ਮੁਹਾਲੀ, 3 ਮਈ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਜੋ ਹੁਣ ਗੁੜਗਾਓਂ ਤੋਂ ਅੱਗੇ ਲੰਘਣ ਵਾਲਾ ਹੈ ਅਤੇ ਇਸ ਤੋਂ ਇਲਾਵਾ ਵਿਸ਼ਵ ਪੱਧਰੀ ਸਿੱਖਿਆ ਤੇ ਖੋਜ ਸਹੂਲਤਾਂ ਦੀ ਸਿਰਜਣਾ ਕੀਤੀ ਤੇ ਸੂਚਨਾ ਤਕਨਾਲੋਜੀ ਸੈਕਟਰ ਦੀ ਕ੍ਰਾਂਤੀ ਲਿਆਂਦੀ।
ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਵੋਟਾਂ ਪਾਉਣ ਤਾਂ ਜੋ ਗ੍ਰੇਟਰ ਮੁਹਾਲੀ ਇਲਾਕੇ ਦਾ ਹੋਰ ਵਿਕਾਸ ਕਰਕੇ ਇਸਨੂੰ ਮੈਟਰੋ ਸ਼ਹਿਰ ਬਣਾਇਆ ਜਾ ਸਕੇ ਜਿਸ ਨਾਲ ਇਥੇ ਰੋਜ਼ਗਾਰ ਵਧੇਗਾ ਤੇ ਸੂਬੇ ਲਈ ਮਾਲੀਆ ਪੈਦਾ ਹੋਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਟਿੱਪਣੀਆਂ ਪੰਜਾਬ ਬਚਾਓ ਯਾਤਰਾ ਦੌਰਾਨ ਕੀਤੀਆਂ ਜਿਸ ਦੌਰਾਨ ਖਰੜ ਤੇ ਮੁਹਾਲੀ ਵਿਧਾਨ ਸਭਾ ਹਲਕਿਆਂ ਵਿਚ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ।
ਸਰਦਾਰ ਸੁਖਬੀਰ ਸਿੰਘ ਬਾਦਲ, ਜਿਹਨਾਂ ਦੇ ਨਾਲ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਸਨ, ਨੇ ਦੋਹਾਂ ਹਲਕਿਆਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਦੋਵਾਂ ਹਲਕਿਆਂ ਵਿਚ ਯਾਤਰਾ ਨੂੰ ਨੌਜਵਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਮੁਹਾਲੀ ਵਿਚ ਅਕਾਲੀ ਦਲ ਦੇ ਪ੍ਰਧਾਨ ਨਾਲ ਮਿਲਣ ਵਾਸਤੇ ਇਕ ਦੂਜੇ ਤੋਂ ਅੱਗੇ ਵੱਧ ਕੇ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਸੱਦ ਦਿੱਤਾ ਤੇ ਹਰ ਠਹਿਰਾਅ ’ਤੇ ਫੁੱਲ ਪੱਤੀਆਂ ਦੀ ਵਰਖਾ ਕੀਤੀ।
ਲੋਕਾਂ ਦਾ ਪੰਜਾਬ ਬਚਾਓ ਯਾਤਰਾ ਲਈ ਲਾਮਿਸਾਲ ਹੁੰਗਾਰਾ ਦੇਣ ਲਈ ਧੰਨਵਾਦ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਾਰਟੀ ਲਈ ਇਨਾਮ ਵਾਂਗੂ ਹੈ ਜਿਸਨੇ ਮੁਹਾਲੀ ਨੂੰ ਇਕ ਛੋਟੇ ਜਿਹੇ ਸ਼ਹਿਰ ਵਿਚੋਂ ਅੱਜ ਹਰ ਪਾਸੇ ਵੱਧਣ ਵਾਲਾ ਸ਼ਹਿਰ ਬਣਾਇਆ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ ਮੁਹਾਲੀ ਤੇ ਖਰੜ ਦੇ ਵਿਕਾਸ ਲਈ ਪੂਰੀ ਯੋਜਨਾਬੰਦੀ ਕੀਤੀ ਤੇ ਵਿਗਿਆਨਕ ਢੰਗ ਨਾਲ ਇਸਦਾ ਵਿਸਥਾਰ ਕੀਤਾ ਤੇ ਨਾਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਿਰਜਿਆ ਤੇ ਸੰਸਥਾਵਾਂ ਬਣਾਈਆਂ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਮੁਹਾਲੀ ਵਿਚ ਕੌਮਾਂਤਰੀ ਹਵਾਈ ਅੱਡਾ ਸਥਾਪਿਤ ਕੀਤਾ ਜਿਸ ਸਦਕਾ ਸ਼ਹਿਰ ਦਾ ਤੇਜ਼ ਰਫਤਾਰ ਵਿਕਾਸ ਹੋਇਆ ਤੇ ਵਪਾਰ ਵਧਿਆ ਤੇ ਸ਼ਹਿਰ ਦੁਨੀਆਂ ਨਾਲ ਜੁੜਿਆ। ਉਹਨਾਂ ਕਿਹਾ ਕਿ ਹਵਾਈ ਅੱਡੇ ਕਾਰਣ ਹੀ ਸ਼ਹਿਰ ਵਿਚ ਆਈ ਟੀ ਸੈਕਟਰ ਸਥਾਪਿਤ ਹੋਇਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਖੁਦ ਉਦਯੋਗਾਂ ਦੇ ਮੁਖੀਆਂ ਨੂੰ ਰਾਜ਼ੀ ਕਰ ਕੇ ਮੁਹਾਲੀ ਵਿਚ ਇੰਡੀਅਨ ਸਕੂਲ ਆਫ ਬਿਜ਼ਨਸ ਸਥਾਪਿਤ ਕਰਵਾਇਆ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਆਇਸਰ ਤੇ ਇੰਸਟੀਚਿਊਟ ਆਫ ਨੈਨੋ ਸਾਇੰਸ ਐਂਡ ਟੈਕਨਾਲੋਜੀ ਮੁਹਾਲੀ ਵਿਚ ਸਥਾਪਿਤ ਕਰਵਾਏ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਬੰਗਲੌਰ ਤੇ ਹੈਦਰਾਬਾਦ ਵਿਚ ਆਈ ਟੀ ਕੰਪਨੀਆਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਮੁਹਾਲੀ ਵਿਚ ਨਿਵੇਸ਼ ਲਈ ਰਾਜ਼ੀ ਕੀਤਾ।
ਇਸ ਮੌਕੇ ਇੰਡਸਟਰੀ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਖਰੜ ਤੇ ਮੁਹਾਲੀ ਵਿਚ ਸਾਰੇ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟ ਠੱਪ ਹੋ ਗਏ ਹਨ। ਲੋਕਾਂ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਤਾਂ ਗੱਲ ਹੀ ਛੱਡੋ ਜੋ ਢਾਂਚਾ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ, ਉਸਦਾ ਰੱਖ ਰਖਾਅ ਵੀ ਨਹੀਂ ਹੋ ਰਿਹਾ। ਉਹਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਖਰੜ ਵਿਚ ਮਿਉਂਸਪਲ ਕੌਂਸਲ ਨੂੰ ਜਾਣ ਬੁੱਝ ਕੇ ਫੰਡ ਨਹੀਂ ਦਿੱਤੇ ਜਾ ਰਹੇ ਅਤੇ ਮੁਹਾਲੀ ਸ਼ਹਿਰ ਨੂੰ ਆਪ ਸਰਕਾਰ ਨੇ ਅਣਡਿੱਠ ਕਰ ਦਿੱਤਾ ਹੈ।
ਖਰੜ ਤੇ ਮੁਹਾਲੀ ਵਿਚ ਯਾਤਰਾ ਦੌਰਾਨ ਹਲਕਾ ਇੰਚਾਰਜ ਤੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਤੇ ਪਰਵਿੰਦਰ ਸਿੰਘ ਸੋਹਾਣਾ, ਕਮਲਜੀਤ ਸਿੰਘ ਰੂਬੀ, ਹਰਜੀਤ ਸਿੰਘ ਭੁੱਲਰ, ਅਜੈਪਾਲ ਸਿੰਘ ਮਿੱਡੂਖੇੜਾ, ਅਤੇ ਪਰਮਜੀਤ ਸਿੰਘ ਕਾਹਲੋਂ , ਤਰਸੇਮ ਸਿੰਘ ਗੰਧੋ ਮੈਂਬਰ ਜਨਰਲ ਕੌਂਸਲ ਹਾਜ਼ਰ ਸਨ।