ਮਹਾਰਾਸ਼ਟਰ , 3 ਮਾਰਚ (ਖ਼ਬਰ ਖਾਸ ਬਿਊਰੋ) ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਪਾਲਤੂ ਕੁੱਤੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਔਰਤ ਵਲੋਂ ਗੁਆਂਢੀਆਂ ’ਤੇ ਜਾਤੀਵਾਦੀ ਟਿੱਪਣੀ ਕਰਨ ਅਤੇ ਉਨ੍ਹਾਂ ਦੇ ਤਿੰਨ ਨਾਬਾਲਗ਼ ਬੱਚਿਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੁਕਰਵਾਰ ਨੂੰ ਸ਼ਾਹਪੁਰ ਇਲਾਕੇ ਦੀਆਂ ਕੁਝ ਔਰਤਾਂ ਨੇ ਦੋਸ਼ੀ ਔਰਤ ਨੂੰ ਉਸ ਦੇ ਪਾਲਤੂ ਕੁੱਤੇ ਕਾਰਨ ਹੋ ਰਹੀ ਪਰੇਸ਼ਾਨੀ ਦੀ ਸ਼ਿਕਾਇਤ ਕੀਤੀ ਸੀ।
ਸ਼ਾਹਪੁਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ’ਤੇ ਧਿਆਨ ਦੇਣ ਦੀ ਬਜਾਏ, ਔਰਤ ਨੇ ਕਥਿਤ ਤੌਰ ’ਤੇ ਹਮਲਾਵਰ ਪ੍ਰਤੀਕਿਰਿਆ ਦਿੱਤੀ, ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਜਾਤੀ ਸਬੰਧੀ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਦੋਸ਼ੀ ਔਰਤ ਨੇ ਗੁਆਂਢੀਆਂ ਦੇ ਤਿੰਨ ਬੱਚਿਆਂ ਦੀ ਕੁੱਟਮਾਰ ਕੀਤੀ। ਬੱਚਿਆਂ ਦੀ ਉਮਰ ਤਿੰਨ, ਸੱਤ ਅਤੇ ਅੱਠ ਸਾਲ ਹੈ। ਦੋਸ਼ੀ ਔਰਤ ਨੇ ਦਾਅਵਾ ਕੀਤਾ ਕਿ ਇਨ੍ਹਾਂ ਬੱਚਿਆਂ ਦੇ ਰੌਲੇ-ਰੱਪੇ ਕਾਰਨ ਉਸ ਦੇ ਕੁੱਤੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਗੁਆਂਢੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਦੋਸ਼ੀ ਔਰਤ ਵਿਰੁਧ ਭਾਰਤੀ ਨਿਆਂ ਸੰਹਿਤਾ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਰੋਕੂ) ਐਕਟ ਅਤੇ ਬਾਲ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀ ਨੇ ਕਿਹਾ, ‘‘ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।’’