-ਵੋਟਾਂ ਕਿਸੇ ਵੀ ਦੇਸ਼, ਕੌਮ ਤੇ ਸਮਾਜ ਲਈ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਲੋਕਤੰਤਰ ਢੰਗ ਨਾਲ ਆਪਣਾ ਨੁਮਾਇੰਦਾ ਚੁਣਨ ਲਈ ਕਾਨੂੰਨ ਨੇ ਵਿਅਕਤੀ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ। ਹੁਣ ਵੋਟਾਂ ਨੂੰ ਲੈ ਕੇ ਦੇਸ਼ ਵਿਚ ਸਿਆਸੀ ਆਬੋਹਵਾ ਭਖ਼ੀ ਹੋਈ ਹੈ। ਭਖ਼ੀ ਹੀ ਨਹੀਂ ਕਈ ਪਾਸਿਓ ਤੱਤੀਆ ਹਵਾਵਾਂ ਚੱਲਦੀਆਂ ਹਨ। ਇਕ ਵਰਗ ਵਿਸੇਸ਼ ਨੂੰ ਫੂਕਣ ਵਾਲੀ ਲੋਅ ਵੀ ਚੱਲਦੀ ਹੈ। ਪੰਜਾਬ ਵਿਚ ਵੀ ਸਿਆਸੀ ਮਾਹੌਲ ਭਖ਼ਿਆ ਹੋਇਆ ਹੈ।
ਵੋਟ ਪਾਉਣ ਦਾ ਅੱਖੀ ਡਿੱਠਾ ਹਾਲ
ਦੇਸ਼ ਅਤੇ ਵੱਖ ਵੱਖ ਸੂਬਿਆ ਵਿਚ ਵੋਟਾਂ ਵੇਲੇ ਕਿਹੋ ਜਿਹੀ ਸਥਿਤੀ ਹੁੰਦੀ ਹੈ, ਤੁਸੀਂ ਸਾਰੇ ਜਾਣਦੇ ਹੋ। ਅੱਜ ਮੈਂ ਤੁਹਾਨੂੰ ਇੰਗਲੈਂਡ ਵਿਚ ਵੋਟਾਂ ਪੈਣ ਦਾ ਅੱਖੀ ਡਿਠਾ ਹਾਲ ਸੁਣਾ ਰਿਹਾ ਹਾਂ।
ਮੈਂ ਪਹਿਲੀ ਵਾਰ ਇੰਗਲੈਂਡ ਦੀਆਂ ਲੋਕਲ ਚੋਣਾਂ ਵਿੱਚ ਹਿੱਸਾ ਲਿਆ। ਪਹਿਲੀ ਵਾਰ ਜ਼ਿੰਦਗੀ ਵਿਚ ਇਕੋ ਸਮੇਂ ਇਕੱਠੀਆਂ ਤਿੰਨ ਵੋਟਾਂ ਪਾਈਆਂ। ਇੱਕ ਵੋਟ ਲੋਕਲ ਹਲਕੇ ਦੇ ਕੌਂਸਲਰ ਵਾਸਤੇ, ਇਕ ਮਿਡਲੈਂਡ ਦੇ ਮੇਅਰ ਵਾਸਤੇ (ਮਿਡਲੈਂਡ ਦਾ ਮੇਅਰ ਸੱਤ ਕੌਂਸਿਲਾਂ ਜਿਨਾਂ ਵਿੱਚ ਬਰਮਿੰਘਮ, ਕਾਵੈਂਟਰੀ, ਡਡਲੀ, ਸੈਂਡਵੈਲ, ਸੋਲੀਹੁਲ, ਵਾਲਸਾਲ ਅਤੇ ਵੁਲਵਰਹੈਂਪਟਨ ਸਾਮਲ ਹਨ, ਦੇ ਵੋਟਰਾਂ ਵੱਲੋਂ ਚੁਣਿਆ ਜਾਂਦਾ ਹੈ) ਅਤੇ ਇਕ ਵੋਟ ਪੁਲੀਸ ਅਤੇ ਕਰਾਈਮ ਕਮਿਸ਼ਨਰ , ਵੈਸਟ ਮਿਡਲੈਂਡ ਕਰਾਈਮ ਏਰੀਆ ਵਾਸਤੇ ਪਾਈ । ਇਹ ਮੇਰੇ ਲਈ ਇਕ ਨਵੀਂ ਕਿਸਮ ਦਾ ਤਜਰਬਾ ਸੀ।
-ਇੰਝ ਪਾਈ ਮੈਂ ਪਹਿਲੀ ਵਾਰ ਵੋਟ
ਜਦੋਂ ਘਰੋ ਵੋਟ ਪਾਉਣ ਨਿਕਲਿਆ ਤਾਂ ਹੈਰਾਨ ਪਰੇਸ਼ਾਨ ਹੋ ਗਿਆ। ਪਹਿਲੀ ਵਾਰ ਲੱਗਿਆ ਕਿ ਕਿਤੇ ਵੋਟਾਂ ਕੈਂਸਲ ਤਾਂ ਨਹੀਂ ਹੋ ਗਈਆਂ। ਨਾ ਕੋਈ ਚੋਣ ਪ੍ਰਚਾਰ , ਨਾ ਬੈਨਰ, ਝੰਡੇ, ਨਾ ਸਿਆਸੀ ਰੈਲੀਆਂ ਨਾ ਸਪੀਕਰਾਂ ਦਾ ਸ਼ੋਰ ਸ਼ਰਾਬਾ, ਨਾ ਕੋਈ ਉਮੀਦਵਾਰ ਘਰ -ਘਰ ਵੋਟਾਂ ਮੰਗਦਾ ਦੇਖਿਆ। ਪਰ ਮੈਂ ਵੋਟ ਪਾਉਣ ਨਿਕਲ ਹੀ ਗਿਆ। ਪੋਲਿੰਗ ਬੂਥ ਦੇ ਬਾਹਰ ਨਾ ਕਿਸੇ ਪਾਰਟੀ ਅਤੇ ਨਾ ਕਿਸੇ ਉਮੀਦਵਾਰ ਨੇ ਕੋਈ ਪੋਲਿੰਗ ਕੈਂਪ ਲਾਏ। ਪੋਲਿੰਗ ਬੂਥ ਦੇ ਅੰਦਰ ਗਿਆ ਤਾਂ ਦੇਖਿਆ ਕਿ ਤਿੰਨ ਵਿਅੱਕਤੀਆਂ ਦਾ ਸਟਾਫ਼ ਸੀ। ਵੋਟਰਾਂ ਦੀ ਕੋਈ ਲਾਈਨ ਨਹੀਂ ਸੀ। ਹੈਰਾਨੀ ਤਾਂ ਮੈਨੂੰ ਉਦੋਂ ਹੋਈ ਕਿ ਪੋਲਿੰਗ ਸਟੇਸ਼ਨ ਉਤੇ ਕੋਈ ਪੁਲੀਸ ਜਾਂ ਸਿਕਿਉਰਿਟੀ ਦਾ ਮੁਲਾਜ਼ਮ ਤਾਇਨਾਤ ਨਹੀਂ ਸੀ । ਪੋਲਿੰਗ ਦਾ ਸਮਾਂ ਸਵੇਰੇ 7ਵਜੇ ਤੋਂ ਰਾਤ 10 ਵਜੇ ਤੱਕ ਦਾ । ਪੋਲਿੰਗ ਸਟੇਸ਼ਨ ਅੰਦਰ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦਾ ਕੋਈ ਪੋਲਿੰਗ ਏਜੰਟ ਨਹੀਂ ਸੀ । ਵੋਟਰ ਸ਼ਾਂਤਮਈ ਤਰੀਕੇ ਨਾਲ ਆਕੇ ਆਪਣੀ ਵੋਟ ਪਾਕੇ ਘਰਾਂ ਨੂੰ ਚਲੇ ਜਾਂਦੇ ।ਬਹੁਤ ਹੀ ਸ਼ਾਂਤਮਈ ਮਹੌਲ ਸੀ । ਇਸ ਤਰਾਂ ਲੱਗ ਰਿਹਾ ਸੀ ਜਿਵੇਂ ਇੱਥੇ ਕੁਝ ਹੋ ਹੀ ਨਹੀਂ ਰਿਹਾ ਹੋਵੇ।
ਵੋਟਾਂ ਵਾਲੇ ਦਿਨ ਕੀ ਹੁੰਦਾ
