ ਪਰਮਪਾਲ ਦਾ ਅਸਤੀਫ਼ੇ ਸਬੰਧੀ  ਕੇਂਦਰ ਨੂੰ ਐੱਨ.ਓ.ਸੀ ਭੇਜੀ

ਚੰਡੀਗੜ 11 ਮਈ, ( ਖ਼ਬਰ ਖਾਸ ਬਿਊਰੋ)

ਕੇਂਦਰ ਸਰਕਾਰ ਦੀ ਘੁਰਕੀ ਤੋਂ ਬਾਅਦ ਪੰਜਾਬ ਦੀ ਆਪ ਸਰਕਾਰ ਨੇ ਆਖ਼ਰ IAS ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਪੰਜਾਬ ਸਰਕਾਰ ਦੁਆਰਾ ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ ਕਰਨ ਅਤੇ ਕੋਈ ਇਤਰਾਜ਼ ਨਹੀਂ (NOC) ਸਰਟੀਫਿਕੇਟ ਭੇਜਣ ਨਾਲ ਹੁਣ ਪਰਮਪਾਲ ਕੌਰ ਦਾ ਬਠਿੰਡਾ ਤੋ ਲੋਕ ਸਭਾ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਹੈ । ਹੁਣ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਸਿਰ ਤੋਂ ਨਾਮਜ਼ਦਗੀ ਪੇਪਰ ਰੱਦ ਹੋਣ ਦਾ ਖ਼ਤਰਾ ਟਲ ਗਿਆ ਹੈ।

ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਦੇ ਅਸਤੀਫ਼ੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਹਮੋ ਸਾਹਮਣੇ ਹੋ ਗਈ ਸੀ। ਅਤਿ ਭਰੋਸੇਯੂਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ ਕਰਨ ਅਤੇ ਕੋਈ ਇਤਰਾਜ ਨਹੀਂ ਸਰਟੀਫਿਕੇਟ ਨਾ ਦੇਣ ਨੂੰ ਲੈ ਕੇ ਭਾਜਪਾ ਹਾਈਕਮਾਨ ਖਾਸਕਰਕੇ ਭਾਰਤ ਸਰਕਾਰ ਦੇ ਇਕ ਤਾਕਤਵਾਰ ਕੈਬਨਿਟ ਮੰਤਰੀ ਨੇ ਸੂਬਾ ਸਰਕਾਰ ਦੇ ਰਵਈਏ ਦਾ ਕਾਫ਼ੀ ਬੁਰਾ ਮਨਾਇਆ । ਪੰਜਾਬ ਸਰਕਾਰ ਦੁਆਰਾ ਪਰਮਪਾਲ ਕੌਰ ਨੂੰ ਡਿਊਟੀ ਜੁਆਇਨ  ਕਰਨ ਦਾ ਨੋਟਿਸ ਜਾਰੀ ਕਰਨ ਦਾ ਮਾਮਲਾ ਭਾਜਪਾ ਦੇ ਸੀਨੀਅਰ ਆਗੂਆ ਨੇ ਹਾਈਕਮਾਨ ਦੇ ਧਿਆਨ ਵਿਚ ਲਿਆਂਦਾ ਤਾਂ ਸਰਕਾਰ ਵਿਚ ਵੱਡੇ ਕੱਦੇ ਦੇ ਨੇਤਾ  ਸਪਸ਼ਟ ਕਿਹਾ ਕਿ ਪਰਮਪਾਲ ਕੌਰ ਨੂੰ ਕਹੋ ਕਿ ਉਹ ਆਪਣਾ ਪ੍ਰਚਾਰ ਜਾਰੀ ਰੱਖੇ ਬਾਕੀ ਕੰਮ ਅਸੀ ਦੇਖਾਂਗੇ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਵਿਚ ਸ਼ਾਮਲ ਇਕ ਟੌਪ ਦੇ ਅਧਿਕਾਰੀ ਦੀ ਕਾਰਗੁਜ਼ਾਰੀ ਤੋਂ ਕੇਂਦਰ ਸਰਕਾਰ ਖਾਸਕਰਕੇ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਕਾਫ਼ੀ ਔਖੀ ਦੱਸੀ ਜਾਂਦੀ ਹੈ। ਭਾਜਪਾ ਲੀਡਰਸ਼ਿਪ ਦਾ ਮੰਨਣਾ ਹੈ ਕਿ ਉਕਤ ਅਧਿਕਾਰੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਗੁੰਮਰਾਹ ਕਰ ਰਿਹਾ ਹੈ। ਕੇਂਦਰ ਸਰਕਾਰ ਨੇ ਪਰਮਪਾਲ ਕੌਰ ਦਾ ਅਸਤੀਫ਼ਾ ਮਨਜੂਰ ਕੀਤਾ ਤੇ ਪੰਜਾਬ ਸਰਕਾਰ ਨੂੰ ਦੋ ਦਿਨਾਂ ਵਿਚ ਜਵਾਬ ਦੇਣ ਦਾ ਨੋਟਿਸ ਜਾਰੀ ਕੀਤਾ ਸੀ। ਸੂਤਰ ਦੱਸਦੇ ਹਨ ਕਿ ਉਕਤ ਅਧਿਕਾਰੀ ਦੀ ਕੇਂਦਰ ਦੇ ਇਕ ਉਚ ਅਧਿਕਾਰੀ ਨੇ  ਕਲਾਸ ਵੀ ਲਗਾਈ ਜਿਸਤੋਂ ਬਾਅਦ ਨੋਟਿਸ ਦਾ ਦੋ ਦਿਨ ਦਾ ਸਮਾਂ ਪੂਰਾ ਹੋਣ ਤੋ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੋਈ ਇਤਾਰਜ਼ ਨਹੀੰਂ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਕੇਂਂਦਂਰ ਸਰਕਾਰ ਵਲੋ  ਅਸਤੀਫ਼ਾ  ਮੰਜ਼ੂਰ ਕਰਨ ਬਾਅਦ ਹੀ ਪਰਮਪਾਲ ਕੌਰ ਨੇ ਬਠਿੰਡਾ ਹਲਕੇ ਤੋ ਚੋਣ  ਪ੍ਚਾਰ ਸ਼ੁਰੂ ਕੀਤਾ ਸੀ,  ਪਰ ਪੰਜਾਬ ਸਰਕਾਰ ਨੇ ਪਰਪਾਲ ਕੌਰ ਨੂੰ ਡਿਊਟੀ ਜੁਆਇਨ ਕਰਨ ਤੇ ਅਸਤੀਫ਼ਾ ਰੱਦ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ। ਸੂਬਾ ਸਰਕਾਰ ਦੁਆਰਾ ਕਾਨੂੰਨੀ ਰੇੜਕਾ ਖੜਾ ਕਰਨ ਨਾਲ ਪਰਮਪਾਲ ਕੌਰ ਅਤੇ ਪੰਜਾਬ ਭਾਜਪਾ ਦੀ ਲੀਡਰਸ਼ਿਪ ਦੀ  ਚਿੰਤਾਂ ਵੱਧ ਗਈ ਸੀ। ਹਾਲਾਂਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਭਰੋਸੇ ਮਗਰੋ ਪਰਮਪਾਲ ਕੌਰ ਨੇ ਸਰਕਾਰ ਨੂੰ ਵੰਗਾਰਦੇ ਹੋਏ ਸਪਸ਼ਟ ਕਹਿ  ਦਿੱਤਾ ਸੀ, ਕਿ ਉਹ ਡਿਊਟੀ ਜੁਆਇਨ ਨਹੀਂ ਕਰਨਗੇ , ਸਰਕਾਰ ਨੇ ਜੋ ਕਰਨਾ ਕਰ ਲਵੇ।

ਦੱਸਿਆ ਜਾਂਦਾ ਹੈ ਕਿ ਪਰਮਪਾਲ ਕੌਰ ਨੇ ਪਹਿਲੀ ਅਪਰੈਲ ਨੂੰ ਸਵੈ-ਇੱਛਾ ਸੇਵਾਮੁਕਤੀ ਆਧਾਰ ਉਤੇ ਤਿੰਨ ਮਹੀਨਿਆਂ ਦਾ ਪੀਰੀਅਡ ਨੋਟਿਸ ਮੁਆਫ਼ ਕਰਨ ਦੀ ਮੰਗ ਕੀਤੀ ਸੀ।

