ਨਵੀਂ ਦਿੱਲੀ 5 ਅਪ੍ਰੈਲ (ਖ਼ਬਰ ਖਾਸ ਬਿਊਰੋ)
ਉੱਤਰੀ ਰੇਲਵੇ ਨੇ ਵਿੱਤੀ ਸਾਲ 2024-25 ਵਿੱਚ ਸਕਰੈਪ ਦੀ ਵਿਕਰੀ ਤੋਂ 781.07 ਕਰੋੜ ਰੁਪਏ ਦੀ ਇਤਿਹਾਸਕ ਕਮਾਈ ਕੀਤੀ, ਜੋ ਭਾਰਤੀ ਰੇਲਵੇ ਦੇ ਸਾਰੇ ਜ਼ੋਨਾਂ ਅਤੇ ਉਤਪਾਦਨ ਯੂਨਿਟਾਂ ਵਿੱਚੋਂ ਸਭ ਤੋਂ ਵੱਧ ਹੈ। ਇਸ ਪ੍ਰਾਪਤੀ ਨੇ ਨਾ ਸਿਰਫ਼ ਉੱਤਰੀ ਰੇਲਵੇ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕੀਤਾ ਹੈ, ਸਗੋਂ ਇਹ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਆ ਦੇ ਖੇਤਰ ਵਿੱਚ ਵੀ ਵੱਡਾ ਬਦਲਾਅ ਲਿਆਉਣ ਲਈ ਤਿਆਰ ਹੈ।
ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਅਸ਼ੋਕ ਕੁਮਾਰ ਵਰਮਾ ਅਨੁਸਾਰ ਇਸ ਸਕਰੈਪ ਨਿਪਟਾਰੇ ਨੂੰ ਇੱਕ ਮਿਸ਼ਨ ਵਾਂਗ ਚਲਾਇਆ ਗਿਆ ਸੀ, ਜਿਸ ਦਾ ਉਦੇਸ਼ ਸਿਰਫ਼ ਪੈਸਾ ਕਮਾਉਣਾ ਹੀ ਨਹੀਂ ਸੀ, ਸਗੋਂ ਰੇਲਵੇ ਕੰਪਲੈਕਸ ਨੂੰ ਸਾਫ਼-ਸੁਥਰਾ, ਸੁਚੱਜਾ ਅਤੇ ਸੁਰੱਖਿਅਤ ਬਣਾਉਣਾ ਵੀ ਸੀ।
ਹੁਣ ਇਸ ਕਮਾਈ ਦੀ ਵਰਤੋਂ ਸਟੇਸ਼ਨ ਦੀਆਂ ਸਹੂਲਤਾਂ ਦੇ ਵਿਸਥਾਰ, ਯਾਤਰੀ ਵੇਟਿੰਗ ਰੂਮ ਦੇ ਆਧੁਨਿਕੀਕਰਨ, ਨਵੇਂ ਪਲੇਟਫ਼ਾਰਮਾਂ ਦੀ ਉਸਾਰੀ, ਬਿਹਤਰ ਰੋਸ਼ਨੀ, ਸੀਸੀਟੀਵੀ ਕੈਮਰੇ ਅਤੇ ਹੋਰ ਸੁਰੱਖਿਆ ਉਪਕਰਨਾਂ ਲਈ ਕੀਤੀ ਜਾਵੇਗੀ।