ਜਲੰਧਰ 9ਮਾਰਚ (ਖ਼ਬਰ ਖਾਸ ਬਿਊਰੋ )
ਪੰਥ ਵਿੱਚ ਪਿਛਲੇ ਕਾਫੀ ਸਮੇਂ ਤੋਂ ਵਾਪਰ ਰਹੇ ਘਟਨਾਕ੍ਰਮ ਸਬੰਧੀ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਪ੍ਰੈਸ ਨਾਲ਼ ਗਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਦਾ ਮੈਂ ਹਮੇਸ਼ਾ ਸਤਿਕਾਰ ਕਰਦਾ ਹਾਂ ਅਤੇ ਰਹਿੰਦੀ ਜ਼ਿੰਦਗੀ ਤੱਕ ਕਰਦਾ ਰਹਾਂਗਾ। ਉਹਨਾਂ ਦੱਸਿਆ ਕਿ ਉਹ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਸ਼ਾਸਨ ‘ਚ ਮੁੱਖ ਸਕੱਤਰ ਦੇ ਅਹੁਦੇ ਦੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਅੰਤ੍ਰਿੰਗ ਕਮੇਟੀ ਦੇ ਮੈਂਬਰ ਨਹੀਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਸਿੰਘ ਸਾਹਿਬਾਨ ਪ੍ਰਤੀ ਲਿਆ ਗਿਆ ਫੈਸਲਾ ਬਹੁਤ ਮੰਦਭਾਗਾ ਤੇ ਮਨਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਅਜਿਹੇ ਫੈਸਲੇ ਸਬੰਧੀ ਅੰਤ੍ਰਿੰਗ ਕਮੇਟੀ ਵਲੋਂ ਮੈਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ।
ਉਨ੍ਹਾਂ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਕਿਹਾ ਕਿ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ ਚਾਹੇ ਸੁਧਾਰ ਲਹਿਰ ਦੀ ਲੀਡਰਸ਼ਿਪ ਹੋਵੇ ਚਾਹੇ ਹੋਰ ਪੰਥਕ ਲੀਡਰਸ਼ਿਪ ਹੋਵੇ, ਅਸੀਂ ਸਾਰੇ ਇਨ੍ਹਾਂ ਹਲਾਤਾਂ ਲਈ ਜੁੰਮੇਵਾਰ ਹਾਂ।
ਮੰਨਣ ਨੇ ਕਿਹਾ ਕਿ ਇਸ ਸਮੇਂ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਸੁਧਾਰ ਲਹਿਰ ਦੀ ਲੀਡਰਸ਼ਿਪ ਅਤੇ ਹੋਰ ਪੰਥਕ ਧਿਰਾਂ ਸਮੇਂ ਨੂੰ ਸੰਭਾਲਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਵਿੱਚ ਨਤਮਸਤਕ ਹੋ ਕੇ ਪੰਥ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਇਕੱਠੇ ਹੋਣ।
ਉਨ੍ਹਾਂ ਪੰਥਕ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਸੀ ਮਤਭੇਦ ਭੁਲਾ ਕੇ ਦਰਿਆ ਦਿਲੀ ਵਿਖਾਉਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਆਪਣੇ ਵੱਡੇ ਵਡੇਰਿਆਂ ਦੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਦਿੱਤੀਆਂ ਕੁਰਬਾਨੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ।