ਚੰਡੀਗੜ 29 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਸਿੱਖ ਸੰਗਤ ਤੋਂ ਮਾਫੀ ਮੰਗੀ ਹੈ।
ਸ਼੍ਰੀਮਤੀ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਿੱਖ ਸੰਗਤ ਤੋਂ ਮਾਫੀ ਮੰਗਦੇ ਹੋਏ ਕਿਹਾ ਕਿ ਉਨਾਂ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਫਿਰ ਵੀ ਜਾਣੇ ਅਣਜਾਣੇ ਵਿੱਚ ਕਈ ਵਾਰ ਕੁਝ ਭੁੱਲ, ਗਲਤੀ ਹੋ ਜਾਂਦੀ ਹੈ ਇਸ ਲਈ ਉਹ ਬਿਨਾਂ ਸ਼ਰਤ ਸੰਗਤ ਤੋਂ ਮਾਫੀ ਮੰਗਦੀ ਹੈ ਅਤੇ ਸੰਗਤ ਬਖਸ਼ਣਯੋਗ ਹੈ।
ਵਰਣਨਯੋਗ ਹੈ ਕਿ ਬੀਤੇ ਦਿਨੀ ਬਠਿੰਡਾ ਦੇ ਇਕ ਪ੍ਰੋਗਰਾਮ ਵਿੱਚ ਅੰਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਹੱਥ ਪੰਜੇ ਦੀ ਤੁਲਨਾ ਬਾਬੇ ਨਾਨਕ ਦੇ ਪੰਜੇ ਨਾਲ ਕੀਤੀ ਸੀ ਜਿਸ ਨੂੰ ਲੈ ਕੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ ।