ਚੰਡੀਗੜ੍ਹ, 8 ਮਈ (Khabar khass bureau)
ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਇੱਥੇ ਪੰਜਾਬ ਕਲਾ ਭਵਨ ਵਿਖੇ ਉਘੇ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਦੀ ਮਾਲੀ ਸਹਾਇਤਾ ਨਾਲ ਤਿਆਰ ਕਰਵਾਏ ਗਏ ਗੁਲਜ਼ਾਰ ਸਿੰਘ ਸੰਧੂ ਸਟੂਡੀਓ ਦਾ ਉਦਘਾਟਨ ਉਘੇ ਫਿਲਮਸਾਜ਼ ਉਦੇ ਪ੍ਰਤਾਪ ਸਿੰਘ ਨੇ ਸ੍ਰੀ ਸੰਧੂ ਅਤੇ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਅਤੇ ਹੋਰ ਉਘੀਆਂ ਹਸਤੀਆਂ ਦੀ ਮੌਜੂਦਗੀ ਵਿਚ ਕੀਤਾ।
ਇਸ ਮੌਕੇ ਹੋਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਪਾਤਰ ਨੇ ਕਿਹਾ ਕਿ ਡਾ਼ ਮਹਿੰਦਰ ਸਿੰਘ ਰੰਧਾਵਾ ਤੋਂ ਬਾਅਦ ਗੁਲਜ਼ਾਰ ਸਿੰਘ ਸੰਧੂ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਜ਼ਾਤੀ ਹੈਸੀਅਤ ਵਿਚ ਪੰਜਾਬ ਕਲਾ ਭਵਨ ਦੀਆਂ ਸਰਗਰਮੀਆਂ ਵਿਚ ਹੀ ਵਾਧਾ ਨਹੀਂ ਕੀਤਾ ਸਗੋਂ ਕਲਾ ਪਰਿਸ਼ਦ ਨੂੰ 21ਵੀਂ ਸਦੀ ਦੇ ਨਵੇਂ ਯੁੱਗ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਕਲਾ ਪਰਿਸ਼ਦ ਅਤੇ ਇਸ ਨਾਲ ਸਬੰਧਤ ਤਿੰਨੇ ਅਕਾਦਮੀਆਂ ਦੀਆਂ ਸਾਰੀਆਂ ਸਰਗਰਮੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵੈੱਬ ਪੋਰਟਲਾਂ ਰਾਹੀਂ ਪੂਰੀ ਦੁਨੀਆਂ ਵਿੱਚ ਪੁਚਾਇਆ ਜਾ ਸਕੇਗਾ।
ਗੁਲਜ਼ਾਰ ਸਿੰਘ ਸੰਧੂ ਨੇ ਪੰਜਾਬ ਕਲਾ ਪਰਿਸ਼ਦ ਨੂੰ ਇਹ ਸਟੂਡੀਓ ਸੌਂਪਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਸ਼ਦ ਨਾਲ ਬਹੁਤ ਪੁਰਾਣਾ ਨਾਤਾ ਹੈ ਅਤੇ ਉਹ ਕਲਾ ਪਰਿਸ਼ਦ ਲਈ ਕੁਝ ਤਿਲ ਫੁੱਲ ਭੇਟਾ ਨਾਲ ਇਹ ਸਟੂਡੀਓ ਬਣਾਉਣ ਵਿਚ ਕਾਮਯਾਬ ਹੋਏ ਹਨ ਜਿਸ ਵਿਚ ਪਰਿਸ਼ਦ ਦੀ ਸਮੁੱਚੀ ਟੀਮ ਦਾ ਵੱਡਾ ਯੋਗਦਾਨ ਹੈ।
ਕਲਾ ਪਰਿਸ਼ਦ ਦੇ ਸਕੱਤਰ ਡਾ਼ ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਇਸ ਆਧੁਨਿਕ ਆਡੀਓ ਵੀਡੀਓ ਸਟੂਡੀਓ ਉਪਰ ਕੋਈ ਸਾਢੇ 12 ਲੱਖ ਰੁਪਿਆ ਖਰਚਾ ਹੋਇਆ ਹੈ ਜੋ ਪੈਸਾ ਸ੍ਰੀ ਸੰਧੂ ਨੇ ਆਪਣੀ ਜੇਬ ਵਿਚੋਂ ਖਰਚਿਆਂ ਹੈ।
ਇਸ ਮੌਕੇ ਸ੍ਰੀ ਸੰਧੂ ਦੀ ਧਰਮ ਪਤਨੀ ਡਾ਼ ਸੁਰਜੀਤ ਕੌਰ ਸੰਧੂ, ਪੰਜਾਬ ਕਲਾ ਪਰਿਸ਼ਦ ਦੇ ਵਾਈਸ ਚੇਅਰਮੈਨ ਡਾ਼ ਯੋਗ ਰਾਜ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ਼ ਸਰਬਜੀਤ ਕੌਰ ਸੋਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਮੀਤ ਪ੍ਰਧਾਨ ਡਾ਼ ਨਿਰਮਲ ਜੌੜਾ, ਡਾ਼ ਲਾਭ ਸਿੰਘ ਖੀਵਾ, ਡਾ਼ ਬਲਦੇਵ ਸਿੰਘ ਧਾਲੀਵਾਲ, ਅਮਰਜੀਤ ਗਰੇਵਾਲ, ਡਾ਼ ਪ੍ਰਵੀਨ ਕੁਮਾਰ, ਸੁਸ਼ੀਲ ਦੁਸਾਂਝ, ਮਨਮੋਹਨ ਸਿੰਘ ਦਾਊਂ, ਪ੍ਰੀਤਮ ਸਿੰਘ ਰੁਪਾਲ, ਦੀਪਕ ਸ਼ਰਮਾ ਅਤੇ ਕਲਾ ਤੇ ਸਾਹਿਤ ਨਾਲ ਜੁੜੀਆਂ ਉਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ।