ਪੰਜਾਬ ਪੁਲਿਸ ਵੱਲੋਂ ਬੀ.ਕੇ.ਆਈ. ਅੱਤਵਾਦੀ ਮਾਡਿਊਲ ਦੇ ਤਿੰਨ ਹੋਰ ਕਾਰਕੁਨ ਗ੍ਰਿਫ਼ਤਾਰ; ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ

ਚੰਡੀਗੜ੍ਹ: 15 ਮਾਰਚ (ਖਬ਼ਰ ਖਾਸ ਬਿਊਰੋ)

 ਨਾਂਦੇੜ ਕਤਲ ਕੇਸ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਐਸਏਐਸ ਨਗਰ ਨੇ ਪਾਕਿਸਤਾਨ ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਤਿੰਨ ਹੋਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗੀ ਅਤੇ ਸ਼ੁਭਮ ਖੇਲਬੁਡੇ ਦੋਵੇਂ ਵਾਸੀ ਨਾਂਦੇੜ, ਮਹਾਰਾਸ਼ਟਰ ਅਤੇ ਗੁਰਦੀਪ ਸਿੰਘ ਉਰਫ਼ ਦੀਪਾ ਵਾਸੀ ਰਾਏਪੁਰ, ਰੋਪੜ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਦੋ ਹਥਿਆਰ, ਜਿਨ੍ਹਾਂ ਵਿੱਚ 15 ਕਾਰਤੂਸਾਂ ਸਮੇਤ ਇੱਕ 12 ਬੋਰ ਪੰਪ-ਐਕਸ਼ਨ ਬੰਦੂਕ ਅਤੇ ਅੱਠ ਕਾਰਤੂਸਾਂ ਸਮੇਤ ਇੱਕ .32 ਬੋਰ ਪਿਸਤੌਲ ਸ਼ਾਮਲ ਹੈ, ਵੀ ਬਰਾਮਦ ਕੀਤੇ ਹਨ।

ਇਹ ਸਫ਼ਲਤਾ ਉਕਤ ਕੇਸ ਵਿੱਚ ਪਹਿਲਾਂ ਜਗਦੀਸ਼ ਸਿੰਘ ਉਰਫ਼ ਜੱਗਾ, ਸ਼ੁਭਦੀਪ ਸਿੰਘ ਉਰਫ਼ ਸ਼ੁਭ ਅਤੇ ਸਚਿਨਦੀਪ ਸਿੰਘ ਉਰਫ਼ ਸਚਿਨ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਮਿਲੀ ਹੈ। ਇਨ੍ਹਾਂ ਤਾਜ਼ਾ ਗ੍ਰਿਫ਼ਤਾਰੀਆਂ ਨਾਲ, ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ ਛੇ ਹੋ ਗਈ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਜਗਜੀਤ ਉਰਫ਼ ਜੱਗੀ ਨੇ ਨਾਂਦੇੜ ਕਤਲ ਕਾਂਡ, ਜਿਸਦੀ ਸਾਜ਼ਿਸ਼ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਉਰਫ਼ ਰਿੰਦਾ ਵੱਲੋਂ ਰਚੀ ਗਈ ਸੀ, ਵਿੱਚ ਸ਼ਾਮਲ ਸ਼ੂਟਰਾਂ ਲਈ ਲੌਜਿਸਟਿਕਸ ਸਹਾਇਤਾ, ਸੁਰੱਖਿਅਤ ਪਨਾਹਾਂ ਅਤੇ ਤਾਲਮੇਲ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਜਾਂਚ ਵਿੱਚ ਜੇਲ੍ਹ ‘ਚ ਬੰਦ ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ, ਜੋ ਰਿੰਦਾ ਦਾ ਪੁਰਾਣਾ ਸਾਥੀ ਹੈ, ਦੀ ਭੂਮਿਕਾ ਦਾ ਵੀ ਖੁਲਾਸਾ ਹੋਇਆ ਹੈ, ਜਿਸਨੇ ਪੰਜਾਬ ਵਿੱਚ ਮੁਲਜ਼ਮਾਂ ਲਈ ਸੁਰੱਖਿਅਤ ਪਨਾਹਗਾਹਾਂ ਦਾ ਪ੍ਰਬੰਧ ਕੀਤਾ ਸੀ।

