ਨਵੀਂ ਦਿੱਲੀ, 6 ਮਈ ( ਖ਼ਬਰ ਖਾਸ ਬਿਊਰੋ)
ਪਹਿਲਗਾਮ ਅੱਤਵਾਦੀ ਹਮਲੇ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਤਨਾਅ ਵਾਲੀ ਸਥਿਤੀ ਬਣੀ ਹੋਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਾ ਕਾਰਵਾਈ ਲਈ ਏਅਰ ਚੀਫ ਮਾਰਸ਼ਲ ਨਾਲ ਪਿਛਲੇ ਦਿਨ ਗੱਲਬਾਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਹਿ ਚੁੱਕੇ ਹਨ ਕਿ ਜਵਾਬੀ ਕਾਰਵਾਈ ਬਾਰੇ ਫੈਸਲਾ ਭਾਰਤੀ ਸੈਨਾ ਨੇ ਲੈਣਾ ਹੈ।
ਉਧਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਕਿਸੇ ਵੀ ਸਮੇਂ ਕੰਟਰੋਲ ਰੇਖਾ (ਐਲਓਸੀ) ‘ਤੇ ਫੌਜੀ ਕਾਰਵਾਈ ਕਰ ਸਕਦਾ ਹੈ। ਉਨਾਂ ਕਿਹਾ ਕਿ ਅਸੀਂ (ਪਾਕਿਸਤਾਨ) ਭਾਰਤ ਦੀ ਇਸ ਕਾਰਵਾਈ ਦਾ ਢੁਕਵਾਂ ਜਵਾਬ ਦੇਵਾਂਗੇ।
ਖਵਾਜਾ ਆਸਿਫ਼ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਨੀਤਿਕ ਲਾਭ ਲਈ ਇਸ ਖੇਤਰ ਨੂੰ ਪ੍ਰਮਾਣੂ ਯੁੱਧ ਦੇ ਕੰਢੇ ਵੱਲ ਧੱਕ ਰਹੇ ਹਨ। ਭਾਰਤ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿੱਚ ਅੱਤਵਾਦ ਫੈਲਾ ਰਿਹਾ ਹੈ। ਅਸੀਂ 2016-17 ਵਿੱਚ ਸੰਯੁਕਤ ਰਾਸ਼ਟਰ ਨੂੰ ਸਬੂਤ ਪ੍ਰਦਾਨ ਕੀਤੇ ਸਨ।
ਭਾਰਤ ਸਰਕਾਰ ਨੇ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕਰਨ ਲਈ ਕਿਹਾ ਹੈ। ਇਸ ਵਿੱਚ, ਨਾਗਰਿਕਾਂ ਨੂੰ ਹਮਲੇ ਦੌਰਾਨ ਆਪਣੀ ਰੱਖਿਆ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ। ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ। ਇਸ ਸਬੰਧ ਵਿੱਚ, ਗ੍ਰਹਿ ਸਕੱਤਰ ਅੱਜ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਮੀਟਿੰਗ ਕਰਨਗੇ।
ਦੂਜੇ ਪਾਸੇ, ਪਾਕਿਸਤਾਨ ਨੇ ਲਗਾਤਾਰ 12ਵੇਂ ਦਿਨ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫੌਜ ਨੇ 5-6 ਮਈ ਦੀ ਰਾਤ ਨੂੰ ਕੰਟਰੋਲ ਰੇਖਾ ਦੇ ਨਾਲ ਅੱਠ ਥਾਵਾਂ ‘ਤੇ ਗੋਲੀਬਾਰੀ ਕੀਤੀ – ਕੁਪਵਾੜਾ, ਬਾਰਾਮੂਲਾ, ਪੁੰਛ, ਰਾਜੌਰੀ, ਮੇਂਢਰ, ਨੌਸ਼ਹਿਰਾ, ਸੁੰਦਰਬਨੀ ਅਤੇ ਅਖਨੂਰ। ਭਾਰਤੀ ਫੌਜ ਨੇ ਇਸ ਦਾ ਜਵਾਬ ਦਿੱਤਾ।