ਜਿਸ ਏਰੀਏ ਵਿੱਚ ਮੇਰੀ ਰਿਹਾਇਸ਼ ਹੈ ਉਸ ਟਾਊਨ ਦਾ ਨਾਮ ਹੈ ਬਿਲਸਟਨ। ਇਹ ਵੁਲਵਰਹੈਂਪਟਨ ਕੌਂਸਲ ਦਾ ਹਿੱਸਾ ਹੈ। ਇਹ ਵਾਰਡ ਬਿਲਸਟਨ ਸਾਊਥ ਵਾਰਡ ਹੈ। ਇਸ ਵਾਰਡ ਵਿੱਚੋਂ ਲੇਬਰ ਪਾਰਟੀ ਦੀ ਰਛਪਾਲ ਕੌਰ 1549 ਵੋਟਾਂ ਲੈਕੇ ਜੇਤੂ ਰਹੀ । ਕੰਜਰਵੇਟਿਵ ਪਾਰਟੀ,ਜਿਸ ਨੂੰ ਟੋਰੀ ਵੀ ਕਿਹਾ ਜਾਂਦਾ ਹੈ, ਦੇ ਉਮੀਦਵਾਰ ਨੂੰ 661 ਵੋਟਾਂ ਪਈਆਂ । ਪੂਰੇ ਦੇਸ਼ ਵਿੱਚ ਪੋਲ ਪਰਸੈਂਟੇਜ 30 ਤੋਂ 41-42 ਪ੍ਰਤਿਸ਼ਤ ਰਿਹਾ। ਕਿਸੇ ਵਾਰਡ ਵਿੱਚ ਘੱਟ ਕਿਸੇ ਵਿੱਚ ਵੱਧ ਰਿਹਾ ਵੋਟ ਪ੍ਰਤੀਸ਼ਤ । ਸਾਡੇ ਵਾਰਡ ਦੀ ਪੋਲ ਪ੍ਰਤਿਸ਼ਤ ਲਗਭਗ 30 ਫ਼ੀਸਦੀ ਰਹੀ। ਲੋਕਾਂ ਵਿੱਚ ਵੋਟ ਪਾਉਣ ਦੀ ਰੁਚੀ ਘੱਟ ਹੈ । ਲੋਕਾਂ ਨੂੰ ਬਹੁਤੀ ਫਿਕਰ ਆਪਣੇ ਕੰਮ ਦੀ ਹੁੰਦੀ ਹੈ । ਬਹੁਤੇ ਲੋਕ ਤਾਂ ਕੰਮ ਤੇ ਰਹਿਣ ਕਾਰਨ ਵੋਟ ਪਾਉਣ ਤੋਂ ਰਹਿ ਜਾਂਦੇ ਹਨ। ਸਰਕਾਰ ਵੋਟ ਪਾਉਣ ਲਈ ਕੋਈ ਛੁੱਟੀ ਨਹੀਂ ਕਰਦੀ। ਵਰਕਿੰਗ ਡੇ ਉਤੇ ਹੀ ਪੋਲਿੰਗ ਹੁੰਦੀ ਹੈ । ਵੋਟ ਪਾਉਣ ਦਾ ਸਮਾ ਸਵੇਰੇ 7 ਵਜੇ ਤੋਂ ਰਾਤ 10 ਵਜੇ ਭਾਵ 15 ਘੰਟੇ ਹੁੰਦਾ ਹੈ । ਲੋਕ ਮਰਜ਼ੀ ਨਾਲ ਵੋਟ ਪਾਉਂਦੇ ਹਨ । ਉਮੀਦਵਾਰ ਜਾਂ ਪਾਰਟੀ ਵਰਕਰ ਕਿਸੇ ਨੂੰ ਆਕੇ ਵੋਟ ਪਾਉਣ ਨੂੰ ਨਹੀਂ ਕਹਿੰਦਾ। ਇੰਨਾਂ ਚੋਣਾਂ ਵਿੱਚ ਟੋਰੀ ਪਾਰਟੀ ਨੇ ਬਹੁਤ ਸਾਰੀਆਂ ਆਪਣੀਆਂ ਪਹਿਲਾਂ ਜਿੱਤੀਆਂ ਹੋਈਆਂ ਸੀਟਾਂ ਹਾਰੀਆਂ ਹਨ। ਲੇਬਰ ਪਾਰਟੀ ਨੇ ਪਹਿਲਾਂ ਨਾਲ਼ੋਂ ਬੜਤ ਰਹੀਂ ਹੈਂ।ਇੱਥੇ ਚੋਣਾਂ ਵਿੱਚ ਕਿਸੇ ਉਮੀਦਵਾਰ ਦਾ ਕੋਈ ਖਰਚ ਨਹੀਂ ਆਉਂਦਾ। ਸਿਰਫ ਪੈਂਫ਼ਲਿਟ ਹੀ ਘਰੋਂ ਘਰੀ ਇਕ ਇਕ ਸੁੱਟਿਆ ਜਾਂਦਾ ਹੈ ਜਿਸ ਵਿੱਚ ਉਮੀਦਵਾਰ ਦਾ ਬਾਇਓਡਾਟਾ ਅਤੇ ਆਪਣੇ ਹਲਕੇ ਲਈ ਕੀਤੇ ਜਾਣ ਵਾਲੇ ਲਈ ਰੋਡ ਮੈਪ ਦੱਸਿਆ ਹੁੰਦਾ ਹੈ,ਭਾਵ ਉਮੀਦਵਾਰ ਦੇ ਕੀਤੇ ਜਾਣ ਵਾਲੇ ਕੰਮਾਂ ਦੀਆਂ ਪਰਿਉਰੇਟੀਜ ਦੱਸੀਆਂ ਜਾਂਦੀਆਂ ਹਨ ।