—ਭੱਜਦਿਆਂ ਨੂੰ ਵਾਹਣ ਬਰਾਬਰ
ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ , ਜਿਸ ਦੇ ਹੱਥ ਡਾਂਗ ਹੁੰਦੀ ਹੈ, ਤਾਕਤ ਉਸ ਦੇ ਹੱਥ ਹੁੰਦੀ ਹੈ। ਆਪਣੀ ਗਲੀ ਦੇ ਵਿੱਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ । ਜੰਗਲ ਵਿੱਚ ਇੱਕੋ ਸ਼ੇਰ ਹੁੰਦਾ ਹੈ, ਬਾਕੀ ਤਾਂ ਜਾਨਵਰ ਹੁੰਦੇ ਹਨ ।ਜਾਨਵਰਾਂ ਤੇ ਬੰਦਿਆਂ ਵਿੱਚ ਏਨਾ ਹੀ ਫਰਕ ਹੈ ਕਿ ਬੰਦੇ ਸੋਚ ਕੇ ਚੰਗਾ ਮਾੜਾ ਦੇਖਦੇ ਹਨ। ਉਸ ਦੀ ਮੱਦਦ ਕਰਦੇ ਹਨ । ਮੱਦਦ ਉਹ ਤਾਂ ਕਰਦੇ ਹਨ, ਉਹਨਾਂ ਨੂੰ ਕੋਈ ਆਸ ਹੁੰਦੀ ਹੈ । ਆਸ ਬਿਨਾਂ ਸਾਰੇ ਕੰਮ ਅਧੂਰੇ ਰਹਿੰਦੇ ਹਨ। ਉਸ ਅਧੂਰੇ ਨੂੰ ਪੂਰੇ ਕਰਨ ਲਈ ਆਸਵੰਦ ਹੋਣਾ ਜਰੂਰੀ ਹੈ। ਕਈ ਵਾਰ ਤਾਕਤ ‘ਚ ਆਇਆ ਬੰਦਾ ਉਡਦਾ ਰਹਿੰਦਾ ਹੈ, ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਧਰਤੀ ਉੱਤੇ ਹੈ ਜਾਂ ਅਸਮਾਨ ਵਿੱਚ । ਕੁੱਝ ਕੁ ਨੂੰ ਇਹ ਭਰਮ ਹੁੰਦਾ ਹੈ ਜਿਵੇਂ ਟਟੀਹਰੀ ਨੂੰ ਭਰਮ ਹੁੰਦਾ ਹੈ ਕਿ ਅਸਮਾਨ ਉਸ ਦੀਆਂ ਲੱਤਾਂ ਤੇ ਖੜਾ ਹੈ । ਕਹਿੰਦੇ ਨੇ ਟਟੀਹਰੀ ਰਾਤ ਨੂੰ ਲੱਤਾਂ ਤਾਹਾਂ ਨੂੰ ਕਰਕੇ ਸੌਂਦੀ ਹੈ, ਵੀ ਜੇ ਕਿਤੇ ਅਸਮਾਨ ਡਿੱਗਿਆ ਤਾਂ ਉਸ ਨੂੰ ਬੋਚ ਲਵੇਗੀ ।
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ ਮੁਹਾਵਰਾ ਹੁਣ ਵੀ ਹਰ ਖੇਤਰ ਵਿੱਚ ਲਾਗੂ ਹੁੰਦਾ ਹੈ। ਹੁਣ ਵੀ ਪੰਜਾਬ ਦੌੜਿਆ ਜਾ ਰਿਹਾ ਹੈ। ਉਹ ਕਦੇ ਰੇਲਾਂ ਰੋਕਦਾ ਹੈ, ਕਦੇ ਹਾਈਵੇ । ਅੱਜ ਕੱਲ੍ਹ ਪੰਜਾਬ ਦੇ ਪਿੰਡਾਂ ਵਿੱਚ ਵੋਟਾਂ ਮੰਗਣ ਆਉਂਦੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਲੋਕ ਘੇਰਦੇ ਹਨ। ਉਹਨਾਂ ਨੂੰ ਸਵਾਲ ਕਰਦੇ ਹਨ ।ਸਿਆਸੀ ਆਗੂ ਇੰਨੇ ਢੀਠ ਹੋ ਚੁੱਕੇ ਨੇ ਕਿ ਉਹਨਾਂ ਨੂੰ ਚੜੀ ਲੱਥੀ ਦਾ ਕੋਈ ਫਰਕ ਹੀ ਨਹੀਂ । ਇੱਜ਼ਤ ਤੇ ਬੇਜ਼ਤੀ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ। ਉਹ ਦਿਹਾੜੀ ਵਿੱਚ ਵੀਹ ਵਾਰ ਬੇਇੱਜ਼ਤੀ ਕਰਵਾਉਂਦੇ ਹਨ। ਪੰਜਾਬ ਦੇ ਲੋਕਾਂ ਨਾਲੋਂ ਨਾਗਾਲੈਂਡ ਦੇ ਲੋਕਾਂ ਵਾਂਗ ਅਜੇ ਇੰਨੇ ਸਿਆਣੇ ਨਹੀਂ ਹੋਏ ਕਿ ਉਹ ਵੋਟਾਂ ਦਾ ਹੀ ਬਾਈਕਾਟ ਕਰ ਦੇਣ। ਲੋਕ ਸਭਾ ਦੀਆਂ ਚੋਣਾਂ ਵਿੱਚ ਨਾਗਾਲੈਂਡ ਦੇ ਛੇ ਜਿਲਿਆਂ ਨੇ ਵੋਟਾਂ ਦਾ ਬਾਈਕਾਟ ਕਰਕੇ, ਇਹ ਦੱਸ ਦਿੱਤਾ ਹੈ ਕਿ ਏਕਤਾ ਕੀ ਹੁੰਦੀ ਹੈ । ਪੰਜਾਬ ਦੇ ਵਿੱਚ ਤਾਂ ਇਹ ਕੁੱਝ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਮੁਫਤ ਦੇ ਰਾਸ਼ਨ ਤੇ ਪਲਦਾ ਹੈ ।ਪੰਜਾਬੀਆਂ ਦਾ ਹਾਲ ਗੁਲਾਮਾਂ ਵਰਗਾ ਹੋ ਗਿਆ ਹੈ । ਇਹਨਾਂ ਨੂੰ ਆਪਣਾ ਵਿਰਸਾ ਤੇ ਵਿਰਾਸਤ ਭੁੱਲ ਗਿਆ ਹੈ। ਇਹ ਟਾਰਾ ਤਾਂ ਅਤੀਤ ਵਿੱਚ ਮਾਰੀਆਂ ਮੱਲਾਂ ਦੀਆਂ ਮਾਰਦੇ ਹਨ ਪਰ ਭਵਿੱਖ ਵਿੱਚ ਲੱਤਾਂ ‘ਚ ਕੁੱਤੇ ਵਾਂਗ ਪੂੰਛ ਫਸਾ ਕੇ ਸਿਆਸੀ ਪਾਰਟੀਆਂ ਦੇ ਮਗਰ ਮਗਰ ਘੁੰਮਦੇ ਹਨ। ਇਹ ਵੀ ਨਹੀਂ ਕਿ ਸਾਰੇ ਹੀ ਲੋਕ ਇੱਕੋ ਜਿਹੇ ਹਨ, ਅਜੇ ਪੰਜਾਬ ਵਿੱਚ ਬਹੁਤ ਲੋਕਾਂ ਦੇ ਅੰਦਰੋਂ ਅਣਖ ਨਹੀਂ ਮਰੀ। ਉਹ ਜਿੰਨੇ ਜੋਗੇ ਹੈਗੇ ਹਨ, ਉਹ ਕਰਦੇ ਹਨ। ਇਸ ਵਾਰ ਸਿਆਸੀ ਚੋਣਾਂ ਦਿਨੋਂ ਦਿਨ ਦਿਲਚਸਪ ਹੋ ਰਹੀਆਂ ਹਨ। ਪੰਜਾਬ ਦੇ ਵਿੱਚ ਹਰ ਸੀਟ ਤੇ ਚਾਰ ਤੇ ਪੰਜ ਕੋਣਾ ਮੁਕਾਬਲਾ ਬਣ ਗਿਆ ਹੈ। ਜਿੱਤ ਦਾ ਦਾਅਵਾ ਸਾਰੀਆਂ ਸਿਆਸੀ ਪਾਰਟੀਆਂ ਕਰ ਰਹੀਆਂ ਹਨ। ਪੰਜਾਬ ਦੇ ਲੋਕਾਂ ਨੂੰ ਪਹਿਲਾਂ ਸਰਕਾਰਾਂ ਵੱਟੋ ਵੱਟ ਭਜਾਉਦੀਆਂ ਸਨ ਤੇ ਹੁਣ ਲੋਕ ਭਜਾ ਰਹੇ ਹਨ। ਦੇਖੋ ਜਿੱਤ ਕਿਸ ਦੀ ਹੁੰਦੀ ਹੈ? ਲੋਕਾਂ ਨੂੰ ਮੁਫ਼ਤ ਦੀਆਂ ਰੋਟੀਆਂ ਖਾਣ ਪੀਣ ਦੀ ਆਦਤ ਪੈ ਗਈ ਹੈ, ਨਤੀਜਾ ਸਪੱਸ਼ਟ ਹੈ ਕਿ ਲੋਕਾਂ ਨੇ ਹਾਰਨਾ ਹੈ ਕਿਉਂਕਿ ਸਿਆਸੀ ਪਾਰਟੀਆਂ ਵਾਲੇ ਸਭ ਰਿਸ਼ਤੇਦਾਰ ਹਨ। ਉਹ ਪਾਰਟੀਆਂ ਬਦਲ ਕੇ ਚੋਣ ਲੜ ਰਹੇ ਤੇ ਲੋਕ ਆਪਸ ਵਿੱਚ ਲੜ ਰਹੇ ਹਨ। ਲੋਕ ਕਦੋਂ ਸਿਆਣੇ ਹੋਣਗੇ?
ਬੁੱਧ ਸਿੰਘ ਨੀਲੋਂ
9464370823