ਕੱਲ ਨੰਗਲ ਵਿਖੇ ਬੀਬੀਐਮਬੀ ਦੇ ਮੁੱਖ ਦਫਤਰ ਸਾਹਮਣੇ ਦੋ ਘੰਟੇ ਦਿੱਤਾ ਜਾਵੇਗਾ ਧਰਨਾ
ਲੁਧਿਆਣਾ, 11 ਮਈ (ਖਬਰ ਖਾਸ ਬਿਊਰੋ)
ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਜਵਾਬ ਦਿੰਦੇ ਕਿਹਾ ਹੈ ਕਿ, ਮੁੱਖ ਮੰਤਰੀ ਮਜਬੂਰੀ ਵੱਸ ਨਹੀਂ, ਸਗੋ ਆਦਤ ਤੋ ਮਜਬੂਰ ਹੋ ਕੇ ਝੂਠ ਬੋਲਦੇ ਹਨ, ਜਿਹੜਾ ਓਹਨਾ ਨੂੰ ਸ਼ੋਭਦਾ ਨਹੀਂ ਹੈ। ਸਰਦਾਰ ਰਾਜੇਵਾਲ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਉਂਦੇ ਕਿਹਾ ਕਿ ਜਦੋਂ ਬੀਬੀਐੱਮਬੀ ਵਿਚੋਂ ਪੰਜਾਬ ਦੀ ਸਥਾਈ ਭਾਗੀਦਾਰੀ ਖਤਮ ਕੀਤੀ ਜਾ ਰਹੀ ਸੀ ਓਹਨਾ ਨੇ ਮੁੱਖ ਮੰਤਰੀ ਨੂੰ ਇਸ ਮੁਤੱਲਕ ਸਖ਼ਤ ਐਕਸ਼ਨ ਲੈਣ ਅਤੇ ਸਟੈਂਡ ਖਤਮ ਲੈਣ ਲਈ ਪੱਤਰ ਲਿਖਿਆ ਸੀ। ਇਸ ਤੋਂ ਇਲਾਵਾ ਜਦੋਂ ਕੇਂਦਰ ਵੱਲੋ ਡੈਮ ਸੇਫਟੀ ਐਕਟ ਲਿਆਂਦਾ ਜਾ ਰਿਹਾ ਸੀ ਉਸ ਵੇਲੇ ਵੀ ਪੰਜਾਬ ਸਰਕਾਰ ਨੂੰ ਉਚੇਚੇ ਤੌਰ ਤੇ ਇਸ ਮੁਤੱਲਕ ਚਿੱਠੀ ਲਿਖੀ ਸੀ।ਇਸ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਾਣੀਆਂ ਦੇ ਡਾਕੇ ਦੇ ਮੁੱਦੇ ਸੰਬੰਧ ਵਿੱਚ ਸਾਰੇ ਪੰਜਾਬ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ ਸਨ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੀਤ ਪ੍ਰਧਾਨ ਮੁਕੇਸ਼ ਚੰਦਰ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ਕੱਲ ਭਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ ਅਤੇ ਕਾਦੀਆਂ ਯੂਨੀਅਨ ਵਲੋ ਸਾਂਝੇ ਤੌਰ ਤੇ ਨੰਗਲ ਵਿਖੇ ਬੀਬੀਐੱਮਬੀ ਦੇ ਮੁੱਖ ਦਫ਼ਤਰ ਸਾਹਮਣੇ ਦੋ ਘੰਟੇ ਲਈ ਧਰਨਾ ਦਿੱਤਾ ਜਾਵੇਗਾ।