ਜਿੱਤਣ ਤੋਂ ਬਾਅਦ ਕੋਈ ਢੋਲ ਢਮੱਕਾ ਨਹੀਂ ਹੁੰਦਾ । ਕਾਊਂਟਿਗ ਵਾਲ਼ੀਆਂ ਥਾਂਵਾਂ ਤੇ ਕੋਈ ਭੀੜਾਂ ਨਹੀਂ ਦੇਖੀਆਂ । ਲੋਕ ਆਮ ਵਾਂਗ ਹੀ ਵਿਚਰਦੇ ਹਨ । ਲੋਕਾਂ ਨੂੰ ਸਿਰਫ ਆਪਣੇ ਆਪਣੇ ਕੰਮਾਂ ਤੱਕ ਹੀ ਮਤਲਬ ਹੈ । ਮੈਂ ਤਾਂ ਕੋਈ ਵਿਅੱਕਤੀ ਇਹ ਪੁੱਛਦਾ ਵੀ ਨਹੀਂ ਸੁਣਿਆ ਕਿ ਕੌਣ ਜਿੱਤਿਆ ਜਾਂ ਹਾਰਿਆ ਹੈ। ਲੋਕਾਂ ਨੂੰ ਰੋਟੀ ਜਾਂ ਹੋਰ ਜ਼ਰੂਰਤਾਂ ਦੀ ਕੋਈ ਚਿੰਤਾ ਨਹੀਂ ਹੈ ,ਸਰਕਾਰ ਸੱਭ ਆਪਣੇ ਆਪ ਕਰੀ ਜਾਂਦੀ ਹੈ ।
ਜਦੋਂ ਮੈਨੂੰ ਬਾਂਹ ਤੋ ਫੜਿਆ ਤਾਂ
ਇਕ ਹੋਰ ਗੱਲ ਮੈਂ ਪੋਲਿੰਗ ਸਟੇਸ਼ਨ ਅਤੇ ਇੰਗਲੈਂਡ ਵਿਚ ਚੋਣ ਪ੍ਰਣਾਲੀ ਨੂੰ ਦੇਖਕੇ ਬਹੁਤ ਪ੍ਰਭਾਵਿਤ ਹੋ ਗਿਆ ਤਾਂ ਮੈਂ ਅੰਦਰ ਸਟਾਫ਼ ਨੂੰ ਇਕ ਫੋਟੋ ਖਿੱਚਣ ਬਾਰੇ ਆਗਿਆ ਮੰਗੀ ਤਾਂ ਅੰਦਰ ਫੋਟੋ ਲੈਣ ਤੋ ਮਨਾਂ ਕਰ ਦਿੱਤਾ ,ਪਰ ਇਕ ਮਹਿਲਾ ਸਟਾਫ਼ ਮੈਂਬਰ ਆਪਣੀ ਸੀਟ ਤੋ ਉੱਠੀ ਅਤੇ ਮੈਨੂੰ ਬਾਂਹ ਤੋ ਫੜ ਲਿਆ। ਮੈਂ ਡਰ ਗਿਆ ਕਿ ਕਿਤੇ ਬਾਹਰ ਪੁਲਿਸ ਨੂੰ ਸ਼ਿਕਾਇਤ ਕਰੇਗੀ ਪਰ ਉਹ ਮੈਨੂੰ ਉਸ ਸਥਾਨ ਉਤੇ ਲੈ ਗਈ ਜਿਥੇ ਪੋਲਿੰਗ ਸਟੇਸ਼ਨ (ਸੂਚਨਾ ਬੋਰਡ) ਲਿਖਿਆ ਹੋਇਆ ਸੀ। ਉਸਨੇ ਮੋਰਾ ਫੋਨ ਲਿਆ ਤੇ ਮੇਰੀ ਫੋਟੋ ਖਿੱਚਕੇ ਸਮਾਇਲ ਦਿੱਤੀ। ਉਹ ਅੰਦਰ ਪੋਲਿੰਗ ਸਟੇਸ਼ਨ ਵੱਲ ਚਲੇਗੀ ਤੇ ਮੈਂ ਘਰ ਵੱਲ ਨੂੰ ਮੁੜ ਗਿਆ।
ਗਿਆਨ ਚੰਦ ਦਿਵਾਲੀ
ਬਿਲਸਟਨ
+447774745570