ਉੱਤਰਕਾਸ਼ੀ ਜ਼ਿਲ੍ਹੇ ਵਿਚ ਹੈਲੀਕਾਪਟਰ ਹਾਦਸਾਗ੍ਰਸਤ, ਪੰਜ ਮੌਤਾਂ

ਦੇਹਰਾਦੂਨ, 8 ਮਈ (ਖਬਰ ਖਾਸ ਬਿਊਰੋ)

ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ ਵਿਚ ਗੰਗਾਨਾਨੀ ’ਚ ਵੀਰਵਾਰ ਸਵੇਰ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਉੱਤਰਕਾਸ਼ੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਸ਼ਰਦੁਲ ਸਿੰਘ ਨੇ ਇਸ ਖ਼ਬਰ ਏਜੰਸੀ ਨੂੰ ਫੋਨ ’ਤੇ ਦੱਸਿਆ ਕਿ ਹੈਲੀਕਾਪਟਰ ’ਤੇ ਕੈਪਟਨ ਸਣੇ ਸੱਤ ਵਿਅਕਤੀ ਸਵਾਰ ਸਨ। ਗੜਵਾਲ ਦੇ ਡਿਵੀਜ਼ਨਲ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਹਾਦਸੇ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਬਾਕੀ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ।

ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ ਵਿਚ ਹੈਲੀਕਾਪਟਰ ਦਾ ਅੰਦਰਲਾ ਬੁਰੀ ਤਰ੍ਹਾਂ ਨੁਕਸਾਨਿਆ ਨਜ਼ਰ ਆ ਰਿਹਾ ਹੈ। ਪਾਂਡੇ ਮੁਤਾਬਕ ਜਿਵੇਂ ਹੀ ਹਾਦਸੇ ਦੀ ਖ਼ਬਰ ਅਧਿਕਾਰੀਆਂ ਨੂੰ ਮਿਲੀ, ਰਾਹਤ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਅਧਿਕਾਰੀਆਂ ਮੁਤਾਬਕ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਹੈਲੀਕਾਪਟਰ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਉੱਤਰਕਾਸ਼ੀ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹੈਲੀਕਾਪਟਰ ਰਿਸ਼ੀਕੇਸ਼-ਗੰਗੋਤਰੀ ਨੈਸ਼ਨਲ ਹਾਈਵੇਅ ’ਤੇ ਸਵੇਰੇ ਪੌਣੇ ਨੌਂ ਵਜੇ ਦੇ ਕਰੀਬ ਹਾਦਸਾਗ੍ਰਸਤ ਹੋਇਆ। ਬੈੱਲ ਹੈਲੀਕਾਪਟਰ ਅਹਿਮਦਾਬਾਦ ਅਧਾਰਿਤ ਨਿੱਜੀ ਕੰਪਨੀ ਐਰੋਟਰਾਂਸ ਸਰਵਸਿਜ਼ ਪ੍ਰਾਈਵੇਟ ਲਿਮਟਿਡ ਦਾ ਸੀ। ਏਵੀਏਸ਼ਨ ਰੈਗੂਲੇਟਰ ਡੀਜੀਸੀਏ ਦੀ ਵੈੱਬਸਾਈਟ ਕੋਲ ਉਪਲਬਧ ਜਾਣਕਾਰੀ ਮੁਤਾਬਕ ਐਰੋਟਰਾਂਸ ਸਰਵਸਿਜ਼ ਕੋਲ ਦੋ ਬੈੱਲ ਹੈਲੀਕਾਪਟਰ ਤੇ ਇਕ ਸੈਸਨਾ ਏਅਰਕ੍ਰਾਫ਼ਟ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜਾਂ ਲਈ SDRF ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ, ‘‘ਮੈਂ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਅਤੇ ਹਾਦਸੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।’’

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *