ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਸੀਐਮ ਭਗਵੰਤ ਮਾਨ ਨੂੰ ਨਸੀਹਤ
ਕਾਂਗਰਸ, ਆਪ ਤੇ ਅਕਾਲੀ ਦਲ ਦੇ ਅਨੇਕਾਂ ਆਗੂਆਂ ਨੇ ਫੜਿਆ ਕਮਲ ਦਾ ਫੁੱਲ
ਚੰਡੀਗੜ੍ਹ 30 ਅਪ੍ਰੈਲ ( ਖ਼ਬਰ ਖਾਸ ਬਿਊਰੋ)
‘ਆਪਣੇ ਆਪ ਨੂੰ ਕਿਸਾਨਾਂ ਦਾ ਵਕੀਲ ਦੱਸਣ ਵਾਲੇ ਸੀਐਮ ਭਗਵੰਤ ਮਾਨ ਉਨ੍ਹਾਂ ਨੂੰ ਸੰਘਰਸ਼ ਦੌਰਾਨ ਅੱਧ ਵਿਚਾਲੇ ਛੱਡ ਤਿਹਾੜ ਜੇਲ੍ਹ ਦੇ ਰੂਟ ਉੱਤੇ ਹਵਾਈ ਗੇੜੀਆਂ ਦੇ ਰਹੇ ਹਨ। ਕੀ ਹੁਣ ਉਨ੍ਹਾਂ ਨੇ ਕਿਸਾਨਾਂ ਦਾ ਵਕਾਲਤਨਾਮਾ ਪਾੜ ਦਿੱਤਾ ਹੈ।’
ਇਹ ਤਿੱਖਾ ਸਿਆਸੀ ਸਵਾਲ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਦੇ ਬੀਜੇਪੀ ਹੈਡਕੁਆਰਟਰ ਚ ਮਾਲਵਾ ਦੇ ਵੱਖ-ਵੱਖ ਸਿਆਸੀ ਆਗੂਆਂ ਦੀ ਭਾਜਪਾ ਚ ਸ਼ਮੂਲੀਅਤ ਮੌਕੇ ਇੱਕ ਪ੍ਰੈਸ ਕਾਨਫਰਸ ਦੌਰਾਨ ਕੀਤਾ।
ਪ੍ਰਧਾਨ ਜਾਖੜ ਨੇ ਕਿਹਾ ਕਿ ਇੱਕ ਪਾਸੇ ਸੂਬੇ ਦੇ ਕਿਸਾਨ ਪਿਛਲੇ 13 ਦਿਨਾਂ ਤੋਂ ਸ਼ੰਭੂ ਦੇ ਰੇਲਵੇ ਟਰੈਕ ਮੱਲ ਕੇ ਬੈਠੇ ਹਨ, ਜਦਕਿ ਦੂਜੇ ਪਾਸੇ ਪੰਜਾਬ ਦੇ ਵਪਾਰੀਆਂ ਦਾ ਦਿੱਲੀ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ, ਸਾਰਾ ਬਿਜ਼ਨਸ ਠੱਪ ਪਿਆ ਹੈ, ਮੁਸਾਫਰ ਅੱਡ ਪਰੇਸ਼ਾਨ ਹਨ, ਪਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਵਾਈ ਰਸਤੇ ਰਾਹੀਂ (ਕਦੇ ਚੌਪਰ ਹੈਲੀਕਾਪਟਰ ਰਾਹੀਂ ਤੇ ਕਦੇ ਜੈਟ ਹਵਾਈ ਜਹਾਜ਼ ਜ਼ਰੀਏ) ਦਿੱਲੀ ਪਹੁੰਚ ਕੇ ਤਿਹਾੜ ਜੇਲ੍ਹ ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤਾਂ ਦੇ ‘ਮਿਲਣੀ ਮੋਹ’ ਚ ਰੁੱਝੇ ਹੋਏ ਹਨ।
ਉਨ੍ਹਾਂ ਕਿਹਾ ਕਿ ਚਾਹੇ ਸੂਬੇ ਵਿੱਚ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ, ਪਰ ਇੱਕ ਸਟੇਟ ਹੈਡ ਹੋਣ ਦੇ ਨਾਤੇ ਸੀਐਮ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਹੱਕ ਮੰਗਦੇ ਕਿਸਾਨਾਂ ਦੀਆਂ ਸਮੱਸਿਆਵਾਂ ਜਾਣ ਕੇ ਹੱਲ ਕਰਨ, ਤਾਂ ਕਿ ਵਪਾਰੀ ਵਰਗ ਤੇ ਮੁਸਾਫਰਾਂ ਨੂੰ ਆ ਰਹੀਆਂ ਦਿੱਕਤਾਂ ਖਤਮ ਹੋ ਸਕਣ।