ਕੇਂਦਰ ਸਰਕਾਰ ਨੇ ਆਲ ਇੰਡੀਆ ਸਰਵਿਸ ਰੂਲਜ਼ 3 ਤਹਿਤ ਨੋਟਿਸ ਪੀਰੀਅਡ ਦੀ ਛੋਟ ਦੇ ਕੇ ਅਸਤੀਫਾ ਪ੍ਰਵਾਨ ਕਰ ਲਿਆ ਸੀ ਅਤੇ ਸੂਬਾ ਸਰਕਾਰ ਨੂੰ ਸੂਚਿਤ ਵੀ ਕਰ ਦਿੱਤਾ ਸੀ ਪਰ ਅਧਿਕਾਰੀ ਦਾ ਸਰਵਿਸ ਰੂਲਜ਼ 16(2) ਤਹਿਤ ਤਿੰਨ ਮਹੀਨਿਆ ਦਾ ਨੋਟਿਸ ਮਾਫ਼ ਕਰਨ ਦੀਆਂ ਸ਼ਕਤੀਆਂ ਸੂਬਾ ਸਰਕਾਰ ਕੋਲ੍ਹ ਹੈ। ਇਸਨੂੰ ਅਧਾਰ ਬਣਾਕੇ ਪੰਜਾਬ ਸਰਕਾਰ ਨੇ ਪਰਮਪਾਲ ਕੌਰ ਨੂੰ ਮੁੜ ਨੌਕਰੀ ਜੁਆਇਨ ਕਰਨ ਦਾ ਨੋਟਿਸ ਜਾਰੀ ਕੀਤਾ ਸੀ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਜਾਣਕਾਰੀ ਅਨੁਸਾਰ  ਪਰਮਪਾਲ ਕੌਰ ਬਤੌਰ ਭਾਜਪਾ ਉਮੀਦਵਾਰ 13 ਮਈ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲੇ ਕਰ ਰਹੇ ਹਨ।  ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਈ ਸਿਰਮੌਰ ਨੇਤਾਵਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਹਾਜ਼ਰ ਹੋਣ ਦੀਆਂ ਖ਼ਬਰਾਂ ਮਿਲ ਰਹੀਆ ਹਨ।  ਵਰਨਣਯੋਗ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਤੇ ਪੁੱਤ ਗੁਰਪ੍ਰੀਤ ਸਿੰਘ ਪਿਛਲੇ ਮਹੀਨੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਪਰਮਪਾਲ ਕੌਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਸਿਆਸੀ ਟੱਕਰ ਦੇ ਰਹੇ ਹਨ।

ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਇਸ ਪਰਮਪਾਲ ਕੌਰ ਦੇ ਮੁੱਦੇ ਤੇ ਪੰਜਾਬ ਸਰਕਾਰ ਦੀ ਕਾਫ਼ੀ ਕਿਰਕਰੀ ਹੋਈ ਹੈ। ਆਈ..ਏ.ਐੱਸ ਪਰਮਪਾਲ ਕੌਰ ਤਾਂ ਮੋਹਰਾ ਬਣੀ ਹੋਈ ਸੀ ਪਰ ਇਹ ਮੁੱਦਾ ਪ੍ਰਸ਼ਾਸਨਿਕ ਨਾ ਹੋ ਕੇ ਸਿਆਸੀ ਬਣ ਗਿਆ ਸੀ। ਚੋਣਾਂ ਵਿਚ ਨਤੀਜਾ ਕੁੱਝ ਵੀ ਆਵੇ ਪਰ ਅਸਤੀਫ਼ੇ ਦੇ ਮੁੱਦੇ ਉਤੇ ਪੰਜਾਬ ਸਰਕਾਰ ਦੀ ਪਿੱਠ ਜਰੂਰ ਲੱਗ ਗਈ ਹੈ।

 

 

Leave a Reply

Your email address will not be published. Required fields are marked *