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਕਾਰਕੁਨ ਜਗਜੀਤ ਉਰਫ਼ ਜੱਗੀ ਕਤਲ, ਕਤਲ ਦੀ ਕੋਸ਼ਿਸ਼, ਡਰਾਉਣ-ਧਮਕਾਉਣ ਅਤੇ ਜਬਰੀ ਵਸੂਲੀ ਲਈ ਨਾਲ ਸਬੰਧਤ ਮਾਮਲਿਆਂ ਵਿੱਚ ਲੋੜੀਂਦਾ ਸੀ, ਜਦੋਂ ਕਿ ਸ਼ੁਭਮ ਨਾਂਦੇੜ, ਮਹਾਰਾਸ਼ਟਰ ਵਿੱਚ ਡਰਾਉਣ-ਧਮਕਾਉਣ ਅਤੇ ਜਬਰੀ ਵਸੂਲੀ ਨਾਲ ਸਬੰਧਤ ਮਾਮਲਿਆਂ ਵਿੱਚ ਲੋੜੀਂਦਾ ਸੀ, ਜੋ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਪੰਜਾਬ ਆਇਆ ਸੀ। ਮੁਲਜ਼ਮ ਜੱਗੀ ਅਤੇ ਸ਼ੁਭਮ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਉਰਫ਼ ਰਿੰਦਾ ਦੇ ਨਿਰਦੇਸ਼ਾਂ ‘ਤੇ ਨਾਂਦੇੜ ਵਿੱਚ ਆਪਣੇ ਹੋਰ ਕਾਰਕੁਨਾਂ ਲਈ ਹਥਿਆਰਾਂ ਦੀ ਖਰੀਦ, ਜਬਰੀ ਵਸੂਲੀ, ਲੌਜਿਸਟਿਕ ਸਹਾਇਤਾ ਅਤੇ ਪਨਾਹ ਸਮੇਤ ਵੱਖ-ਵੱਖ ਗੈਰ-ਕਾਨੂੰਨੀ ਗਤੀਵਿਧੀਆਂ ਸਬੰਧੀ ਤਾਲਮੇਲ ਦੇਣ ਦੀਆਂ ਕਾਰਵਾਈਆਂ ਵਿੱਚ ਸਰਗਰਮੀ ਨਾਲ ਸ਼ਾਮਲ ਸਨ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਤੀਜੇ ਵਿਅਕਤੀ ਗੁਰਦੀਪ ਉਰਫ਼ ਦੀਪਾ ਨੂੰ ਭਗੌੜੇ ਅਪਰਾਧੀਆਂ ਜੱਗੀ ਅਤੇ ਸ਼ੁਭਮ ਨੂੰ ਪਨਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮ ਗੁਰਦੀਪ ਦੀਪਾ ਨੇ ਮੁਲਜ਼ਮਾਂ ਦੇ ਭੱਜਣ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਸਹਿਯੋਗ ਕਰਦਿਆਂ ਮਹੱਤਵਪੂਰਨ ਭੂਮਿਕਾ ਨਿਭਾਈ।

ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਐਸਏਐਸ ਨਗਰ ਡਾ. ਸਿਮਰਤ ਕੌਰ ਨੇ ਕਿਹਾ ਕਿ ਇਸ ਸਬੰਧੀ ਭਰੋਸੇਯੋਗ ਜਾਣਕਾਰੀ ਮਿਲਣ ਤੋਂ ਬਾਅਦ ਐਸਐਸਓਸੀ ਐਸਏਐਸ ਨਗਰ ਦੀ ਟੀਮ ਨੇ ਆਪ੍ਰੇਸ਼ਨ ਚਲਾਇਆ ਅਤੇ ਸ਼ੁਭਮ ਖੇਲਬੁਡੇ ਨੂੰ ਗੁਰਦੀਪ ਉਰਫ਼ ਦੀਪਾ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਜਿੱਥੇ ਉਹ ਮੁਲਜ਼ਮ ਦੀਪੇ ਦੀ ਮਾਲਕੀ ਵਾਲੇ ਰੇਤ ਕਰੱਸ਼ਰ ਵਿੱਚ ਪਨਾਹ ਲੈ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪ੍ਰਾਪਤ ਸੁਰਾਗਾਂ ਦੀ ਪੈਰਵੀ ਕਰਦਿਆਂ ਪੁਲਿਸ ਨੇ ਉਸੇ ਦਿਨ ਦੇਰ ਰਾਤ ਨੂੰ ਜ਼ਿਲ੍ਹਾ ਤਰਨਤਾਰਨ ਤੋਂ ਤੀਜੇ ਮੁਲਜ਼ਮ ਜਗਜੀਤ ਉਰਫ਼ ਜੱਗੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਪੁਲਿਸ ਨੇ ਸ਼ੁਭਮ ਤੋਂ ਇੱਕ .32 ਬੋਰ ਪਿਸਤੌਲ ਅਤੇ ਗੁਰਦੀਪ ਤੋਂ ਇੱਕ ਪੰਪ ਐਕਸ਼ਨ ਗੰਨ ਬਰਾਮਦ ਕੀਤੀ, ਜੋ ਕਿ ਪੰਜਾਬ ਅਤੇ ਹੋਰ ਖੇਤਰਾਂ ਵਿੱਚ ਗੈਰ-ਕਾਨੂੰਨੀ ਕਾਰਵਾਈਆਂ ਨੂੰ ਅੱਗੇ ਵਧਾਉਣ ਲਈ ਵਰਤੇ ਜਾਣੇ ਸਨ।ਏਆਈਜੀ ਨੇ ਕਿਹਾ ਕਿ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਦੀ ਉਮੀਦ ਹੈ।ਇਸ ਸਬੰਧ  ਥਾਣਾ ਐਸਐਸਓਸੀ, ਐਸਏਐਸ ਨਗਰ ਵਿਖੇ ਅਸਲਾ ਐਕਟ ਦੀ ਧਾਰਾ 25(1) ਬੀ ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 249 ਤੇ 61(2) ਤਹਿਤ ਕੇਸ ਐਫਆਈਆਰ ਨੰਬਰ 1 ਮਿਤੀ 21.02.2025 ਪਹਿਲਾਂ ਹੀ ਦਰਜ ਹੈ।

 

Leave a Reply

Your email address will not be published. Required fields are marked *