ਇਸ ਮੌਕੇ ਕਾਂਗਰਸ, ਆਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਭਾਜਪਾ ਦੇ ਕਾਫਲੇ ਨਾਲ ਜੁੜਨ ਉੱਤੇ ਮੁਬਾਰਕਬਾਦ ਦਿੰਦਿਆਂ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ, ਕਿਉਂਕਿ ਇਹ ਦੋਵੇਂ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ।
ਪ੍ਰਧਾਨ ਜਾਖੜ ਨੇ ਕਿਹਾ ਕਿ ਇੱਕ ਪਾਸੇ ਦੇਸ਼ ਪੱਧਰ ਉੱਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਚੋਣ ਗੱਠਜੋੜ ਕਰਕੇ ਲੜ ਰਹੀਆਂ ਹਨ, ਪਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਬੇਵਕੂਫ ਬਣਾਉਣ ਹਿੱਤ ਵੱਖਰੇ ਵੱਖਰੇ ਸਿਆਸੀ ਰਾਗ ਅਲਾਪੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗੁੰਮਰਾਹਕੁੰਨ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ, ਇਸ ਦੀ ਮਿਸਾਲ ਅੱਜ ਦੇ ਇਸ ਸਮਾਗਮ ਚ ਤਲਵੰਡੀ ਸਾਬੋ ਤੋਂ ਲੈ ਕੇ ਜਗਰਾਓਂ ਤੱਕ ਅਤੇ ਜਗਰਾਓਂ ਤੋਂ ਲੈ ਕੇ ਸ਼ਾਹਕੋਟ ਤੱਕ ਦੇ ਆਗੂਆਂ ਦੀ ਭਾਜਪਾ ਚ ਸ਼ਮੂਲੀਅਤ ਤੋਂ ਮਿਲਦੀ ਹੈ। ਉਨ੍ਹਾਂ ਮੋਹਾਲੀ ਤੇ ਚੰਡੀਗੜ੍ਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇਲਾਕੇ ਤਾਂ ਹੁਣ ਪੂਰੀ ਤਰ੍ਹਾਂ ਭਾਜਪਾਈ ਹੋ ਚੁੱਕੇ ਹਨ।
ਇਸ ਤੋਂ ਪਹਿਲਾਂ ਭਾਜਪਾ ਸੂਬਾ ਮੀਡੀਆ ਸੈਲ ਦੇ ਮੁਖੀ ਵਿਨਿਤ ਜੋਸ਼ੀ ਨੇ ਸਿਲਸਿਲੇਵਾਰ ਵੱਖ-ਵੱਖ ਆਗੂਆਂ ਨੂੰ ਭਾਜਪਾ ਚ ਸ਼ਮੂਲੀਅਤ ਦੀ ਜਾਣਕਾਰੀ ਦਿੱਤੀ।
ਇਸੇ ਦੌਰਾਨ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਆਗੂਆਂ ਨੇ ਪਾਰਟੀ ਚ ਸ਼ਾਮਲ ਹੋਣ ਆਗੂਆਂ ਦਾ ਕਮਲ ਦੇ ਫੁੱਲ ਦੇ ਚੋਣ ਨਿਸ਼ਾਨ ਵਾਲੇ ਪਟਕਿਆਂ ਨਾਲ ਸਵਾਗਤ ਕਰਵਾ ਦੇ ਚੋਣ ਨਿਸ਼ਾਨ ਵਾਲੇ ਪਟਕਿਆਂ ਨਾਲ ਸਵਾਗਤ ਕੀਤਾ।
ਇਸ ਮੌਕੇ ਭਾਜਪਾ ਚ ਸ਼ਾਮਲ ਹੋਣ ਵਾਲੇ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਆਏ ਆਗੂਆਂ ਨਾਲ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਸੂਬਾ ਮੀਡੀਆ ਸੈਲ ਦੇ ਮੁਖੀ ਵਿਨਿਤ ਜੋਸ਼ੀ ਦੀ ਯਾਦਗਾਰੀ ਤਸਵੀਰ ਖਿੱਚੇ ਜਾਣ ਦੌਰਾਨ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ ਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨੇ ਮਾਹੌਲ ਨੂੰ ਭਗਵੇਂ ਰੰਗ ਚ ਰੰਗ ਦਿੱਤਾ।