ਸੁਰੱਖਿਆ ਬਲਾਂ ਨੇ 16 ਦਹਿਸ਼ਤਗਰਦ ਮਾਰ ਮੁਕਾਏ, 104 ਯਾਤਰੀ ਛੁਡਾਏ

ਕਰਾਚੀ, 12 ਮਾਰਚ (ਖ਼ਬਰ ਖਾਸ ਬਿਊਰੋ)

Pakistan train attack ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚ ਬਾਗ਼ੀਆਂ ਵੱਲੋਂ ਅਗਵਾ ਕੀਤੀ ਐਕਸਪ੍ਰੈੱਸ ਰੇਲਗੱਡੀ ਦੇ 104 ਯਾਤਰੀਆਂ ਨੂੰ ਛੁਡਾ ਲਿਆ ਹੈ ਜਦੋਂਕਿ ਇਸ ਕਾਰਵਾਈ ਦੌਰਾਨ 16 ਦਹਿਸ਼ਤਗਰਦ ਮਾਰੇ ਗਏ। ਰੇਲਗੱਡੀ ਨੂੰ ਅਗਵਾ ਕਰਨ ਵਾਲੇ ਹਥਿਆਰਬੰਦ ਬਲੋਚ ਬਾਗੀਆਂ ਖਿਲਾਫ਼ ਕਾਰਵਾਈ ਦੂਜੇ ਦਿਨ ਵੀ ਜਾਰੀ ਹੈ। ਇਸ ਦੌਰਾਨ ਖ਼ਬਰ ਏਜੰਸੀ ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਸੁਰੱਖਿਆ ਬਲ 155 ਯਾਤਰੀਆਂ ਨੂੰ ਬਚਾਉਣ ਵਿਚ ਸਫ਼ਲ ਰਹੇ ਹਨ ਜਦੋਂਕਿ ਬਾਕੀ ਬੰਧਕਾਂ ਨੂੰ ਬਚਾਉਣ ਲਈ ਅਪਰੇਸ਼ਨ ਜਾਰੀ ਹੈ।

ਜਾਫ਼ਰ ਐਕਸਪ੍ਰੈੱਸ, ਜਿਸ ਦੇ ਨੌਂ ਡੱਬਿਆਂ ਵਿਚ 500 ਦੇ ਕਰੀਬ ਯਾਤਰੀ ਸਵਾਰ ਸਨ, ਕੋਇਟਾ ਤੋਂ ਪੇਸ਼ਾਵਰ ਜਾ ਰਹੀ ਸੀ ਜਦੋਂ ਹਥਿਆਰਬੰਦ ਵਿਅਕਤੀਆਂ ਨੇ ਗਦਲਾਰ ਤੇ ਪੀਰੂ ਕੋਨੇਰੀ ਦੇ ਪਹਾੜੀ ਇਲਾਕੇ ਵਿਚ ਇਕ ਸੁਰੰਗ ’ਚ ਰੇਲਗੱਡੀ ਦਾ ਰਾਹ ਰੋਕ ਕੇ ਸੌ ਤੋਂ ਵੱਧ ਯਾਤਰੀਆਂ ਨੂੰ ਅਗਵਾ ਕਰ ਲਿਆ। ਉਨ੍ਹਾਂ ਰੇਲਗੱਡੀ ’ਤੇ ਗੋਲੀਆਂ ਵੀ ਚਲਾਈਆਂ, ਜਿਸ ਨਾਲ ਕਈ ਯਾਤਰੀ ਵੀ ਜ਼ਖ਼ਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਲਈ ਸੀ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਕੋਇਟਾ ਤੇ ਸਿਬੀ ਦਰਮਿਆਨ ਬੋਲਨ 100 ਕਿਲੋਮੀਟਰ ਤੋਂ ਵੱਧ ਦਾ ਪਹਾੜੀ ਇਲਾਕਾ ਹੈ। ਇਸ ਇਲਾਕੇ ਵਿਚ 17 ਸੁਰੰਗਾਂ ਹਨ, ਜਿਸ ਵਿਚੋਂ ਰੇਲ ਮਾਰਗ ਗੁਜ਼ਰਦਾ ਹੈ। ਮੁਸ਼ਕਲ ਪਹਾੜੀ ਇਲਾਕੇ ਕਰਕੇ ਰੇਲਗੱਡੀਆਂ ਆਮ ਕਰਕੇ ਧੀਮੀ ਰਫ਼ਤਾਰ ਨਾਲ ਲੰਘਦੀਆਂ ਹਨ। ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਨਾਲ ਗੋਲੀਬਾਰੀ ਜਾਰੀ ਹੋਣ ਦਾ ਦਾਅਵਾ ਕਰਦਿਆਂ ਹੁਣ ਤੱਕ 104 ਯਾਤਰੀਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿਚ ਮਹਿਲਾਵਾਂ ਤੇ ਬੱਚੇ ਵੀ ਹਨ।

ਸੂਤਰਾਂ ਨੇ ਕਿਹਾ, ‘‘ਗੋਲੀਬਾਰੀ ਜਾਰੀ ਹੈ ਤੇ ਹੁਣ ਤੱਕ 16 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ ਤੇ ਕਈ ਹੋਰ ਜ਼ਖ਼ਮੀ ਹਨ।’’ ਉਨ੍ਹਾਂ ਕਿਹਾ ਕਿ ਰੇਲਗੱਡੀ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਛੁਡਾਏ ਜਾਣ ਤੱਕ ਅਪਰੇਸ਼ਨ ਜਾਰੀ ਰਹੇਗਾ। ਸੂਤਰਾਂ ਨੇ ਕਿਹਾ, ‘‘ਦਹਿਸ਼ਤਗਰਦਾਂ ਨੇ ਹਨੇਰੇ ਦਾ ਫਾਇਦਾ ਲੈ ਕੇ ਭੱਜਣ ਲਈ ਛੋਟੇ ਛੋਟੇ ਸਮੂਹ ਬਣਾਏ ਹਨ, ਪਰ ਸੁਰੱਖਿਆ ਬਲਾਂ ਨੇ ਸੁਰੰਗ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਜਲਦੀ ਹੀ ਬਾਕੀ ਬਚਦੇ ਯਾਤਰੀਆਂ ਨੂੰ ਵੀ ਬਚਾਅ ਲਿਆ ਜਾਵੇਗਾ।’’

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਸੂਤਰਾਂ ਨੇ ਕਿਹਾ ਕਿ ਛੁਡਾਏ ਗਏ ਯਾਤਰੀਆਂ ਵਿਚ 58 ਮਰਦ, 31 ਮਹਿਲਾਵਾਂ ਤੇ 15 ਬੱਚੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਇਕ ਦੂਜੀ ਰੇਲਗੱਡੀ ਰਾਹੀਂ ਬਲੋਚਿਸਤਾਨ ਦੇ ਕੱਚੀ (Kachhi) ਜ਼ਿਲ੍ਹੇ ਦੇ ਮਾਚ (Mach) ਕਸਬੇ ਵਿਚ ਭੇਜਿਆ ਗਿਆ ਹੈ।

ਦੁਵੱਲੀ ਗੋਲੀਬਾਰੀ ਵਿਚ ਆਮ ਨਾਗਰਿਕਾਂ ਦੇ ਮਾਰੇ ਜਾਣ ਬਾਰੇ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ, ਪਰ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਗੋਲੀਬਾਰੀ ਵਿੱਚ ਰੇਲਗੱਡੀ ਦਾ ਡਰਾਈਵਰ ਅਤੇ ਕਈ ਯਾਤਰੀ ਜ਼ਖ਼ਮੀ ਹੋ ਗਏ ਹਨ।

ਉਧਰ ਬੀਐੱਲਏ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਰੇਲਗੱਡੀ ਨੂੰ ਪਟੜੀ ਤੋਂ ਉਤਾਰ ਕੇ ਇਸ ਦਾ ਕੰਟਰੋਲ ਆਪਣੇ ਕਬਜ਼ੇ ਵਿੱਚ ਲੈ ਲਿਆ। ਸਮੂਹ ਨੇ ਛੇ ਸੁਰੱਖਿਆ ਕਰਮਚਾਰੀਆਂ ਨੂੰ ਮਾਰਨ ਤੇ ਸੁਰੱਖਿਆ ਕਰਮੀਆਂ ਸਣੇ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਸੀ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਬੀਐੱਲਏ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਪਾਕਿਸਤਾਨੀ ਫੌਜ ਕੋਈ ਕਾਰਵਾਈ ਕਰਦੀ ਹੈ, ਤਾਂ ‘ਸਾਰੇ ਬੰਧਕਾਂ ਨੂੰ ਫਾਂਸੀ ਦਿੱਤੀ ਜਾਵੇਗੀ।’ ਇਸ ਸਮੂਹ ’ਤੇ ਪਾਕਿਸਤਾਨ, ਯੂਕੇ ਅਤੇ ਅਮਰੀਕਾ ਵਿੱਚ ਪਾਬੰਦੀ ਹੈ।

Leave a Reply

Your email address will not be published. Required fields are marked *